ਕਾਂਗਰਸ ’ਤੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਹਮਲਾ, ਭਾਜਪਾ ਦੀ ਦੱਸਿਆ ਬੀ-ਟੀਮ
Thursday, Sep 15, 2022 - 06:54 PM (IST)

ਚੰਡੀਗੜ੍ਹ (ਬਿਊਰੋ) : ਭਾਜਪਾ ਵੱਲੋਂ ਪੰਜਾਬ ’ਚ ਸਰਕਾਰ ਡੇਗਣ ਦੀਆਂ ਨਾਪਾਕ ਕੋਸ਼ਿਸ਼ਾਂ ’ਤੇ ਕਾਂਗਰਸ ਲੀਡਰਸ਼ਿਪ ਦੀ ਚੁੱਪੀ ਨੂੰ ਆੜੇ ਹੱਥੀਂ ਲੈਂਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਨੂੰ ਭਾਜਪਾ ਦੀ ‘ਬੀ-ਟੀਮ’ ਕਰਾਰ ਦਿੱਤਾ ਅਤੇ ਕਿਹਾ ਕਿ ਕਾਂਗਰਸ ਅੰਦਰਖਾਤੇ ਭਾਜਪਾ ਲਈ ਕੰਮ ਕਰ ਰਹੀ ਹੈ ਅਤੇ ਪੰਜਾਬ ਦੀ ਤਰੱਕੀ ਤੇ ਵਿਕਾਸ ਦੇ ਰਾਹ ’ਚ ਰੋੜਾ ਬਣਨਾ ਹੀ ਇਨ੍ਹਾਂ ਦਾ ਮਕਸਦ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਹਾਸੋਹੀਣੀ ਗੱਲ ਹੈ ਕਿ ਹਾਲ ਹੀ ’ਚ ਕਾਂਗਰਸ ਗੋਆ ’ਚ ਆਪ੍ਰੇਸ਼ਨ ਲੋਟਸ ਦਾ ਸ਼ਿਕਾਰ ਹੋਈ ਹੈ ਅਤੇ ਇਸ ਲਈ ਭਾਜਪਾ ਦਾ ਵਿਰੋਧ ਕਰਨ ਦੀ ਬਜਾਏ ਕਾਂਗਰਸੀ 'ਆਪ' ਤੋਂ ਸਬੂਤਾਂ ਦੀ ਮੰਗ ਕਰ ਰਹੇ ਹਨ। ਚੀਮਾ ਨੇ ਕਿਹਾ, “ਕਾਂਗਰਸ ਦੇ ਕਿਸੇ ਵੀ ਨੇਤਾ ਨੇ ਭਾਜਪਾ ’ਤੇ ਸਵਾਲ ਖੜ੍ਹੇ ਕਰਨ ਦੀ ਹਿੰਮਤ ਨਹੀਂ ਕੀਤੀ ਪਰ ਉਨ੍ਹਾਂ ਨੂੰ ਸਾਡੇ ਤੋਂ ਭਾਜਪਾ ਦੀਆਂ ਨਾਪਾਕ ਕੋਸ਼ਿਸ਼ਾਂ ਦੇ ਸਬੂਤ ਚਾਹੀਦੇ ਹਨ, ਜਦਕਿ ਗੋਆ ਅਤੇ ਹੋਰ ਸੂਬਿਆਂ ’ਚ ਭਾਜਪਾ ਨੇ ਕਾਂਗਰਸ ਨੂੰ ਇਸੇ ਤਰੀਕੇ ਨਾਲ ਖ਼ਤਮ ਕੀਤਾ ਹੈ।
ਇਹ ਵੀ ਪੜ੍ਹੋ : ਜਲੰਧਰ ਦੀ ਚਰਚ ’ਚ ਹੋਈ ਬੱਚੀ ਦੀ ਮੌਤ ਦਾ ਮਾਮਲਾ ਭਖਣ ਮਗਰੋਂ ਮੀਡੀਆ ਸਾਹਮਣੇ ਆਇਆ ਪਾਦਰੀ, ਦਿੱਤੀ ਸਫ਼ਾਈ
