ਜਾਣੋ, ਪੰਜਾਬ ਬਦਲਣ ਦਾ ਦਾਅਵਾ ਕਰਨ ਵਾਲੇ ਨਵਜੋਤ ਸਿੱਧੂ ਦਾ ਕੀ ਹੈ ''ਪੰਜਾਬ ਮਾਡਲ''
Thursday, Dec 30, 2021 - 06:09 PM (IST)
ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜਕਲ੍ਹ ਪੰਜਾਬ ਮਾਡਲ ਨੂੰ ਲੈ ਕੇ ਕਾਫ਼ੀ ਸਰਗਰਮ ਨਜ਼ਰ ਆ ਰਹੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਹਨ੍ਹੇਰਾ ਸੌ ਵਰ੍ਹਿਆਂ ਦਾ ਕਿਉਂ ਨਾ ਹੋਵੇ ਪਰ ਜੇ ਇੱਕ ਦੀਵਾ ਬਾਲ ਦੇਵੋ ਤਾਂ ਉਹ ਸਾਰਾ ਹਨ੍ਹੇਰਾ ਖਾ ਜਾਂਦਾ ਹੈ। ਅੱਜ ਇੱਕ ਵੀ ਰਾਜਨੇਤਾ ਅਜਿਹਾ ਨਹੀਂ ਹੈ ਜਿਸਨੇ ਖੇਤੀ ਲਈ ਰੋਡ ਮੈਪ ਦਿੱਤਾ ਹੋਵੇ, ਫਿਰ ਉਹਦੇ 'ਤੇ ਪਹਿਰਾ ਦਿੱਤਾ ਹੋਵੇ, ਤੇ ਕਹਿੰਦਾ ਹੋਵੇ ਕਿ ਜੇ ਕੋਈ ਇਸ ਰੋਡ ਮੈਪ ਤੋਂ ਬਿਹਤਰ ਹੈ ਤਾਂ ਮੈਂ ਉਸਦੇ ਮਗਰ ਲੱਗਾਂਗਾ। ਉਨ੍ਹਾਂ ਮੁਤਾਬਕ ਬੇਸ਼ੱਕ ਕਿਸਾਨ ਮੋਰਚੇ ਨੇ ਬੜੀ ਮੁਸੀਬਤ ਝੱਲੀ ਹੈ ਤੇ ਜੰਗ ਵੀ ਜਿੱਤੀ ਹੈ ਪਰ ਇਸਦੇ ਬਾਵਜੂਦ ਸਾਡੇ ਮਸਲੇ ਅਧੂਰੇ ਹਨ। ਸਿੱਧੂ ਨੇ ਸਵਾਲ ਕੀਤੇ ਕਿ ਕੀ ਅੱਜ ਕਿਸਾਨੀ ਨੂੰ ਬਣਦੀ ਲਾਗਤ ਮਿਲਣ ਲੱਗ ਪਈ ਹੈ ?,ਪਿਛਲੇ 25 ਸਾਲਾਂ 'ਚ ਦੋ ਵੱਡੇ ਪਰਿਵਾਰਾਂ ਨੇ ਰਾਜ ਕੀਤਾ ਹੈ ਕੀ ਕੋਈ ਖੇਤੀ ਪਾਲਿਸੀ ਆਈ ? ਕੀ ਹੱਕ ਕਮੇਟੀ ਅੱਜ ਕੈਦ ਖਾਨਿਆਂ 'ਚ ਦਫ਼ਨ ਹੋ ਕੇ ਨਹੀਂ ਰਹਿ ਗਈ ? ਜਦੋਂ ਉਨ੍ਹਾਂ ਤੋਂ ਪੰਜਾਬ ਮਾਡਲ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਚੁੱਕਣ ਦਾ ਸਵਾਲ ਕੀਤਾ ਗਿਆ ਤਾਂ ਜਵਾਬ ਸੀ ਕਿ ਜੇ ਜਿੰਮਾ ਮਿਲੇ ਤਾਂ 6 ਮਹੀਨਿਆਂ 'ਚ ਉਹ ਪੰਜਾਬ ਬਦਲ ਦੇਣਗੇ। ਉਨਾਂ ਦਾਅਵਾ ਕੀਤਾ ਕਿ ਮਕਸਦ ਸੱਤਾ ਹਾਸਲ ਕਰਨਾ ਨਹੀਂ ਸਗੋ ਮਸਲੇ ਹੱਲ ਕਰਨਾ ਹੈ, ਉਹ ਸੱਚ ਦਾ ਸਾਥ ਕਦੇ ਨਹੀਂ ਛੱਡਣਗੇ ਬੇਸ਼ੱਕ ਸੱਤਾ ਕਿਉਂ ਨਾ ਚਲੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਦੇ ਤਮਾਮ ਮਸਲਿਆਂ 'ਤੇ 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦੇ ਸਵਾਲਾਂ ਦੇ ਬੇਬਾਕੀ ਨਾਲ ਜਵਾਬ ਦਿੱਤੇ। ਪੇਸ਼ ਹਨ ਮੁਲਾਕਾਤ ਦੇ ਮੁੱਖ ਅੰਸ਼।
ਤੁਸੀਂ ਕਿਹੜੇ ਪੰਜਾਬ ਮਾਡਲ ਦੀ ਗੱਲ ਕਰ ਰਹੇ ਹੋ ?
