ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਗੜ੍ਹ ਤੋੜਨ ਲਈ ਤਿਆਰ ਜਗਰੂਪ ਸਿੰਘ ਗਿੱਲ (ਵੀਡੀਓ)
Thursday, Jan 27, 2022 - 05:19 PM (IST)
ਬਠਿੰਡਾ (ਬਿਊਰੋ)-ਬਠਿੰਡਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਬਠਿੰਡਾ ਦੇ ਲੋਕਾਂ ’ਚ ਵਿਸ਼ਵਾਸ ਪ੍ਰਗਟ ਨਹੀਂ ਕਰ ਸਕੇ। ਗਿੱਲ ਨੇ ਕਿਹਾ ਕਿ ਮੇਰੀ ਕਿਸੇ ਨਾਲ ਟੱਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਕੌਂਸਲਰ ਵੀ ਬਣਿਆ ਤਾਂ ਮੇਰੀ ਚੋਣ ਲੋਕਾਂ ਨੇ ਲੜੀ, ਇਹ ਟੱਕਰ ਵੱਡੇ ਘਰਾਂ ਦੇ ਉਮੀਦਵਾਰਾਂ ਤੇ ਬਠਿੰਡਾ ਦੇ ਲੋਕਾਂ ਵਿਚਾਲੇ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੋਕਾਂ ਦਾ ਬਹੁਤ ਹੁੰਗਾਰਾ ਮਿਲ ਰਿਹਾ ਹੈ। ਗਿੱਲ ਨੇ ਕਿਹਾ ਕਿ ਜੇ ਬਠਿੰਡਾ ਦੇ ਲੋਕਾਂ ’ਚ ਮਨਪ੍ਰੀਤ ਬਾਦਲ ਨੂੰ ਵਿਸ਼ਵਾਸ ਹੁੰਦਾ ਤਾਂ ਉਨ੍ਹਾਂ ਦੇ 41 ਕੌਂਸਲਰ ਹਨ ਤਾਂ ਉਹ ਬਠਿੰਡਾ ਉਨ੍ਹਾਂ ਦੀ ਚੋਣ ਮੁਹਿੰਮ ਚਲਾਉਂਦੇ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਕਾਂਗਰਸ ਵੱਲੋਂ ਦੂਜੀ ਲਿਸਟ ਜਾਰੀ, 23 ਉਮੀਦਵਾਰਾਂ ਦਾ ਕੀਤਾ ਐਲਾਨ
ਉਨ੍ਹਾਂ ਬਾਦਲ ’ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਇਥੇ ਕਾਂਗਰਸ ਨੂੰ ਖ਼ਤਮ ਕਰ ਕੇ ਆਪਣੀ ਟੀਮ ਮਨਪ੍ਰੀਤ ਬਾਦਲ ਬਣਾਈ ਹੋਈ ਹੈ। ਬਾਦਲ ਬਠਿੰਡੇ ਦੇ ਲੋਕਾਂ ’ਤੇ ਬਿਲਕੁਲ ਵਿਸ਼ਵਾਸ ਨਹੀਂ ਕਰਦੇ, ਉਹ ਹਮੇਸ਼ਾ ਬਾਹਰੋਂ ਬਠਿੰਡੇ ’ਚ ਬੰਦੇ ਲਿਆਉਂਦੇ ਹਨ ਤਾਂ ਕਿ ਹਰ ਚੀਜ਼ ’ਤੇ ਨਿਗਾਹ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਜੇ ਉਹ ਬਠਿੰਡੇ ਦੇ ਲੋਕਾਂ ’ਤੇ ਯਕੀਨ ਨਹੀਂ ਕਰਦੇ ਤਾਂ ਲੋਕ ਵੀ ਇਸ ਵਾਰ ਉਨ੍ਹਾਂ ’ਤੇ ਯਕੀਨ ਨਹੀਂ ਕਰਨਗੇ। ਗਿੱਲ ਨੇ ਕਿਹਾ ਕਿ ਮੈਂ ਬਠਿੰਡਾ ਦੇ ਲੋਕਾਂ ਦੇ ਯਕੀਨ ’ਤੇ ਚੋਣ ਲੜ ਰਿਹਾ ਹਾਂ ਤੇ ਉਹ ਮੈਨੂੰ ਵਿਸ਼ਵਾਸ ਦਿਵਾ ਰਹੇ ਹਨ। ਇਹ ਚੋਣ ਮੈਂ ਨਹੀਂ ਸਗੋਂ ਬਠਿੰਡੇ ਦੇ ਲੋਕ ਹੀ ਜਿੱਤਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 2017 ਦੀਆਂ ਚੋਣਾਂ ਨਸ਼ੇ ਤੇ ਬੇਰੋਜ਼ਗਾਰੀ ਨੂੰ ਖ਼ਤਮ ਕਰਨ ਵਰਗੇ ਮੁੱਦਿਆਂ ’ਤੇ ਲੜੀਆਂ ਸਨ, ਜਦਕਿ ਇਹ ਅਜੇ ਵੀ ਉਸੇ ਤਰ੍ਹਾਂ ਹੀ ਹਨ। ਉਨ੍ਹਾਂ ਕਿਹਾ ਕਿ ਪਿਛਲੇ 15 ਦਿਨਾਂ ’ਚ ਬਠਿੰਡਾ ’ਚ ਹੀ ਨਸ਼ੇ ਨਾਲ 8 ਨੌਜਵਾਨਾਂ ਦੀ ਜਾਨ ਚਲੀ ਗਈ ਹੈ ਤਾਂ ਪੂਰੇ ਪੰਜਾਬ ਦਾ ਕੀ ਹਾਲ ਹੋਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੀ ਮਸ਼ਹੂਰੀ ਕਰਨ ਲਈ ਸਾਢੇ 86 ਕਰੋੜ ਰੁਪਏ ਖਰਚ ਕਰਕੇ ਦਿੱਤੇ ਜਦਕਿ ਹਕੀਕਤ ਕੁਝ ਹੋਰ ਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਜਾਗੀਰਦਾਰੀ ਸੋਚ ਦਾ ਮਾਲਕ ਹੈ। ਇਹ ਆਜ਼ਾਦ ਸੋਚ ਦੇ ਮਾਲਕ ਬੰਦੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ। ਗਿੱਲ ਨੇ ਕਿਹਾ ਕਿ ਮੈਂ ਲੋਕਾਂ ਵਾਸਤੇ ਕੰਮ ਕਰ ਸਕਦਾ ਸੀ ਪਰ ਕਿਸੇ ਦੇ ਦਬਾਅ ਹੇਠ ਕੰਮ ਨਹੀਂ ਕਰ ਸਕਦਾ ਸੀ। ਉਨ੍ਹਾਂ ਕਿਹਾ ਕਿ ਦਿੱਲੀ ’ਚ ਬੈਠੇ ‘ਆਪ’ ਦੇ ਥਿੰਕ ਟੈਂਕ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਤੇ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ।