ਕਾਰ ’ਚ ਸਵਾਰ 3 ਦੋਸਤਾਂ ’ਤੇ ਹਮਲਾ ਕਰਨ ਦੇ ਦੋਸ਼ ’ਚ 8 ਲੋਕਾਂ ਖ਼ਿਲਾਫ਼ ਕੇਸ ਦਰਜ
Thursday, Jan 04, 2024 - 03:27 PM (IST)
ਲੁਧਿਆਣਾ (ਗੌਤਮ) : ਥਾਣਾ ਸ਼ਿਮਲਾਪੁਰੀ ਦੇ ਇੱਟਾਂ ਵਾਲਾ ਚੌਂਕ ਨੇੜੇ ਕਾਰ ਸਵਾਰ 3 ਦੋਸਤਾਂ ’ਤੇ ਹਮਲਾ ਕਰਨ ਦੇ ਦੋਸ਼ ’ਚ ਪੁਲਸ ਨੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਹਮਲੇ ਦੌਰਾਨ ਜ਼ਖ਼ਮੀ ਹੋਏ ਵਪਾਰੀ ਰੋਹਿਤ ਗਰਗ ਦੇ ਬਿਆਨਾਂ ਦੇ ਆਧਾਰ ’ਤੇ ਹਮਲਾਵਰਾਂ ਖ਼ਿਲਾਫ਼ ਲੁੱਟ-ਖੋਹ, ਭੰਨ-ਤੋੜ, ਕੁੱਟ-ਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਹੈ।
ਮੁਲਜ਼ਮ ਹਾਲੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਈ ਸੀ। ਪੁਲਸ ਨੂੰ ਦਿੱਤੇ ਬਿਆਨਾਂ ’ਚ ਰੋਹਿਤ ਗਰਗ ਨੇ ਦੱਸਿਆ ਸੀ ਕਿ ਉਹ ਆਪਣੇ ਦੋਸਤਾਂ ਅਜੇ ਕੁਮਾਰ ਜਿੰਦਲ ਅਤੇ ਗਗਨ ਨਾਲ ਖਾਣਾ ਖਾਣ ਜਾ ਰਿਹਾ ਸੀ ਤਾਂ ਇੱਟਾਂ ਵਾਲਾ ਚੌਂਕ ਨੇੜੇ ਮੋਟਰਸਾਈਕਲ ਅਤੇ ਐਕਟਿਵਾ ’ਤੇ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਜਦੋਂ ਵਿਰੋਧ ਕੀਤਾ ਤਾਂ ਹਮਲਾ ਕਰ ਦਿੱਤਾ ਅਤੇ ਇੱਟਾਂ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਹਮਲਾਵਰਾਂ ਨੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਗਏ। ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।