ਪੰਜਾਬ ਮਾਡਲ ਕੋਈ ਕਿਸੇ ਦੀ ਨਿੱਜੀ ਜਾਗੀਰ ਨਹੀਂ ਹੈ। ਮੈਂ 17 ਸਾਲ ਧੱਕੇ ਖਾਧੇ ਪਰ ਆਪਣੀ ਜ਼ਮੀਰ ਨਾਲ ਸਮਝੌਤਾ ਨਹੀਂ ਕੀਤਾ। ਮੇਰਾ ਪੰਜਾਬ ਮਾਡਲ ਲੋਕਾਂ ਦੇ ਭਲੇ ਦੀ ਗੱਲ ਕਰਦਾ ਹੈ। ਇਹ ਚੋਰੀ ਨੂੰ ਰੋਕ ਕੇ ਉਸ ਪੈਸੇ ਨੂੰ ਖ਼ਜ਼ਾਨੇ 'ਚ ਪਾ ਕੇ ਦੁੱਗਣੇ ਕਰਕੇ ਲੋਕਾਂ ਦੇ ਵਿਕਾਸ ਦੀ ਗੱਲ ਕਰਦਾ ਹਾਂ। ਇਸ ਵਿੱਚ ਸਭ ਤੋਂ ਮੁੱਢਲੀ ਗੱਲ ਕਿਸਾਨ ਦੀ ਆਮਦਨ ਵੱਧ ਤੇ ਖ਼ਰਚ ਘਟਾਉਣ ਦੀ ਗੱਲ ਹੈ। ਉਸਨੂੰ ਇੱਜ਼ਤ ਦੀ ਰੋਟੀ ਦੇ ਕੇ ਤੇ ਸਿਰ ਦੀ ਪੱਗ ਬਣਾਕੇ ਤਵੱਜੋ ਦੇਣ ਦੀ ਗੱਲ਼ ਕਰਦਾ ਹਾਂ। ਜਦੋਂ ਖੇਤ 'ਚੋਂ ਫ਼ਸਲ ਜਾਂ ਸਬਜ਼ੀ ਮੰਡੀ 'ਚ ਜਾਂਦੀ ਹੈ ਤਾਂ ਵਪਾਰੀ ਕਿਸਾਨ ਨੂੰ ਆਪਣੀ ਮਰਜ਼ੀ ਦਾ ਭਾਅ ਦਿੰਦਾ ਹੈ ਕਿਉਂਕਿ ਵਪਾਰੀ ਜਾਣਦਾ ਹੈ ਕਿ ਕਿਸਾਨ ਕੋਲ ਇਸਨੂੰ ਸਟੋਰ ਕਰਨ ਦੀ ਸਮਰੱਥਾ ਨਹੀਂ ਹੈ। ਮਜ਼ਬੂਰੀ ਵੱਸ ਕਿਸਾਨ ਆਪਣੀ ਸਬਜ਼ੀ ਨੂੰ ਬਾਜ਼ਾਰ ਨਾਲੋਂ ਦਸ ਗੁਣਾ ਘੱਟ ਭਾਅ 'ਤੇ ਵੇਚ ਦਿੰਦਾ ਹੈ। ਪਰ ਜੇ ਉਹੀ ਸਬਜ਼ੀ ਕਿਸਾਨ ਨੇ ਤਿੰਨ ਮਹੀਨੇ ਬਾਅਦ ਅਡਾਨੀ ਦੇ ਸਟੋਰ 'ਚੋਂ ਖ਼ਰੀਦਣੀ ਹੋਵੇ ਤਾਂ ਉਸਦਾ ਬਾਜ਼ਾਰ ਨਾਲੋਂ ਭਾਅ ਤਿੰਨ ਗੁਣਾ ਹੋਰ ਵਧ ਜਾਂਦਾ ਹੈ। ਮੇਰਾ ਸਵਾਲ ਹੈ ਕਿ ਵਿਚੋਲਾ ਇਸ ਕਿਰਤ ਦੀ ਕਮਾਈ ਨੂੰ ਕਿਉਂ ਖਾਵੇ ? ਪੰਜਾਬ ਮਾਡਲ ਸਵਾਲ ਕਰਦਾ ਹੈ ਕਿ ਕਿਹੜੀ ਸਰਕਾਰ ਨੇ ਕੋਆਪਰੇਟ ਬਣਾਏ ਤੇ ਕਿਹੜੀ ਹਕੂਮਤ ਨੇ ਕਿਸਾਨਾਂ ਲਈ ਸਟੋਰੇਜ ਦਾ ਪ੍ਰਬੰਧ ਕੀਤਾ ਹੈ ? ਅੱਜ ਅਸੀਂ ਕਣਕ ਅਤੇ ਚਾਵਲ ਦੀ ਖੇਤੀ ਕਰਦੇ ਹਾਂ, ਲੋੜ ਹੈ ਕਿ ਪੰਜਾਬ ਵੇਅਰ ਹਾਉਸਿੰਗ ਕਾਰਪੋਰੇਸ਼ਨ ਉਸਦੀ ਸੰਭਾਲ ਕਰੇ ਤੇ ਤੁਰੰਤ ਹੀ 80 ਫ਼ੀਸਦ ਲੋਨ 'ਤੇ ਕਿਸਾਨ ਨੂੰ ਪੈਸੇ ਦਿੱਤੇ ਜਾਣ ਤਾਂ ਜੋ ਕਿਸਾਨ ਆਪਣੀ ਮਰਜ਼ੀ ਦੇ ਸਮੇਂ ਮੁਤਾਬਕ ਫਸਲ ਨੂੰ ਵੇਚ ਸਕੇ। ਪੰਜਾਬ ਮਾਡਲ ਦਾਲਾਂ ਅਤੇ ਤੇਲ ਬੀਜਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਗੱਲ ਕਰਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਹੀ ਅਸੀਂ ਫ਼ਸਲੀ ਚੱਕਰ ਤੋਂ ਪਾਸੇ ਹਟ ਸਕਾਂਗੇ। ਅੱਜ ਲੋੜ ਹੈ ਕਿ ਕਿਸਾਨ ਆਪਣੀ ਫ਼ਸਲ ਦੀ ਕੀਮਤ ਖੁਦ ਤੈਅ ਕਰੇ। ਅੰਬਾਨੀਆਂ ਦੀ ਜਗ੍ਹਾ ਕਿਸਾਨਾਂ ਦੇ ਮਾਲ ਹੋਣੇ ਚਾਹੀਦੇ ਹਨ। ਤੁਸੀਂ ਅੱਜ 34 ਦੇਸ਼ਾਂ ਦੇ ਬਾਰਡਰਾਂ 'ਤੇ ਕਿਸਾਨ ਦੀ ਫ਼ਸਲ ਰੱਖ ਕੇ ਵੋਖੋ ਦੁੱਗਣਾ ਮੁੱਲ ਹਾਸਲ ਹੋਵੇਗਾ। ਕੇਂਦਰ ਸਰਕਾਰ ਇੰਨੀ ਛਾਤਰ ਹੈ ਕਿ ਇਹਨਾ ਨੇ ਐੱਫ.ਸੀ.ਆਈ. ਵੀ ਖ਼ਤਮ ਕਰ ਦਿੱਤੀ ਹੈ ਤੇ ਇਸਦਾ ਜਿੰਮਾ ਅਡਾਨੀਆਂ ਨੂੰ ਦੇ ਦਿੱਤਾ ਹੈ। ਕੇਂਦਰ ਨੇ ਤਾਂ 70 ਕਰੋੜ ਗ਼ਰੀਬਾਂ ਦੇ ਆਂਕੜੇ ਨੂੰ ਵੀ 40 ਕਰੋੜ ਕਰ ਦਿੱਤਾ ਹੈ। ਇਸ ਲਈ ਲੋੜ ਹੈ ਕੇ ਕੇਂਦਰ ਦੀਆਂ ਬਦਨੀਤੀਆਂ ਤੋਂ ਬਚਣ ਲਈ ਪੰਜਾਬ ਮਾਡਲ ਨੂੰ ਲਾਗੂ ਕੀਤਾ ਜਾਵੇ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਬਦਲੇਗਾ ਪੰਜਾਬ ਦਾ ਚੋਣ ਅਖਾੜਾ, PM ਮੋਦੀ ਕਰ ਸਕਦੇ ਨੇ ਵੱਡੇ ਐਲਾਨ
ਸਰਕਾਰ ਤੁਹਾਡੀ ਹੈ, ਇਸ ਮਾਡਲ ਨੂੰ ਲਾਗੂ ਕਿਉਂ ਨਹੀਂ ਕਰਦੇ ?
