ਮਿੱਟੀ ਦੀ ਨਾਜਾਇਜ਼ ਨਿਕਾਸੀ ਕਰਨ ਵਾਲੇ ਅਣਪਛਾਤੇ JCB ਮਾਲਕ ਖ਼ਿਲਾਫ਼ ਮਾਮਲਾ ਦਰਜ
Friday, May 29, 2020 - 12:39 PM (IST)
ਟਾਂਡਾ ਉੜਮੁੜ(ਵਰਿੰਦਰ ਪੰਡਿਤ,ਮੋਮੀ, ਕੁਲਦੀਸ਼) - ਪਿੰਡ ਚੌਟਾਲਾ ਵਿਚ ਨਾਜਾਇਜ਼ ਤਰੀਕੇ ਨਾਲ ਮਿੱਟੀ ਦੀ ਗੈਰ- ਕਾਨੂੰਨੀ ਮਾਈਨਿੰਗ ਕਰਨ ਵਾਲੇ ਅਣਪਛਾਤੇ ਜੇ. ਸੀ. ਬੀ. ਮਾਲਕ ਦੇ ਖ਼ਿਲਾਫ਼ ਟਾਂਡਾ ਪੁਲਸ ਨੇ ਮਾਈਨਿੰਗ ਮਿਨਰਲ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਜੇ. ਈ. ਕੰਮ ਇੰਸਪੈਕਟਰ ਮਾਈਨਿੰਗ ਹੁਸ਼ਿਆਰਪੁਰ ਹਰਮਿੰਦਰ ਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਹੈ |
ਆਪਣੀ ਸ਼ਿਕਾਇਤ ਵਿਚ ਮਾਈਨਿੰਗ ਇੰਸਪੈਕਟਰ ਨੇ ਦੱਸਿਆ ਕਿ 28 ਮਈ ਨੂੰ ਮਾਣਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਕਿਸੇ ਵੱਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਉਨ੍ਹਾਂ ਮੌਕੇ 'ਤੇ ਆ ਕੇ ਜਾਂਚ ਕੀਤੀ ਤਾਂ ਪਿੰਡ ਵਿਚ ਇੱਕ ਖੇਤ ਵਿਚ ਮਿੱਟੀ ਦੀ ਤਾਜ਼ਾ ਮਾਈਨਿੰਗ ਕੀਤੀ ਦੇਖੀ ਗਈ ਅਤੇ ਉੱਥੇ ਇੱਕ ਜੇ. ਸੀ .ਬੀ. ਮਸ਼ੀਨ ਵੀ ਖੜ੍ਹੀ ਸੀ | ਅਜਿਹਾ ਹੋਣ ਦੀ ਸੂਰਤ ਵਿਚ ਸੂਚਨਾ ਦੇਣ 'ਤੇ ਅੱਡਾ ਸਰਾਂ ਪੁਲਸ ਚੌਂਕੀ ਤੋਂ ਥਾਣੇਦਾਰ ਮਹੇਸ਼ ਕੁਮਾਰ ਅਤੇ ਸੁਰਿੰਦਰ ਪਾਲ ਸਿੰਘ ਦਾ ਅਮਲਾ ਮੌਕੇ 'ਤੇ ਪਹੁੰਚਿਆ | ਇਸ ਦੌਰਾਨ ਵੇਖਿਆ ਗਿਆ ਕਿ ਜ਼ਮੀਨ ਵਿਚ ਕਿਸੇ ਕਿਸਮ ਦੀ ਵੀ ਮਿੱਟੀ ਦੀ ਨਿਕਾਸੀ ਸਬੰਧੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਅਤੇ ਉਕਤ ਜ਼ਮੀਨ ਵਿਚ ਜੇ.ਸੀ.ਬੀ. ਨਾਲ ਮਿੱਟੀ ਦੀ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਸੀ | ਟਾਂਡਾ ਪੁਲਸ ਨੇ ਜੇ.ਸੀ.ਬੀ. ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਦੇ ਮਾਲਕ ਵਿਰੁੱਧ ਮਾਈਨਿੰਗ ਮਿਨਰਲ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |