ਗੋਪੀ ਚੋਹਲਾ ਕਤਲ ਕਾਂਡ ’ਚ ਵੱਡੀ ਖ਼ਬਰ, ਜੇਲ੍ਹ ਵਿਚ ਬੰਦ ਜਗਦੀਪ ਸਿੰਘ ਜੱਗੂ ਸਮੇਤ 5 ਖ਼ਿਲਾਫ਼ ਪਰਚਾ ਦਰਜ

Sunday, Mar 03, 2024 - 06:44 PM (IST)

ਗੋਪੀ ਚੋਹਲਾ ਕਤਲ ਕਾਂਡ ’ਚ ਵੱਡੀ ਖ਼ਬਰ, ਜੇਲ੍ਹ ਵਿਚ ਬੰਦ ਜਗਦੀਪ ਸਿੰਘ ਜੱਗੂ ਸਮੇਤ 5 ਖ਼ਿਲਾਫ਼ ਪਰਚਾ ਦਰਜ

ਤਰਨਤਾਰਨ (ਰਮਨ ਚਾਵਲਾ)- ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਗੋਪੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਪੋਸਟਮਾਟਮ ਸ਼ਨੀਵਾਰ ਸਵੇਰੇ ਸਿਵਲ ਹਸਪਤਾਲ ਤਰਨਤਰਨ ਵਿਖੇ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵੱਲੋਂ ਕਰਨ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ, ਜਿਸ ਦਾ ਅੰਤਿਮ ਸਸਕਾਰ ਪੂਰੇ ਰੀਤ ਰਿਵਾਜ਼ ਅਨੁਸਾਰ ਨਮ ਅੱਖਾਂ ਨਾਲ ਕਰ ਦਿੱਤਾ ਗਿਆ। ਉਧਰ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਮ੍ਰਿਤਕ ਦੀ ਮਾਤਾ ਸੁਖਵਿੰਦਰ ਕੌਰ ਦੇ ਬਿਆਨਾਂ ਹੇਠ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਕੁੱਲ ਪੰਜ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਕਤਲ ਮਾਮਲੇ ’ਚ ਨਾਮਜ਼ਦ ਕੀਤਾ ਇਕ ਮੁਲਜ਼ਮ ਪਹਿਲਾਂ ਤੋਂ ਹੀ ਜੇਲ੍ਹ ਵਿਚ ਅਪਰਾਧਕ ਮਾਮਲੇ ਤਹਿਤ ਬੰਦ ਹੈ, ਜਿਸ ਨੂੰ ਪੁਲਸ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮਾਂ ਵੱਲੋਂ ਹਮਲੇ ਦੌਰਾਨ ਵਰਤੀ ਗਈ ਸਵਿਫਟ ਕਾਰ ਦੀ ਸੀ. ਸੀ. ਟੀ. ਵੀ. ਸਾਹਮਣੇ ਆਈ ਹੈ, ਜਿਸ ਦੀ ਪੁਲਸ ਵੱਲੋਂ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ’ਚ ਸ਼ਿਫਟ ਕਰਨ ਤੋਂ ਪੰਜਾਬ ਸਰਕਾਰ ਨੇ ਕੀਤੀ ਨਾਂਹ

ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸੇਵਾ ਸਿੰਘ ਵਾਸੀ ਕਸਬਾ ਚੋਹਲਾ ਸਾਹਿਬ ਦਾ ਰੇਲਵੇ ਫਾਟਕ ਨਜ਼ਦੀਕ ਗੋਲੀਆਂ ਮਾਰਦੇ ਹੋਏ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਲਾਸ਼ ਦਾ ਪੋਸਟਮਾਰਟਮ ਸ਼ਨੀਵਾਰ ਸਵੇਰੇ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵੱਲੋਂ ਕਰਨ ਉਪਰੰਤ ਲਾਸ਼ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ, ਜਿਸ ਉਪਰੰਤ ਅੰਤਿਮ ਸਸਕਾਰ ਕਸਬਾ ਚੋਹਲਾ ਸਾਹਿਬ ਵਿਖੇ ਪੂਰੇ ਰੀਤ ਰਿਵਾਜ ਅਤੇ ਨਮ ਅੱਖਾਂ ਵਿਚ ਕਰ ਦਿੱਤਾ ਗਿਆ। ਇਸ ਦੌਰਾਨ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਵੱਖ-ਵੱਖ ਆਮ ਆਦਮੀ ਪਾਰਟੀ ਦੇ ਵਰਕਰ ਤੋਂ ਇਲਾਵਾ ਹੋਰ ਸਿਆਸੀ ਪਾਰਟੀਆਂ ਦੇ ਆਗੂ ਮੌਜੂਦ ਸਨ।

ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਗੋਪੀ ਦੀ ਮਾਤਾ ਸੁਖਵਿੰਦਰ ਕੌਰ ਦੇ ਬਿਆਨਾਂ ਹੇਠ ਜਗਦੀਪ ਸਿੰਘ ਉਰਫ ਜੱਗੂ ਪੁੱਤਰ ਗੁਰਸ਼ਰਨ ਸਿੰਘ ਨਿਵਾਸੀ ਪਿੰਡ ਰਾਣੀ ਵਲਾਹ ਅਤੇ ਸਤਨਾਮ ਸਿੰਘ ਉਰਫ ਸੋਹਣ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਚੋਹਲਾ ਸਾਹਿਬ ਤੋਂ ਇਲਾਵਾ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 302 382 506 34 120ਬੀ, 25, 27 ਅਸਲਾ ਐਕਟ ਤਹਿਤ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਦੱਸਣਾ ਹੋਵੇਗਾ ਕਿ ਜਗਦੀਪ ਸਿੰਘ ਉਰਫ ਜੱਗੂ ਪਹਿਲਾਂ ਹੀ ਅਪਰਾਧਿਕ ਮਾਮਲੇ ਤਹਿਤ ਜੇਲ੍ਹ ਵਿਚ ਬੰਦ ਹੈ, ਜਿਸ ਨੂੰ ਪੁਲਸ ਵੱਲੋਂ ਜਲਦ ਤੋਂ ਜਲਦ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ

