ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਖ਼ਿਲਾਫ਼ FIR ਦਰਜ, ਜਾਣੋ ਪੂਰਾ ਮਾਮਲਾ

Friday, May 12, 2023 - 11:09 AM (IST)

ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਖ਼ਿਲਾਫ਼ FIR ਦਰਜ, ਜਾਣੋ ਪੂਰਾ ਮਾਮਲਾ

ਸ਼ਾਹਕੋਟ (ਜਸਪ੍ਰੀਤ, ਅਰਸ਼ਦੀਪ, ਤ੍ਰੇਹਨ) : ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਦੌਰਾਨ ਪਿੰਡ ਰੂਪੇਵਾਲ ਵਿਖੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਸ਼ਾਹਕੋਟ ਹਲਕੇ ਦੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ 13 ਵਿਅਕਤੀਆਂ ਖ਼ਿਲਾਫ ਸ਼ਾਹਕੋਟ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਡਰਾਈਵਰ ਗਗਨਦੀਪ ਅਰੋੜਾ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਗਗਨਦੀਪ ਅਰੋੜਾ ਵਾਸੀ ਮੁਹੱਲਾ ਸ਼ੇਖੂਪੁਰ ਜ਼ਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਵਿਧਾਇਕ ਦਲਬੀਰ ਸਿੰਘ ਟੌਂਗ ਦਾ ਡਰਾਈਵਰ ਹੈ।

ਇਹ ਵੀ ਪੜ੍ਹੋ : ਜ਼ਿਮਨੀ ਚੋਣ ਤੋਂ ਫਰੀ ਹੁੰਦੇ ਹੀ ਥਕਾਵਟ ਦੇ ਬਾਵਜੂਦ ਦਫ਼ਤਰਾਂ 'ਚ ਹਾਜ਼ਰ ਹੋਏ ਮੰਤਰੀ

10 ਮਈ ਨੂੰ ਜਦੋਂ ਵਿਧਾਇਕ ਟੌਂਗ ਤੇ ਉਨ੍ਹਾਂ ਦਾ ਸਰਕਾਰੀ ਅਮਲਾ ਜੋ ਜਿਪਸੀ 'ਚ ਸੀ, ਨਾਲ ਬਾਬਾ ਬਕਾਲਾ ਤੋਂ ਵਾਇਆ ਜਲੰਧਰ, ਨਕੋਦਰ ਤੋਂ ਸੁਲਤਾਨਪੁਰ ਲੋਧੀ ਜਾ ਰਹੇ ਸਨ। ਮਲਸੀਆਂ ਵਿਖੇ ਜਾਮ ਲੱਗਾ ਹੋਣ ਕਾਰਨ ਗੱਡੀਆਂ ਪਿੰਡਾਂ ਵੱਲ ਪਾ ਲਈਆਂ। ਜਦੋਂ ਪਿੰਡ ਰੂਪੇਵਾਲ 'ਚੋਂ ਲੰਘਣ ਲੱਗੇ ਤਾਂ ਉਸ ਸਮੇਂ 11:15 ਵਜੇ ਦੇ ਕਰੀਬ ਪਿੰਡ ਵਿਚੋਂ ਕਾਫੀ ਕਾਂਗਰਸੀ ਵਰਕਰਾਂ, ਜਿਨ੍ਹਾਂ ਦੀ ਅਗਵਾਈ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਕਰ ਰਹੇ ਸਨ, ਨੇ ਗੱਡੀਆਂ ਤੇ ਟਰੈਕਟਰ ਅੱਗੇ ਲਾ ਕੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਗੱਡੀ ਨੂੰ ਰੋਕ ਲਿਆ। ਗਗਨਦੀਪ ਅਰੋੜਾ ਨੇ ਦੱਸਿਆ ਕਿ ਉਸਦੀ ਜਿਪਸੀ ਦੀ ਚਾਬੀ ਵੀ ਖਿੱਚ ਲਈ ਤੇ ਜਦੋਂ ਮੁਲਾਜ਼ਮਾਂ ਨੇ ਕਾਂਗਰਸੀ ਵਰਕਰਾਂ ਨੂੰ ਅਜਿਹਾ ਕਰਨ ਤੋ ਰੋਕਿਆ ਤਾਂ ਉਹ ਮੁਲਾਜ਼ਮਾਂ ਨਾਲ ਲੜ੍ਹਨ ਲੱਗ ਪਏ ਤੇ ਸਰਕਾਰੀ ਡਿਊਟੀ ਕਰਨ ਤੋਂ ਰੋਕਿਆ।

ਇਹ ਵੀ ਪੜ੍ਹੋ : ਸਕੂਲ ਆਫ ਐਮੀਨੈਂਸ : 9ਵੀਂ ਕਲਾਸ ਲਈ ਸਕੂਲ ’ਚ ਬਣੇਗਾ ਸਿਰਫ ਇਕ ਸੈਕਸ਼ਨ, 36 ਤੋਂ ਵੱਧ ਨਹੀਂ ਹੋਣਗੇ ਵਿਦਿਆਰਥੀ

ਉਸ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਕਹਿਣ ‘ਤੇ ਇਕ ਸਲਾਹ ਹੋ ਕੇ ਕਾਫੀ ਦੇਰ ਰੋਕੀ ਰੱਖਿਆ ਤੇ ਸਰਕਾਰੀ ਡਿਊਟੀ 'ਚ ਵਿਘਨ ਪਾਇਆ। ਸ਼ਾਹਕੋਟ ਪੁਲਸ ਨੇ ਗਗਨਦੀਪ ਅਰੋੜਾ ਦੇ ਬਿਆਨ ‘ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਰੂਪ ਸਿੰਘ, ਹਰਦੀਪ ਸਿੰਘ, ਲਖਵੀਰ ਸਿੰਘ ਉਰਫ਼ ਲੱਖਾ, ਅਕਾਸ਼ਪ੍ਰੀਤ ਸਿੰਘ, ਇਕਬਾਲ ਸਿੰਘ, ਬਲਵੀਰ ਸਿੰਘ, ਬਲਰਾਜ ਸਿੰਘ ਜੰਮੂ, ਹਰਜਿੰਦਰ ਸਿੰਘ ਡੀ. ਸੀ. ਸਰਪੰਚ, ਚੈਂਚਲ ਸਿੰਘ, ਸੁਖਦੀਪ ਸਿੰਘ ਸੋਨੂੰ, ਸੁਰਿੰਦਰ ਸਿੰਘ ਅਤੇ ਅਸ਼ਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News