ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਦਫ਼ਤਰ ਸੀਲ, 2 ਮੈਨੇਜ਼ਰ ਕੋਰੋਨਾ ਪਾਜ਼ੇਟਿਵ
Saturday, Aug 29, 2020 - 11:42 PM (IST)
ਬਠਿੰਡਾ, (ਬਲਵਿੰਦਰ)- ਕੋਰੋਨਾ ਮਹਾਮਾਰੀ ਦੇ ਕਾਰਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬਠਿੰਡਾ ਦਫ਼ਤਰ ਵੀ ਸੀਲ ਕਰ ਦਿੱਤਾ ਗਿਆ, ਕਿਉਂਕਿ ਦਫ਼ਤਰ ਦੇ ਦੋ ਮੈਨੇਜਰ ਕੋਰੋਨਾ ਪਾਜ਼ੇਟਿਵ ਆ ਗਏ ਹਨ। ਵਿੱਤ ਮੰਤਰੀ ਨੇ ਦਫ਼ਤਰ ’ਚ ਲੋਕਾਂ ਦੇ ਰੂ-ਬਰੂ ਵੀ ਹੋਣਾ ਸੀ। ਜ਼ਿਕਰਯੋਗ ਹੈ ਕਿ ਖੇਡ ਸਟੇਡੀਅਮ ਬਠਿੰਡਾ ਦੇ ਸਾਹਮਣੇ ਵਿੱਤ ਮੰਤਰੀ ਦਾ ਮੁੱਖ ਦਫ਼ਤਰ ਹੈ, ਜਿਥੇ ਰੋਜ਼ਾਨਾ ਦਰਜਨਾਂ ਕਾਂਗਰਸੀ ਵਰਕਰ ਤੇ ਸ਼ਹਿਰੀਆਂ ਦੀ ਆਮਦ ਹੈ। ਭਾਵੇਂ ਦਫ਼ਤਰ ਪ੍ਰਬੰਧਕਾਂ ਨੇ ਇਸਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਹੋਏ ਸਨ, ਜਿਸ ਵਾਸਤੇ ਦਫ਼ਤਰ ਦੇ ਗੇਟ ’ਤੇ ਸਕਿਊਰਿਟੀ ਗਾਰਡ ਵੀ ਤਾਇਨਾਤ ਕੀਤੇ ਗਏ, ਜੋ ਮਾਸਕ ਪਾਉਣ, ਦੂਰੀ ਬਣਾਏ ਰੱਖਣ ਅਤੇ ਸੈਨੇਟਾਈਜੇਸ਼ਨ ਵਗੈਰਾ ਨਿਯਮਾਂ ਦੀ ਪਾਲਣਾ ਕਰਵਾਉਂਦੇ ਸਨ ਪਰ ਆਮ ਲੋਕ ਜਾਂ ਕਾਂਗਰਸੀ ਵਰਕਰ ਇਸਦੀ ਪ੍ਰਵਾਹ ਘੱਟ ਹੀ ਕਰਦੇ ਸਨ। ਕੋਰੋਨਾ ਕਾਰਨ ਮਨਪ੍ਰੀਤ ਸਿੰਘ ਬਾਦਲ ਵੀ ਦਫ਼ਤਰ ਨਹੀਂ ਸਨ ਆ ਰਹੇ।
ਬੀਤੇ ਕੱਲ੍ਹ ਦਫ਼ਤਰ ਦੇ ਮੈਨੇਜਰਾਂ ਹਰਬੰਸ ਸਿੰਘ, ਭੁਪਿੰਦਰ ਸਿੰਘ ਤੇ ਹੋਰਨਾਂ ਦੇ ਕੋਰੋਨਾ ਟੈਸਟ ਕਰਵਾਏ ਗਏ ਸਨ। ਇਸ ਤੋਂ ਇਲਾਵਾ ਵਿੱਤ ਮੰਤਰੀ ਦਾ ਪ੍ਰੋਗਰਾਮ ਸੀ ਕਿ ਉਹ ਅੱਜ ਦਫ਼ਤਰ ’ਚ ਆ ਕੇ ਦੁਪਹਿਰ 2 ਤੋਂ 4 ਵਜੇ ਤੱਕ ਆਮ ਲੋਕਾਂ ਦੇ ਰੂ-ਬਰੂ ਹੋਣਗੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਜਦੋਂ ਤੱਕ ਬਾਦਲ ਦਫ਼ਤਰ ਪਹੁੰਚਦੇ, ਉਸ ਤੋਂ ਪਹਿਲਾਂ ਹੀ ਸਟਾਫ ਦੀ ਕੋਰੋਨਾ ਰਿਪੋਰਟ ਆ ਗਈ, ਜਿਸ ’ਚ ਉਕਤ ਦੋਵੇਂ ਮੈਨੇਜਰ ਪਾਜ਼ੇਟਿਵ ਆ ਗਏ। ਇਸ ਲਈ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਜਿਸਦੇ ਚਲਦਿਆਂ ਬਾਦਲ ਦਾ ਪ੍ਰੋਗਰਾਮ ਵੀ ਰੱਦ ਹੋ ਗਿਆ। ਉਪਰੋਕਤ ਮਾਮਲੇ ਦੀ ਪੁਸ਼ਟੀ ਦਫ਼ਤਰ ਦੇ ਮੁੱਖ ਇੰਚਾਰਜ ਤੇ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਵਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰ ਨੂੰ ਸੈਨੇਟਾਈਜ਼ ਕਰ ਕੇ ਕੁਝ ਦਿਨਾਂ ਬਾਅਦ ਹੀ ਖੋਲ੍ਹਿਆ ਜਾਵੇਗਾ।