ਫਿਰ ਵੀ, ਕਾਂਗਰਸ ਭਾਜਪਾ ਦਾ ਸਮਰਥਨ ਕਰ ਰਹੀ ਹੈ ਅਤੇ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਚੁੱਪੀ ਭਾਜਪਾ ਨਾਲ ਉਨ੍ਹਾਂ ਦੇ ਗੱਠਜੋੜ ਦਾ ਸਬੂਤ ਦਿੰਦੀ ਹੈ।” ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਈ.ਡੀ. ਦੀ ਜਾਂਚ ਦਾ ਸਾਹਮਣਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਬਚਾਉਣ ਲਈ ਕਾਂਗਰਸ ਭਾਜਪਾ ਵਿਰੁੱਧ ਕੁਝ ਵੀ ਬੋਲਣ ਤੋਂ ਡਰਦੀ ਹੈ। ਕਾਂਗਰਸ ਦਾ ਹੁਣ ਇਕੋ-ਇਕ ਟੀਚਾ ‘ਆਪ’ ਨੂੰ ਕਿਸੇ ਤਰ੍ਹਾਂ ਰੋਕਣਾ ਹੈ ਅਤੇ ਇਹ ਕੰਮ ਉਹ ਭਾਜਪਾ ਦੇ ਇਸ਼ਾਰੇ ’ਤੇ ਹੀ ਕਰ ਰਹੀ ਹੈ ਕਿਉਂਕਿ ਭਾਜਪਾ 'ਆਪ' ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਦੇਸ਼ ਭਰ ’ਚ ਵਧ ਰਹੀ ਲੋਕਪ੍ਰਿਅਤਾ ਤੋਂ ਚਿੰਤਿਤ ਹੈ।
ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਮੁੜ ਉਸਾਰੀ, ਮਜੀਠੀਆ ਸਣੇ ਕਈ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ
ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦਿਆਂ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੱਕ ਐੱਨ.ਡੀ.ਏ. ਨਾਲ ਗੱਠਜੋੜ 'ਚ ਰਿਹਾ ਹੈ ਅਤੇ ਹੁਣ ਇਹ ਮੁੜ ਭਾਜਪਾ ਵਿਚ ਵਾਪਸ ਸ਼ਾਮਿਲ ਹੋਣਾ ਚਾਹੁੰਦੇ ਹਨ, ਇਸ ਲਈ ਅਕਾਲੀ ਆਗੂ ਭਾਜਪਾ ਦੇ ਬਿਆਨਾਂ ਦੀ ਹਾਂ 'ਚ ਹਾਂ ਮਿਲਾ ਰਹੇ ਹਨ। ਇਥੋਂ ਤੱਕ ਕਿ ਉਨ੍ਹਾਂ ਨੇ ਪੰਜਾਬ ਵਿਚ ‘ਆਪ’ ਵਿਧਾਇਕਾਂ ਨੂੰ 25 ਕਰੋੜ ਰੁਪਏ ਦੀ ਪੇਸ਼ਕਸ਼ ਕਰਕੇ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਨ ਅਤੇ ਭਾਜਪਾ ਦੀ ਘਟੀਆ ਰਾਜਨੀਤੀ 'ਤੇ ਵੀ ਕੋਈ ਇਤਰਾਜ਼ ਜ਼ਾਹਿਰ ਨਹੀਂ ਕੀਤਾ। ਚੀਮਾ ਨੇ ਕਾਂਗਰਸ ਅਤੇ ਅਕਾਲੀ ਆਗੂਆਂ ਨੂੰ ਆਮ ਆਦਮੀ ਪਾਰਟੀ ਤੋਂ ਆਪ੍ਰੇਸ਼ਨ ਲੋਟਸ ਦੇ ਸਬੂਤ ਮੰਗਣ 'ਤੇ ਸਵਾਲ ਕੀਤਾ, ‘‘ਕੀ ਇਹ ਸਾਰੇ ਆਗੂ ਅਧਿਕਾਰਤ ਤੌਰ 'ਤੇ ਭਾਜਪਾ ਦੇ ਬੁਲਾਰੇ ਬਣ ਗਏ ਹਨ ਜਾਂ ਕੀ ਉਹ ਵੀ ਭਾਜਪਾ ਵਾਂਗ ਲੋਕਤੰਤਰ ਦਾ ਘਾਣ ਕਰਨਾ ਚਾਹੁੰਦੇ ਹਨ।’’ ਹਰਪਾਲ ਚੀਮਾ ਨੇ ਇਨ੍ਹਾਂ ਸਾਰੇ ਮਾਮਲਿਆਂ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਗੋਆ, ਕਰਨਾਟਕ ਅਤੇ ਮੱਧ ਪ੍ਰਦੇਸ਼ ’ਚ ਹੋਈ ਕਾਂਗਰਸੀ ਵਿਧਾਇਕਾਂ ਦੀ 'ਹੋਰਸ-ਟ੍ਰੇਡਿੰਗ' ਸਮੇਤ ਪੰਜਾਬ ਅਤੇ ਦਿੱਲੀ ਦੇ ‘ਆਪ’ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਚੀਮਾ ਨੇ ਅੱਗੇ ਕਿਹਾ ਕਿ ਭਾਜਪਾ 'ਸੀਰੀਅਲ ਕਿਲਰ' ਹੈ ਜੋ ਦੇਸ਼ ਵਿਰੋਧੀ ਸ਼ਕਤੀਆਂ ਨਾਲ ਮਿਲ ਕੇ 'ਆਪ' ਸਰਕਾਰ ਦਾ ਤਖਤਾ ਪਲਟਣ ਦੀ ਫ਼ਿਰਾਕ ਵਿਚ ਹਨ ਕਿਉਂਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਲਗਾਤਾਰ ਵੱਧ ਰਹੀ ਲੋਕਪ੍ਰਿਅਤਾ ਭਾਜਪਾ ਨੂੰ ਹਜ਼ਮ ਨਹੀਂ ਹੋ ਰਹੀ। ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਰਹੀ ਹੈ ਅਤੇ ਜਲਦੀ ਹੀ ਸਾਰਾ ਕੁਝ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਆਪਣਾ 'ਆਪ੍ਰੇਸ਼ਨ ਲੋਟਸ' ਚਲਾ ਰਹੀ ਹੈ। ਇਸੇ ਤਹਿਤ ਇਨ੍ਹਾਂ ਨੇ ਪਹਿਲਾਂ ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਸਰਕਾਰਾਂ ਬਦਲੀਆਂ ਸਨ ਪਰ ਆਮ ਆਦਮੀ ਪਾਰਟੀ ਨੇ ਪਹਿਲਾਂ ਦਿੱਲੀ ਅਤੇ ਹੁਣ ਪੰਜਾਬ ਇਨ੍ਹਾਂ ਦੀਆਂ ਨਾਪਾਕ ਕੋਸ਼ਿਸ਼ਾਂ 'ਤੇ ਪਾਣੀ ਫੇਰ ਦਿੱਤਾ ਹੈ, ਕਿਉਂਕਿ 'ਆਪ' ਵਿੱਚ ਕੇਜਰੀਵਾਲ ਦੇ ਕੱਟੜ ਸਿਪਾਹੀ ਹਨ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਹੁਣ ਕਿਸਾਨ ਆਪਣੀ ਜ਼ਮੀਨ ਦੀ ਔਸਤ ਉਪਜ ਤੋਂ ਵੱਧ ਫ਼ਸਲ ਨਹੀਂ ਵੇਚ ਸਕਣਗੇ, ਨਹੀਂ ਮਿਲੇਗਾ MSP