ਕੈਨੇਡਾ ''ਚ ਕੁਝ ਮੁੱਠੀ ਭਰ ਲੋਕ ਹੀ ਖਾਲਿਸਤਾਨ ਦੀ ਗੱਲ ਕਰਦੇ ਨੇ
Wednesday, Feb 21, 2018 - 07:27 AM (IST)

ਜਲੰਧਰ (ਚਾਵਲਾ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਸਰਕਾਰ ਵਲੋਂ ਵਿਖਾਈ ਗਈ ਬੇਰੁਖ਼ੀ ਨੂੰ ਕੂਟਨੀਤਕ ਖੁਸ਼ਕੀ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸਿਆਸੀ ਮੁਫਾਦਾਂ ਲਈ ਦੇਸ਼ ਦੀ ਕੂਟਨੀਤੀ ਨੂੰ ਢਾਅ ਲਾਈ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਭਾਰਤੀ ਵਿਦੇਸ਼ ਨੀਤੀ 'ਤੇ ਸਿਆਸੀ ਲੋਕਾਂ ਅਤੇ ਏਜੰਸੀਆਂ ਦੇ ਨਿੱਜੀ ਮੁਫਾਦ ਭਾਰੂ ਹੋਣ ਦਾ ਵੀ ਦਾਅਵਾ ਕਰਦਿਆਂ ਮੰਨਿਆ ਹੈ ਕਿ ਆਪਣੀ ਵਜ਼ਾਰਤ 'ਚ 4 ਸਿੱਖ ਮੰਤਰੀ ਰੱਖਣ ਵਾਲੇ ਟਰੂਡੋ ਦੀ ਸਰਕਾਰ ਨੂੰ ਵੱਖਵਾਦੀਆਂ ਦੀ ਸਮਰਥਕ ਬਿਨਾਂ ਤੱਥਾਂ ਦੇ ਸਾਬਤ ਕਰਨ ਦੀ ਹੋੜ ਲੱਗੀ ਹੋਈ ਹੈ । ਭਾਰਤ ਸਰਕਾਰ ਨੂੰ ਟਰੂਡੋ ਦਾ ਸਵਾਗਤ ਗਰਮਜੋਸ਼ੀ ਨਾਲ ਕਰਨਾ ਚਾਹੀਦਾ ਸੀ ਕਿਉਂਕਿ ਕੈਨੇਡਾ 'ਚ ਵੱਡੀ ਗਿਣਤੀ 'ਚ ਪੰਜਾਬੀ ਅਤੇ ਗੁਜਰਾਤੀ ਸਵੈ-ਮਾਣ ਨਾਲ ਜ਼ਿੰਦਗੀ ਜੀਅ ਰਹੇ ਹਨ ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ ਵੀ ਕੁਝ ਮੁੱਠੀ ਭਰ ਲੋਕ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੋਏ ਘੱਟਗਿਣਤੀ ਲੋਕਾਂ ਨੂੰ ਪਾਕਿਸਤਾਨ ਚਲੇ ਜਾਣ ਦੀ ਸਲਾਹ ਦਿੰਦੇ ਹਨ । ਇਸੇ ਤਰ੍ਹਾਂ ਹੀ ਕੈਨੇਡਾ 'ਚ ਕੁਝ ਮੁੱਠੀ ਭਰ ਲੋਕ ਖਾਲਿਸਤਾਨ ਦੀ ਗੱਲ ਕਰਦੇ ਹਨ । ਦੋਵੇਂ ਲੋਕਤੰਤਰਿਕ ਦੇਸ਼ ਹਨ । ਇਸ ਕਰਕੇ ਕੁਝ ਲੋਕਾਂ ਦੀ ਰਾਏ ਨੂੰ ਦੇਸ਼ ਜਾਂ ਸਰਕਾਰ ਦੀ ਰਾਏ ਬਣਾਉਣਾ ਗਲਤ ਹੈ । ਜੀ. ਕੇ. ਨੇ ਕਿਹਾ ਕਿ ਇਕ ਪਾਸੇ ਤਾਂ ਭਾਰਤ ਸਰਕਾਰ ਪਾਕਿਸਤਾਨ ਅਤੇ ਚੀਨ ਨਾਲ ਜੰਗੀ ਹਾਲਾਤ ਦੇ ਬਾਵਜੂਦ ਦੋਸਤੀ ਨਿਭਾਉਣ ਨੂੰ ਬਜ਼ਿੱਦ ਨਜ਼ਰ ਆਉਂਦੀ ਹੈ ਤੇ ਦੂਜੇ ਪਾਸੇ ਸਿੱਖਾਂ ਦੀ ਹਮਾਇਤੀ ਟਰੂਡੋ ਸਰਕਾਰ ਖਿਲਾਫ਼ ਕੂਟਨੀਤਕ ਬੇਰੁਖ਼ੀ ਸਮਝ ਤੋਂ ਬਾਹਰ ਹੈ । ਉਨ੍ਹਾਂ ਦਾਅਵਾ ਕੀਤਾ ਕਿ ਸੁਰੱਖਿਆ ਏਜੰਸੀਆਂ ਸਿੱਖਾਂ ਨੂੰ ਵੱਖਵਾਦੀ ਸਾਬਤ ਕਰਨ ਦੇ ਏਜੰਡੇ 'ਤੇ ਲਗਾਤਾਰ ਚੱਲ ਰਹੀਆਂ ਹਨ, ਜਿਸ ਕਰਕੇ ਕੈਪਟਨ ਨੇ ਵੀ ਬਿਨਾਂ ਤੱਥਾਂ ਦੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਖਿਲਾਫ਼ ਜ਼ਹਿਰ ਉਗਲਿਆ ਸੀ ।
ਉਨ੍ਹਾਂ ਕੈਪਟਨ ਨੂੰ ਸਵਾਲ ਪੁੱਛਿਆ ਕਿ ਜੇਕਰ ਕੈਨੇਡਾ ਤੋਂ ਪੰਜਾਬ 'ਚ ਅੱਤਵਾਦ ਭੜਕਾਉਣ ਵਾਸਤੇ ਕਿਸੇ ਫੰਡਿੰਗ ਦੇ ਪੰਜਾਬ ਪੁਲਸ ਕੋਲ ਸਬੂਤ ਸਨ ਤਾਂ ਪੰਜਾਬ ਪੁਲਸ ਨੇ ਖੁਦ ਉਸ ਨੂੰ ