ਅਸੀਂ ਇਨਸਾਫ਼ ਦੀ ਲੜਾਈ ਲੜਨੀ ਹੈ, ਮਰਹੂਮ ਸਿੱਧੂ ਮੂਸੇਵਾਲਾ ਦੇ ਨਾਂ 'ਤੇ ਵੋਟਾਂ ਨਹੀਂ ਮੰਗਣੀਆਂ : ਰਾਜਾ ਵੜਿੰਗ

Tuesday, Jun 14, 2022 - 09:32 PM (IST)

ਭਵਾਨੀਗੜ੍ਹ (ਕਾਂਸਲ) : ਲੋਕਾਂ ਵੱਲੋਂ ਅਣਜਾਣ ਵਿਅਕਤੀਆਂ ਜਿਨ੍ਹਾਂ ਕੋਲ ਸਰਕਾਰ ਚਲਾਉਣ ਦਾ ਕੋਈ ਤਜਰਬਾ ਨਹੀਂ ਹੈ, ਦੇ ਹੱਥਾਂ ’ਚ ਸੂਬੇ ਦੀ ਡੋਰ ਫੜਾ ਦੇਣ ਕਾਰਨ ਅੱਜ ਸੂਬੇ ਦੇ ਹਲਾਤ ਲਗਾਤਾਰ ਖਰਾਬ ਹੋ ਰਹੇ ਹਨ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪਿੰਡ ਪੰਨਵਾਂ ਵਿਖੇ ਸੰਗਰੂਰ ਲੋਕ ਸਭਾ ਉਪ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਹੱਕ ’ਚ ਇਕ ਚੋਣ ਸਭਾ ਨੂੰ ਸੰਬੋਧਨ ਕਰਨ ਮੌਕੇ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਨਾਂ ’ਚ 'ਆਪ' ਸਰਕਾਰ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਹੈ। 'ਆਪ' ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਹੋਣ ਕਾਰਨ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਵਾਅਦਾ-ਖ਼ਿਲਾਫ਼ੀ ਹੋਈ ਹੈ। ਇਸ ਲਈ ਸਾਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਜਨਤਾ ਦਾ ਰੁੱਖ ਬਦਲੇਗਾ ਤੇ ਸੰਗਰੂਰ ਦੇ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਉਣਗੇ।

ਖ਼ਬਰ ਇਹ ਵੀ : ਮੂਸੇਵਾਲਾ ਕਤਲ ਕਾਂਡ 'ਚ 2 ਗੈਂਗਸਟਰ ਗ੍ਰਿਫ਼ਤਾਰ ਤਾਂ ਉਥੇ ਹੀ ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਜਾ ਰਿਹਾ ਪੰਜਾਬ, ਪੜ੍ਹੋ TOP 10

ਉਨ੍ਹਾਂ ਕਿਹਾ ਕਿ ਸੰਗਰੂਰ ਦੇ ਲੋਕ ਬਹੁਤ ਹੀ ਭਾਵੁਕ ਲੋਕ ਹਨ, ਜੋ ਬਹੁਤ ਜਲਦੀ ਕਿਸੇ ਨੂੰ ਪਿਆਰ ਕਰਦੇ ਹਨ ਪਰ ਜੇਕਰ ਅੱਗੋਂ ਉਨ੍ਹਾਂ ਦੀ ਗੱਲ ਨਾ ਮੰਨੀ ਜਾਵੇ ਤਾਂ ਉਹ ਉਸ ਦਾ ਢੁੱਕਵਾਂ ਜਵਾਬ ਵੀ ਦਿੰਦੇ ਹਨ। ਲੋਕਾਂ ਦੇ ਚਿਹਰਿਆਂ 'ਤੇ ਝਲਕ ਰਹੇ ਗੁੱਸੇ ਤੋਂ ਸਾਫ਼ ਹੈ ਕਿ ਉਹ 'ਆਪ' ਨੂੰ ਢੁੱਕਵਾਂ ਜਵਾਬ ਦੇਣ ਲਈ ਤਿਆਰ ਹਨ। ਕਾਂਗਰਸ ਉਮੀਦਵਾਰ ਦਲਵੀਰ ਗੋਲਡੀ ਵੱਲੋਂ ਆਪਣੇ ਚੋਣ ਪ੍ਰਚਾਰ ਲਈ ਤਿਆਰ ਕਰਵਾਏ ਗੀਤ ਨੂੰ 'ਆਪ' ਦੇ ਇਕ ਵਿਧਾਇਕ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਦੱਸ ਕੇ ਉਸ 'ਤੇ ਕੀਤੀ ਗਈ ਟਿੱਪਣੀ ਦੇ ਸਬੰਧ ’ਚ ਪੁੱਛੇ ਜਾਣ ’ਤੇ ਰਾਜਾ ਵੜਿੰਗ ਨੇ 'ਤੜਿੰਗ' ਹੁੰਦਿਆਂ ਕਿਹਾ ਕਿ ਪਾਗਲ ਹੋ ਗਿਆ ਹੈ ਉਹ ਵਿਧਾਇਕ। ਉਨ੍ਹਾਂ ਅੱਗੇ ਕਿਹਾ ਕਿ ਉਮੀਦਵਾਰ ਗੋਲਡੀ ਨੇ ਇਹ ਆਪਣਾ ਗੀਤ ਲਾਂਚ ਕੀਤਾ ਹੈ, ਜਿਸ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਿਅਕਤੀਆਂ ਦੀਆਂ ਫੋਟੋਆਂ ਹਨ।