ਮੇਰੀ ਗੱਲ ਸੁਣੋ, ਜਦੋਂ ਕੈਪਟਨ ਵਰਗੇ ਵਿਕੇ ਬੰਦੇ, ਕਠਪੁਤਲੀਆਂ ਬਣ ਕੇ ਬੀਜੇਪੀ ਦੇ ਹੱਥਾਂ 'ਚ ਖੇਡਣ ਤਾਂ ਦੱਸੋ ਮਾਡਲ ਕਿੱਥੋਂ ਲਾਗੂ ਹੋਵੇਗਾ। ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵਨ ਐਂਡ ਦੀ ਸੇਮ ਥਿੰਗ ਹੈ। ਅੱਜ ਤੁਸੀਂ ਵੋਟ ਅਕਾਲੀਆਂ ਨੂੰ ਪਾਉਗੇ ਤਾਂ ਉਹ ਕੈਪਟਨ ਨੂੰ ਜਾਵੇਗੀ ਤੇ ਜੇ ਕੈਪਟਨ ਨੂੰ ਪਾਵੋਗੇ ਤਾਂ ਉਹ ਅਕਾਲੀਆਂ ਨੂੰ ਭੁਗਤੇਗੀ। ਪਰ ਮੈਂ ਆਪਣਾ ਸਟੈਂਡ ਕਦੇ ਨਹੀਂ ਛੱਡਿਆ ਸਗੋਂ ਕੈਪਟਨ ਨੂੰ ਕੁਰਸੀ ਤੋਂ ਲਾਹ ਕੇ ਘਰੇ ਬਿਠਾ ਦਿੱਤਾ ਹੈ। ਕੋਈ ਸੋਚਦਾ ਸੀ ਕਿ ਕਰਤਾਰਪੁਰ ਦਾ ਲਾਂਘਾ ਖੁੱਲ੍ਹ ਜਾਵੇਗਾ, ਪਰ ਖੁੱਲ੍ਹ ਗਿਆ ਹੈ। ਕੈਪਟਨ ਤਾਂ ਉਦੋਂ ਵੀ ਅਵਾ-ਤਵਾ ਬੋਲਦਾ ਰਿਹਾ ਹੈ, ਪਰ ਮੈਂ ਹਮੇਸ਼ਾ ਡਟਿਆ ਰਿਹਾ, ਜਿਸਦਾ ਨਤੀਜਾ ਤੁਹਾਡੇ ਸਾਹਮਣੇ ਹੈ। ਜਦੋਂ ਨੀਤਾਂ ਚੰਗੀਆਂ ਹੋਣ ਤਾਂ ਵਾਹਿਗੁਰੂ ਹਮੇਸ਼ਾ ਨਾਲ ਖੜਦਾ ਹੈ। ਸਿੱਧੂ ਦੀ 25 ਸਾਲ 'ਚ ਕਦੇ ਹਾਰ ਨਹੀਂ ਹੋਈ ਤੇ ਹਾਰ ਏਥੇ ਵੀ ਨਹੀਂ ਹੋਵੇਗੀ, ਮੈਂ ਜਲੇਬੀ ਵਾਂਗੂ ਇਕੱਠੇ ਕਰ-ਕਰ ਕੇ ਮਾਰੂੰਗਾ। ਵੱਧ ਤੋਂ ਵੱਧ ਕੀ ਹੋਜੂ, ਨਾ ਲੜਾਂਗੇ ਚੋਣ, ਕੀ ਫਰਕ ਪੈਂਦਾ ਹੈ ? ਪਰ ਸਵਾਲ ਇਹ ਹੈ ਕਿ ਪੰਜਾਬ ਨੂੰ ਕੌਣ ਜਿਤਾਵੇਗਾ ?
ਪਰ ਨਵਾਂ ਮੁੱਖ ਮੰਤਰੀ ਤਾਂ ਤੁਹਾਡਾ ਹੀ ਹੈ ਸਿੱਧੂ ਸਾਬ ?
ਨਵਾਂ ਬਣਾਇਆ ਵੀ ਹੈ ਪਰ ਅਜੇ ਤਾਂ ਟਰੇਲਰ ਵੀ ਨਹੀਂ ਚੱਲਿਆ ਕਿਉਂਕਿ ਸਮਾਂ ਹੀ ਦੋ ਮਹੀਨੇ ਦਾ ਹੈ। ਦਰਅਸਲ, ਮੈਂ ਤਾਂ 2022 ਦੀ ਗੱਲ ਕਰਦਾ ਹਾਂ।
ਇਹ ਮਾਡਲ ਸਿਰਫ਼ ਤੁਹਾਡਾ ਹੈ ਜਾਂ ਪੂਰੀ ਪਾਰਟੀ ਦਾ ਹੈ ?
ਮੈਂ ਪੂਰੀ ਪਾਰਟੀ ਦਾ ਪ੍ਰਧਾਨ ਹਾਂ ਇਸ ਲਈ ਇਹ ਵੱਖ ਕਿਵੇਂ ਹੋ ਸਕਦਾ ਹੈ। ਜਦੋਂ ਸੋਨੀਆ ਗਾਂਧੀ ਜੀ ਕੋਈ ਗੱਲ਼ ਕਰਦੇ ਹਨ ਤਾਂ ਉਹ ਸਾਰੀ ਪਾਰਟੀ ਦੀ ਗੱਲ ਹੁੰਦੀ ਹੈ ਇਸ ਲਈ ਸਿੱਧੂ ਦੀ ਗੱਲ ਨੂੰ ਵੱਖ ਕਿਉਂ ਵੇਖਦੇ ਹੋ ? ਜਦੋਂ ਨਵਜੋਤ ਸਿੱਧੂ ਗੱਲ ਕਰਦਾ ਹੈ ਤਾਂ ਉਹ ਪੂਰੀ ਪਾਰਟੀ ਦੀ ਹੀ ਗੱਲ ਹੁੰਦੀ ਹੈ।
ਕਿਸਾਨਾਂ ਨੇ ਤਾਂ ਖੁਦ ਦੀ ਪਾਰਟੀ ਬਣਾ ਲਈ ਹੈ, ਕਿਵੇਂ ਵੇਖਦੇ ਹੋ ?
ਮੈਂ ਉਨਾਂ ਦਾ ਸੁਆਗਤ ਕਰਦਾ ਹਾਂ। ਪਹਿਲਾਂ ਉਹ ਸਮਾਜਿਕ ਮੂਵਮੈਂਟ ਸੀ ਜਦਕਿ ਹੁਣ ਉਹ ਸਿਆਸਤ ਦਾ ਹਿੱਸਾ ਬਣ ਚੁੱਕੇ ਹਨ। ਜੇ ਸਮਰੱਥਾ ਹੈ ਤਾਂ ਖੁਦ ਸਵਾਰੋ ਤੇ ਜਾਂ ਫਿਰ ਸਮਾਜਿਕ ਮੂਵਮੈਂਟ ਨਾਲ ਮਨਾ ਲਵੋ।ਕਿਸਾਨੀ ਤਾਂ ਹੀ ਸਵਰੇਗੀ ਜੇ ਸਾਡੇ ਕੋਲ ਰੋਡ ਮੈਪ ਹੋਵੇਗਾ। ਅਸੀਂ ਕੇਂਦਰ ਨੂੰ ਭੁੱਲ ਕੇ ਇਹ ਸੋਚੀਏ ਕਿ ਸਾਡੀ ਸਰਕਾਰ ਕੀ ਕਰ ਰਹੀ ਹੈ।
ਮੁੱਖ ਮੰਤਰੀ ਚੰਨੀ ਦੇ ਕੰਮ ਤੋਂ ਸੰਤੁਸ਼ਟ ਹੋ ?
ਵੇਖੋ ਦੋ ਮਹੀਨਿਆਂ 'ਚ ਉਹ ਕੀ ਕਰ ਦੇਵੇਗਾ ? ਪਰ ਉਸਦੀ ਨੀਅਤ ਤਾਂ ਚੰਗੀ ਹੈ। ਮੈਂ ਬਿਜਲੀ ਦੇ ਰੇਟ ਘਟਾਉਣ ਨੂੰ ਕਿਹਾ ਉਸਨੇ ਘੱਟ ਕਰ ਦਿੱਤੇ। ਹਾਲਾਂਕਿ ਕੁਝ ਐਲਾਨ ਅਜਿਹੇ ਹਨ ਜਿਸ ਵਿੱਚ ਬਜਟ ਦੀ ਐਲੋਕੇਸ਼ਨ ਢੁੱਕਵੀਂ ਨਹੀਂ ਹੈ। ਜਿਸ ਤਰ੍ਹਾਂ ਰੇਤਾ ਦੀ ਗੱਲ ਕਰੀਏ ਤਾਂ ਇਹ ਕਹਿਣ ਨਾਲ ਫਰੀ ਨਹੀਂ ਹੋਵੇਗਾ। ਸਵਾਲ ਇਹ ਹੈ ਕਿ ਰੇਤਾ ਚੁੱਕਣ ਵਾਲੇ ਨੂੰ ਸਸਤਾ ਮਿਲ ਰਿਹੈ ਜਾਂ ਖ਼ਰੀਦਣ ਵਾਲੇ ਨੂੰ ? ਅੱਜ ਵੀ ਰੇਤਾ 37 ਸੌ ਰੁਪਏ ਨੂੰ ਵਿਕ ਰਿਹਾ ਹੈ, ਅੱਜ ਵੀ ਪਠਾਨਕੋਟੀਆ ਰੇਤਾ 45 ਸੌ ਨੂੰ ਵਿਕ ਰਿਹਾ ਹੈ। ਇਹ ਕਿਉਂ ਸਸਤਾ ਨਹੀਂ ਹੋਇਆ। ਕੇਬਲ ਹਾਲੇ ਵੀ ਸੌ ਰੁਪਏ ਨੂੰ ਨਹੀਂ ਹੋਈ। ਸੋ ਇਹਨਾਂ ਦੇ ਇਲਾਜ ਹਨ ਜੋ ਕਰਨੇ ਪੈਣਗੇ। ਅੱਜ ਕਾਰਪੋਰੇਸ਼ਨ ਬਣਾਉਣ ਦੀ ਲੋੜ ਹੈ। ਸੁਖਬੀਰ ਵਰਗਾ ਬੰਦਾ ਜੋ ਪੂਰੇ ਪੰਜਾਬ ਦਾ ਰੇਤਾ ਖਾ ਗਿਆ ਹੋਵੇ, ਜਿਹੜਾ ਰਾਤ ਨੂੰ ਤਿੰਨ ਪੈੱਗ ਲਾ ਕੇ ਸੌਂਦਾ ਹੋਵੇ, ਜਿਸਦੀਆਂ ਡਿਸਟਿਲਰੀਆਂ ਚੱਲਦੀਆਂ ਹੋਣ, ਉਹ ਕਿਵੇਂ ਹੱਲ਼ ਕਰ ਸਕਦਾ ਹੈ। ਅੱਜ ਇਸ ਤਰ੍ਹਾਂ ਦਾ ਬੰਦਾ ਚਾਹੀਦਾ ਹੈ ਜੋ ਸਾਰਾ ਕੁਝ ਬਦਲ ਦੇਵੇ।
ਇਹ ਵੀ ਪੜ੍ਹੋ : ਰਾਜਾ ਵੜਿੰਗ ਦੇ ਵੱਡੇ ਇਲਜ਼ਾਮ, ਟੈਕਸ ਚੋਰੀ ਕਰ ਰਹੀਆਂ ਨੇ ਬਾਦਲਾਂ ਦੀਆਂ ਏਅਰਪੋਰਟ ਨੂੰ ਜਾਂਦੀਆਂ ਬੱਸਾਂ
ਤੁਹਾਡਾ ਤੇਲੰਗਾਨਾ ਮਾਡਲ ਨਾ ਕੈਪਟਨ ਨੇ ਲਾਗੂ ਕੀਤਾ ਤੇ ਨਾ ਹੁਣ ਚੰਨੀ ਨੇ, ਕਿਉਂ ?
