ਬੱਚੀ ਨੂੰ ਗਰਮ ਸਰੀਏ ਨਾਲ ਸਾੜਨ ਦਾ ਮਾਮਲਾ : ਬੱਚੀ ਬਰਾਮਦ ਕਰਕੇ ਪੁਲਸ ਨੇ ਮਤਰੇਈ ਮਾਂ ਖ਼ਿਲਾਫ਼ ਦਰਜ ਕੀਤਾ ਕੇਸ

Tuesday, May 23, 2023 - 01:53 PM (IST)

ਫਿਲੌਰ (ਭਾਖੜੀ) : ਮਤਰੇਈ ਮਾਂ ਵਲੋਂ ਛੋਟੀ ਜਿਹੀ ਗਲਤੀ ਹੋਣ ’ਤੇ ਗੋਦ ਲਈ ਬੱਚੀ ਦੇ ਸਰੀਰ ਨੂੰ ਲੋਹੇ ਦੇ ਗਰਮ ਸਰੀਏ ਨਾਲ ਸਾੜਨ ਦੇ ਮਾਮਲੇ ਬਾਰੇ ‘ਜਗਬਾਣੀ’ ’ਚ ਖ਼ਬਰ ਛਪਣ ਤੋਂ ਬਾਅਦ ਪੁਲਸ ਹਰਕਤ ’ਚ ਆ ਗਈ ਸੀ। ਪੁਲਸ ਨੇ ਕੁੜੀ ਨੂੰ ਘਰੋਂ ਸੁਰੱਖਿਅਤ ਬਰਾਮਦ ਕਰ ਕੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਅਤੇ ਚਾਈਲਡ ਵੈੱਲਫੇਅਰ ਕਮੇਟੀ ਦੇ ਸਪੁਰਦ ਕੀਤਾ। ਇਸ ਦੇ ਨਾਲ ਹੀ ਮੁਲਜ਼ਮ ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਸ ਰਾਜਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਪਿੰਡ ਛੋਟੀ ਪਾਲਾਂ ਦੇ ਘਰ ਪੁੱਜ ਕੇ ਕੁੜੀ ਨੂੰ ਉੱਥੋਂ ਸੁਰੱਖਿਅਤ ਆਪਣੇ ਨਾਲ ਲੈ ਗਈ ਅਤੇ ਉਸ ਨੂੰ ਅਦਾਲਤ ’ਚ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰ ਕੇ ਉਸ ਦੇ ਬਿਆਨ ਦਰਜ ਕਰਵਾਏ। ਅਦਾਲਤ ਨੇ ਕੁੜੀ ਨੂੰ ਚਾਈਲਡ ਵੈੱਲਫੇਅਰ ਕਮੇਟੀ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ। ਇੰਸ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਮਾਂ ਦੇ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਜਿਸ ਤੋਂ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਗੋਦ ਲਈ ਮਾਸੂਮ ਕੁੜੀ ਨਾਲ ਅਜਿਹਾ ਵਰਤਾਓ ਕਿਉਂ ਅਤੇ ਕਿਵੇਂ ਕਰਦੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਦੇ ਮਾਰੇ ਲੋਕਾਂ ਨੂੰ ਮਿਲੇਗੀ ਰਾਹਤ, ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ
ਆਪਣੇ ਬੱਚਿਆਂ ਦੀ ਦੇਖ-ਭਾਲ ਤੇ ਘਰ ਦੇ ਸਾਰੇ ਕੰਮ ਕਰਵਾਉਣ ਦੀ ਨੀਅਤ ਨਾਲ ਲਿਆ ਸੀ ਬੱਚੀ ਨੂੰ ਗੋਦ