ਇਹ ਵੀ ਪੜ੍ਹੋ : ਵਿਵਾਦਾਂ 'ਚ ਰਹੀ ਉਡਾਣ ਇੰਮੀਗ੍ਰੇਸ਼ਨ ਦੇ ਗੁਰਪ੍ਰੀਤ ਸਿੰਘ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕਿਸੇ ਇਕ ਵਿਅਕਤੀ ਦਾ ਖਾਸ ਨਹੀਂ ਸੀ, ਉਹ ਸਭ ਦਾ ਸਾਂਝਾ ਸੀ। ਉਸ ਦੇ ਚਲੇ ਜਾਣ ਤੋਂ ਬਾਅਦ ਪੂਰੀ ਦੁਨੀਆ ਨੇ ਜਿਥੇ ਉਸ ਦੀ ਦਰਦਨਾਕ ਮੌਤ 'ਤੇ ਗਹਿਰਾ ਦੁੱਖ ਜ਼ਾਹਿਰ ਕੀਤਾ ਹੈ, ਉਥੇ ਉਸ ਨੂੰ ਬਹੁਤ ਜ਼ਿਆਦਾ ਪਿਆਰ ਵੀ ਦਿੱਤਾ ਹੈ। ਇਸ ਲਈ ਇਹ ਗੱਲ ਸਾਫ਼ ਹੈ ਕਿ ਕੋਈ ਵੀ ਉਸ ਦੇ ਨਾਂ 'ਤੇ ਵੋਟਾਂ ਨਾ ਮੰਗੇ। ਉਨ੍ਹਾਂ ਕਿਹਾ ਕਿ ਅਸੀਂ ਇਨਸਾਫ਼ ਦੀ ਲੜਾਈ ਲੜਨੀ ਹੈ, ਨਾ ਕਿ ਸਿੱਧੂ ਮੂਸੇਵਾਲਾ ਦੇ ਨਾਂ 'ਤੇ ਵੋਟਾਂ ਮੰਗਣੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵਿਗੜ ਰਹੇ ਹਾਲਾਤ ਨੂੰ ਦੇਖਦਿਆਂ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਇੱਧਰ-ਉਧਰ ਹੋਰ ਰਾਜਾਂ ’ਚ ਜਾਣ ਦੀ ਥਾਂ ਪਹਿਲਾਂ ਇਥੇ ਅਮਨ-ਸ਼ਾਂਤੀ ਦਾ ਮਾਹੌਲ ਬਣਾਉਣ ਲਈ ਇਥੋਂ ਦੇ ਕੰਮਾਂ ਨੂੰ ਤਵੱਜੋ ਦੇਵੇ।

ਇਹ ਵੀ ਪੜ੍ਹੋ : ਸਵਿਮਿੰਗ ਪੂਲ 'ਚ ਨਹਾਉਂਦੇ ਸਮੇਂ ਨੌਜਵਾਨਾਂ 'ਚ ਹੋਈ ਤਕਰਾਰ, ਚੱਲੀਆਂ ਗੋਲੀਆਂ

ਇਸ ਮੌਕੇ ਉਨ੍ਹਾਂ ਨਾਲ ਵਿਜੈਇੰਦਰ ਸਿੰਗਲਾ ਸਾਬਕਾ ਕੈਬਨਿਟ ਮੰਤਰੀ, ਸੰਦੀਪ ਸੰਧੂ ਸੂਬਾ ਜਨਰਲ ਸਕੱਤਰ, ਕੁਲਜੀਤ ਸਿੰਘ ਨਾਗਰਾ, ਕੁਲਬੀਰ ਸਿੰਘ ਜ਼ੀਰਾ, ਮੋਹਿਤ ਮਹਿੰਦਰਾ, ਵਰਿੰਦਰ ਪੰਨਵਾ ਚੇਅਰਮੈਨ ਬਲਾਕ ਸੰਮਤੀ, ਜਗਮੀਤ ਸਿੰਘ ਭੋਲਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਮੌਜੂਦ ਸਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News