ਕਿਉਂਕਿ ਕੈਪਟਨ ਖਾਂਦਾ ਸੀ। ਬਾਕੀ ਯਾਰ ਤੂੰ ਜਿੱਥੋਂ ਤੱਕ ਰਹਿਦਾ ਹੈ ਨਾ ਉੱਥੋਂ ਤੱਕ ਹੀ ਰਹੀਏ ਆਪਾਂ।ਸਭ ਹਿੱਸਾ-ਪੱਤੀ ਕਰਦੇ ਹਨ। ਅੱਜ ਇੱਕੋ ਬੰਦਾ ਕੇਬਲ ਚਲਾ ਰਿਹਾ ਹੈ ਤੇ ਉਸਦੀ ਮਨਾਪਲੀ ਨੂੰ ਤੋੜਨ ਲਈ ਵੀ ਸਿੱਧੂ ਕਾਨੂੰਨ ਲੈ ਕੇ ਆਇਆ ਪਰ ਬਣਿਆ ਕੁਝ ਵੀ ਨਹੀਂ । ਜੇ ਮੇਰੀ ਗੱਲ ਮੰਨੀ ਜਾਂਦੀ ਤਾਂ ਅੱਜ ਕੇਬਲ ਦਾ ਰੇਟ 250 ਰੁਪਏ ਹੁੰਦਾ ਤੇ ਸਰਕਾਰ ਦੇ ਟੈਕਸ ਵਿੱਚ ਵੀ ਵਾਧਾ ਹੁੰਦਾ।
ਜੋ ਨਹੀਂ ਹੋ ਰਿਹਾ, ਉਸ ਲਈ ਜਵਾਬਦੇਹ ਕੌਣ ਹੈ ?
ਮੈਂ ਤਾਂ ਰਾਹ ਦੱਸਦਾ ਹਾਂ ਕਿਉਕਿ ਮੇਰੇ ਕੋਲ ਤਾਂ ਐਡਮਨਿਸਟਰੇਟਿਵ ਪਾਵਰ ਨਹੀਂ ਹੈ। ਮੈਂ ਚਾਹੁੰਦਾ ਕਿ ਇੱਕ ਈਮਾਨਦਾਰ ਸਿਸਟਮ ਬਣਨਾ ਚਾਹੀਦਾ ਹੈ, ਈਮਾਨਦਾਰ ਬੰਦੇ ਅੱਗੇ ਆਉਣ ਕਿਉਂਕਿ ਪੰਜਾਬ 'ਚ ਇੱਕ ਈਮਾਨਦਾਰ ਅੱਗੇ ਆਉਂਦਾ ਹੈ ਤਾਂ ਸੌ ਚੋਰਾਂ ਨੂੰ ਠੱਲ੍ਹ ਪੈਂਦੀ ਹੈ ।
ਈਮਾਨਦਾਰ ਸਿਸਟਮ ਬਣਾਊ ਕੌਣ ਸਿੱਧੂ ਸਾਬ੍ਹ ?
14 ਸਾਲ ਨਵਜੋਤ ਸਿੰਘ ਸਿੱਧੂ ਕੀ ਕਰਦਾ ਰਿਹੈ ? ਮੈਂ ਕੋਈ ਛੋਲੇ ਥੋੜਾ ਵੇਚਦਾ ਰਿਹਾ ਹਾਂ ? ਅੱਜ ਤੁਸੀਂ ਦੱਸੋ ਜੇ ਮੈਂ ਸੱਤਾ ਹੰਢਾਈ ਹੋਵੇ ? ਜਿਸ ਬੰਦੇ ਨੇ ਪੰਜਾਬ ਵੇਚ ਦਿੱਤਾ ਹੋਵੇ ਮੈਂ ਕਦੇ ਉਸ ਨਾਲ ਸੱਤਾ ਨਹੀਂ ਮਾਣੀ ਸਗੋਂ ਲੜਿਆ ਹਾਂ। ਪਰ ਇੱਕ ਗੱਲ ਪੱਕੀ ਹੈ ਕਿ ਪੰਜਾਬ ਮਾਡਲ ਨੂੰ ਰੇਤਾ ਬੱਜਰੀ ਖਾਣ ਵਾਲੇ ਤੇ ਬੱਸ ਮਾਫ਼ੀਆ ਚਲਾਉਣ ਵਾਲੇ ਲਾਗੂ ਨਹੀਂ ਕਰਨਗੇ। ਪਰ ਜੇ ਇਸਨੂੰ ਲਾਗੂ ਕਰਨ ਦਾ ਜਿੰਮਾ ਦੇ ਦੇਣ ਤੇ ਫਿਰ 6 ਮਹੀਨਿਆਂ 'ਚ ਪੰਜਾਬ ਨਾ ਬਦਲਿਆ ਤਾਂ ਸਿੱਧੂ ਨੂੰ ਸਿੱਧੂ ਨਾ ਕਿਹੋ ।
ਤੁਸੀਂ ਜ਼ਿੰਮੇਵਾਰੀ ਚੱਕਣ ਲਈ ਤਿਆਰ ਹੋ ? ਹਾਈਕਮਾਂਡ ਜਿੰਮਾ ਦੇਵੇਗੀ ?