ਹੁਣ ਤੱਕ ਦੀ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਮਤਰੇਈ ਮਾਂ ਰਾਜਵਿੰਦਰ ਕੌਰ ਨੇ ਇਸ ਕੁੜੀ ਨੂੰ ਤਰਸ ਦੇ ਆਧਾਰ ’ਤੇ ਨਹੀਂ, ਸਗੋਂ ਆਪਣੇ ਗੰਦੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਆਪਣੀ ਹੀ ਇਕ ਰਿਸ਼ਤੇਦਾਰ ਲਖਵਿੰਦਰ ਕੌਰ ਪਤਨੀ ਕਸ਼ਮੀਰ ਤੋਂ ਗੋਦ ਲਿਆ ਸੀ। ਲਖਵਿੰਦਰ ਕੌਰ ਨੇ ਇਸ ਕੁੜੀ ਨੂੰ ਉਸ ਦੀ ਅਸਲੀ ਮਾਤਾ ਰਾਜਵਿੰਦਰ ਕੌਰ ਪਤਨੀ ਬੂਟਾ ਸਿੰਘ ਵਾਸੀ ਪਿੰਡ ਮੱਖਣਵਿੰਡੀ, ਅੰਮ੍ਰਿਤਸਰ ਤੋਂ ਗੋਦ ਲਿਆ ਸੀ। ਮਤਰੇਈ ਮਾਂ ਰਾਜਵਿੰਦਰ ਕੌਰ ਦੇ 2 ਬੱਚੇ, 5 ਸਾਲ ਦਾ ਪੁੱਤਰ ਅਤੇ 7 ਸਾਲ ਦੀ ਧੀ ਹੈ, ਜੋ ਨਾ ਤਾਂ ਸਕੂਲ ਜਾਂਦੇ ਸਨ ਅਤੇ ਨਾ ਹੀ ਘਰ ਵਿਚ ਪੜ੍ਹਦੇ ਸਨ। ਉਸ ਨੇ ਆਪਣੀ ਰਿਸ਼ਤੇਦਾਰ ਲਖਵਿੰਦਰ ਕੌਰ ਤੋਂ ਕੁੜੀ ਨੂੰ ਇਹ ਕਹਿ ਕੇ ਗੋਦ ਲੈ ਲਿਆ ਕਿ ਉਹ ਉਸ ਦੀ ਧੀ ਤੋਂ 3 ਸਾਲ ਵੱਡੀ ਹੈ। ਇਸ ਨੂੰ ਸਕੂਲ ਜਾਂਦੀ ਦੇਖ ਕੇ ਉਹ ਵੀ ਇਸ ਦੇ ਨਾਲ ਸਕੂਲ ਚਲੇ ਜਾਇਆ ਕਰਨਗੇ। ਜਦੋਂ ਉਸ ਦੇ ਬੱਚੇ ਸਕੂਲ ਜਾਣ ਲੱਗ ਗਏ ਤਾਂ ਰਾਜਵਿੰਦਰ ਕੌਰ ਨੇ ਉਸ ਤੋਂ ਘਰ ਦਾ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ। ਕੁੜੀ ਤੋਂ ਕੰਮ ਕਰਦੇ ਸਮੇਂ ਕੋਈ ਗਲਤੀ ਹੋ ਜਾਂਦੀ ਤਾਂ ਉਹ ਉਸ ਨੂੰ ਬੁਰੀ ਤਰ੍ਹਾਂ ਕੁੱਟਦੀ। ਕੁੱਝ ਸਮੇਂ ਬਾਅਦ ਉਸ ਨੇ ਕੁੱਟਮਾਰ ਦਾ ਸਿਲਸਿਲਾ ਬੰਦ ਕਰ ਕੇ ਚੁੱਲ੍ਹੇ ’ਤੇ ਲੋਹੇ ਦਾ ਸਰੀਆ ਗਰਮ ਕਰ ਕੇ ਉਸ ਦੇ ਜਿਸਮ ’ਤੇ ਲਗਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : CM ਮਾਨ ਨੇ ਪੰਜਾਬ ਪੁਲਸ ਨੂੰ ਦਿੱਤੀ ਵੱਡੀ ਸੌਗਾਤ, ਚਰਨਜੀਤ ਚੰਨੀ ਨੂੰ ਵੀ ਦਿੱਤਾ ਜਵਾਬ
ਸਾਈਂ ਜੀ ਟਰੱਸਟ ਬੱਚੀ ਦੀ ਪੜ੍ਹਾਈ ਤੇ ਦੇਖ-ਭਾਲ ਦਾ ਪੂਰਾ ਖ਼ਰਚ ਚੁੱਕਣ ਲਈ ਤਿਆਰ
ਬੇਹਾਰਿਆਂ ਦੇ ਸਹਾਰਾ ਸਾਈਂ ਜੀ ਟਰੱਸਟ ਦੇ ਮੁਖੀ ਗਗਨ ਢੰਡ ਨੇ ਸਕੂਲੀ ਅਧਿਆਪਕਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਜਿਹੀ ਅਧਿਆਪਿਕਾ ਨੂੰ ਉਨ੍ਹਾਂ ਦਾ ਟਰੱਸਟ ਦਿਲੋਂ ਸਲੂਟ ਕਰਦਾ ਹੈ, ਜਿਸ ਦੀ ਬਦੌਲਤ ਮਤਰੇਈ ਮਾਂ ਦੇ ਕਾਰਨਾਮੇ ਦੁਨੀਆ ਦੇ ਸਾਹਮਣੇ ਆਏ ਅਤੇ ਇਕ ਮਾਸੂਮ ਕੁੜੀ ਨੂੰ ਇਨਸਾਫ਼ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟਰੱਸਟ ਕੁੜੀ ਦੀ ਚੰਗੀ ਪੜ੍ਹਾਈ ਤੋਂ ਲੈ ਕੇ ਉਸ ਦੀ ਦੇਖ-ਭਾਲ ਦਾ ਪੂਰਾ ਖ਼ਰਚ ਚੁੱਕੇਗੀ ਅਤੇ ਹਰ ਮਹੀਨੇ ਉਨ੍ਹਾਂ ਦੇ ਟਰੱਸਟ ਦੇ ਲੋਕ ਉੱਥੇ ਪੁੱਜ ਕੇ ਉਸ ਨੂੰ ਹੋਰ ਵੀ ਕਿਸੇ ਤਰ੍ਹਾਂ ਦੀ ਲੋੜ ਹੋਵੇਗੀ ਤਾਂ ਉਹ ਵੀ ਪੂਰੀ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News