ਪੁਲਸ ਨੂੰ ਦਿੱਤੇ ਬਿਆਨਾਂ ਤਹਿਤ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ ਗੁਰਪ੍ਰੀਤ ਸਿੰਘ ਗੋਪੀ ਤੋਂ ਇਲਾਵਾ ਦੋਸਤ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਸੁਲੱਖਣ ਸਿੰਘ, ਮਨਦੀਪ ਸਿੰਘ ਪੁੱਤਰ ਹਰਪਾਲ ਸਿੰਘ, ਮਲਕੀਤ ਸਿੰਘ ਪੁੱਤਰ ਜਗਤਾਰ ਸਿੰਘ ਸਾਰੇ ਵਾਸੀਆਨ ਕਸਬਾ ਚੋਹਲਾ ਸਾਹਿਬ ਖਿਲਾਫ ਥਾਣਾ ਚੋਹਲਾ ਸਾਹਿਬ ਵਿਖੇ ਸਿਮਰਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਰਾਣੀ ਵਲਾਹ ਜੋ ਜੇਲ੍ਹ ਵਿਚ ਬੰਦ ਜਗਦੀਪ ਸਿੰਘ ਜੱਗੂ ਦੇ ਚਚੇਰਾ ਭਰਾ ਹੈ ਵੱਲੋਂ ਦਰਜ ਕਰਵਾਇਆ ਗਿਆ ਸੀ। ਇਸ ਮਾਮਲੇ ਤੋਂ ਬਾਅਦ ਗੁਰਪ੍ਰੀਤ ਸਿੰਘ ਗੋਪੀ ਨੇ ਸੀਨੀਅਰ ਅਫਸਰਾਂ ਪਾਸੋਂ ਕਰਵਾਈ ਗਈ ਜਾਂਚ ਤੋਂ ਬਾਅਦ ਆਪਣਾ ਨਾਮ ਪਰਚੇ ਵਿੱਚੋਂ ਬਾਹਰ ਕਢਵਾ ਲਿਆ। ਇਸ ਕਾਰਵਾਈ ਤੋਂ ਬਾਅਦ ਜਗਦੀਪ ਸਿੰਘ ਉਰਫ ਜੱਗੂ ਗੁਰਪ੍ਰੀਤ ਸਿੰਘ ਗੋਪੀ ਨੂੰ ਅਕਸਰ ਧਮਕੀਆਂ ਦਿੰਦਾ ਸੀ ਤੂੰ ਮੁਕੱਦਮੇ ਵਿੱਚੋਂ ਆਪਣਾ ਨਾਮ ਤਾਂ ਕਢਵਾ ਲਿਆ ਹੈ ਪਰ ਤੈਨੂੰ ਦੁਬਾਰਾ ਇਸ ਮਾਮਲੇ ਵਿਚ ਨਾਮਜ਼ਦ ਕਰਵਾਵਾਂਗਾ ਜਾਂ ਫਿਰ ਤੈਨੂੰ ਗੋਲੀ ਮਰਵਾਵਾਂਗਾ। ਮਾਤਾ ਸੁਖਵਿੰਦਰ ਕੌਰ ਨੇ ਪੁਲਸ ਨੂੰ ਬਿਆਨਾਂ ਵਿਚ ਦੱਸਿਆ ਕਿ ਬੀਤੇ ਕੱਲ ਗੁਰਪ੍ਰੀਤ ਸਿੰਘ ਗੋਪੀ ਆਪਣੇ ਭਰਾ ਨਿਸ਼ਾਨ ਸਿੰਘ ਦਾ ਲਾਇਸੈਂਸੀ ਰਿਵਾਲਵਰ ਨਾਲ ਲੈ ਕੇ ਪੇਸ਼ੀ ਲਈ ਘਰੋਂ ਨਿਕਲਿਆ ਸੀ। ਜਿਸ ਨੂੰ ਮਾਰਨ ਤੋਂ ਬਾਅਦ ਉਸ ਦਾ ਰਿਵਾਲਵਰ ਵੀ ਮੁਲਜ਼ਮ ਨਾਲ ਲੈ ਗਏ।

ਇਹ ਵੀ ਪੜ੍ਹੋ : ਲੱਖਾਂ ਰੁਪਏ ਖ਼ਰਚ ਕਰ ਵਿਦੇਸ਼ ਭੇਜੀ ਨੂੰਹ ਨੇ ਕੀਤੀ ਅਜਿਹੀ ਕਰਤੂਤ, ਮੁੰਡਾ ਹੋਇਆ ਮਾਨਸਿਕ ਰੋਗੀ

ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਵੱਲੋਂ ਵਰਤੀ ਗਈ ਸਵਿਫਟ ਕਾਰ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ। ਇਸ ਕਾਰ ਦੀ ਭਾਲ ਕਰਦੇ ਹੋਏ ਪੁਲਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ, ਜੋ ਦੂਸਰੇ ਜ਼ਿਲ੍ਹਿਆਂ ਅਤੇ ਰਾਜਾਂ ਵਿਚ ਛਾਪੇਮਾਰੀ ਕਰਨ ਵਿਚ ਲੱਗੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ਵਿਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚ ਬੰਦ ਮੁਲਜ਼ਮ ਜਗਦੀਪ ਸਿੰਘ ਜੱਗੂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News