ਮੈਂ ਅੱਜ ਨਹੀਂ ਪਿਛਲੇ 17 ਸਾਲ ਤੋਂ ਆਖ ਰਿਹਾ ਹਾਂ। ਮੈਂ ਹਾਈਕਮਾਂਡ ਦੇ ਹਰ ਫ਼ੈਸਲੇ ਨੂੰ ਮੰਨਦਾ ਹਾਂ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜੇ ਜ਼ਿੰਮੇਵਾਰੀ ਮਿਲੇਗੀ ਤਾਂ ਫਿਰ ਹੀ ਕਰਾਂਗੇ।
ਪਰ ਜੇ ਮੁੱਖ ਮੰਤਰੀ ਬਣੋਗੇ ਤਾਂ ਫਿਰ ਹੀ ਪਾਵਰ 'ਚ ਆਵੋਗੇ ? ਤੁਸੀਂ ਸਪੱਸ਼ਟ ਕਰੋ ਮੁੱਖ ਮੰਤਰੀ ਬਣਨਾ ਚਾਹੁੰਦੇ ਹੋ ?
ਮੁੱਖ ਮੰਤਰੀ ਜੇ ਪਾਵਰ ਕੇਂਦਰਿਤ ਨਾ ਕਰੇ ਤਾਂ ਸਭ ਠੀਕ ਹੈ। ਪਰ ਜਦੋਂ ਮੁੱਖ ਮੰਤਰੀ ਅਫ਼ਸਰਾਂ ਨੂੰ ਕਹਿ ਦਿੰਦਾ ਹੈ ਕਿ ਮੇਰੇ ਕਮਾਊ ਪੁੱਤ ਦੇ ਤਾਂ ਕੰਮ ਕਰ ਦੇਵੀਂ ਪਰ ਸਿੱਧੂ ਦੇ ਰੋਕ ਦੇਵੋ। ਉਦੋਂ ਉਹ ਸਿੱਧੂ ਦੇ ਨਹੀਂ ਲੋਕਾਂ ਦੇ ਕੰਮਾਂ 'ਚ ਵਿਘਨ ਬਣਦਾ ਹੈ।ਜਿਹੜੇ ਰਾਜ ਦੇ ਵਿੱਚ ਚੰਗਾ ਕੰਮ ਕਰਨ ਵਾਲੇ ਨੂੰ ਹੌਂਸਲਾ ਨਹੀਂ ਦੇਵਾਂਗੇ, ਤਸਕਰੀ ਕਰਨ ਵਾਲੇ ਹੰਕਾਰੇ ਤੁਰੇ ਫਿਰਨਗੇ, ਤੇ ਉਨ੍ਹਾਂ ਨੂੰ ਫੜਕੇ ਅੰਦਰ ਨਹੀਂ ਕਰਾਂਗੇ ਤਾਂ ਸਿਸਟਮ ਖ਼ਰਾਬ ਹੋਵੇਗਾ।
ਜਿੰਨੇ ਸਵਾਲ ਜਾਂ ਤਰਕ ਤੁਹਾਡੇ ਕੋਲ ਹਨ ਇੰਨੇ ਤਾਂ ਵਿਰੋਧੀ ਧਿਰ ਕੋਲ ਵੀ ਨਹੀਂ ਹੈਗੇ, ਅਜਿਹੇ 'ਚ ਤੁਹਾਡੀ ਪਾਰਟੀ ਨੂੰ ਵੋਟ ਕੌਣ ਪਾਊ ?
ਪਾਰਟੀਆਂ ਨਾਲੋਂ ਵੱਧ ਰੋਡ ਮੈਪ ਨੂੰ ਵੋਟ ਪੈਂਦੀ ਹੈ। ਮੈਂ ਲੋਕਾਂ ਨੂੰ ਕਹਿੰਦਾ ਹਾਂ ਕਿ ਤੁਸੀਂ ਲੀਡਰਾਂ ਨੂੰ ਸਵਾਲ ਕਰੋ ਕਿ ਜਿਹੜੇ ਐਲਾਨ ਕਰ ਰਹੇ ਹੋ ਉਹ ਪੂਰੇ ਤਾਂ ਹੁੰਦੇ ਨਹੀਂ, ਤੁਹਾਡਾ ਰੋਡਮੈਪ ਕੀ ਹੈ ? ਅੱਜ ਲੋੜ ਹੈ ਅਸੀਂ ਨੌਜਵਾਨਾ ਨੂੰ ਰੁਜ਼ਗਾਰ ਦਈਏ। ਅੱਜ ਈਮਾਨਦਾਰੀ ਤੇ ਕਰੈਡਿਬਿਲਟੀ ਜਿੱਤੇਗੀ।
ਲੋਕ ਕਹਿੰਦੇ ਨੇ ਸਿੱਧੂ ਮੁੱਖ ਮੰਤਰੀ ਤੇ ਡੀਜੀਪੀ ਬਦਲ ਸਕਦਾ ਹੈ, ਪਰ ਤੁਸੀਂ ਹਾਲੇ ਵੀ ਖੁਦ ਨੂੰ ਬੇਵਸ ਦੱਸ ਰਹੇ ਹੋ ?
ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਹੁੰਦੇ ਹਨ। ਅੰਨ੍ਹੇ ਨੂੰ ਤਾਂ ਹਾਥੀ ਦਿਸਦਾ ਹੀ ਨਹੀਂ। ਕਿਸੇ ਨੂੰ ਪਤਾ ਹੀ ਨਹੀਂ ਕਿ ਹੋ ਕੀ ਰਿਹਾ ਹੈ ? ਤੁਸੀਂ ਮੈਨੂੰ ਦੱਸੋ ਪਿਛਲੇ 17 ਸਾਲ 'ਚ ਮੈਨੂੰ ਆਪਣੇ ਕੰਮ ਕਰਵਾਉਣ ਲਈ ਤਾਕਤ ਕਦੋਂ ਦਿੱਤੀ ਗਈ ਹੈ? ਮੈਂ ਪੰਜ ਪੁਲਾਂ ਖਾਤਰ ਬਾਦਲ ਖ਼ਿਲਾਫ਼ ਵੀ ਧਰਨੇ 'ਤੇ ਬੈਠਾ। ਪਰ ਉਹ ਵੀ ਝੂਠੇ ਨਿਕਲੇ। ਫਿਰ ਕੈਪਟਨ ਆਪਣੇ ਮਹਿਲਾਂ 'ਚੋਂ ਬੜੀ ਮੁਸ਼ਕਲ ਨਾਲ ਉਦਘਾਟਨ ਕਰਨ ਲਈ ਬਾਹਰ ਨਿਕਲਿਆ। ਰਹੀ ਗੱਲ ਕੈਪਟਨ ਦੀ ਤਾਂ ਉਹ ਸਿਰਫ ਮੇਰੇ ਕਹਿਣ ਤੇ ਨਹੀਂ ਲਾਹਿਆ ਗਿਆ ਸਗੋਂ ਉਸ ਦੇ ਨਾਮ 'ਤੇ ਪਾਰਟੀ ਨੂੰ 10 ਸੀਟਾਂ ਵੀ ਨਹੀਂ ਆ ਰਹੀਆਂ ਸਨ। ਪਰ ਹੁਣ ਪੰਜਾਬ ਹੀ ਤੈਅ ਕਰੂ ਕਿ ਇਸਦਾ ਵਾਰਿਸ ਕੌਣ ਹੈ। ਮੈਂ ਤੁਹਾਨੂੰ ਲਿਖ ਕੇ ਦਿੰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਭਗਵੰਤ ਸਿੰਘ ਦਾ ਪੁੱਤ ਨਹੀਂ ਜੇ ਇਹਨਾਂ ਨੂੰ ਧੋਖਾ ਦੇ ਗਿਆ, ਜੋ ਸੱਚ ਹੈ ਮੈਂ ਠੋਕ ਕੇ ਬੋਲੂੰ, ਸੱਤਾ ਜਾਂਦੀ ਹੈ ਤਾਂ ਜਾਣਦਿਉ। ਮੈਨੂੰ ਨਹੀਂ ਚਾਹੀਦੀ ਅਜਿਹੀ ਸੱਤਾ ਜੋ ਲੋਕਾਂ ਦੀ ਜ਼ਿੰਦਗੀ ਨਾ ਬਦਲ ਸਕੇ।ਮੈਨੂੰ ਨਹੀਂ ਚਾਹੀਦੀ ਅਜਿਹੀ ਸੱਤਾ ਜੋ ਕਿਸਾਨੀ ਨਾ ਬਦਲ ਸਕੇ। ਪਰ ਜੇਕਰ ਕਿਸੇ ਕੋਲ ਇਸਨੂੰ ਬਿਹਤਰ ਕਰਨ ਦਾ ਮਾਡਲ ਹੈ ਤਾਂ ਮੈਂ ਉਸਦੇ ਮਗਰ ਤੁਰਾਂਗਾ। ਜੇ ਪੰਜਾਬ ਮਾਡਲ ਨੂੰ ਲਾਗੂ ਕਰਨ ਦੀ ਆਗਿਆ ਦੇਣਗੇ ਤਾਂ ਸਾਥ ਦੇਵਾਂਗਾ ਨਹੀਂ ਤਾਂ ਕਿਸੇ ਗੱਲ ਦੀ ਜ਼ਿੰਮੇਵਾਰੀ ਨਹੀਂ ਲਵਾਂਗਾ, ਇਸ ਤੋਂ ਉੱਪਰ ਦੱਸੋ ਹੁਣ ਬਾਂਸ 'ਤੇ ਚੜ ਜਾਵਾਂ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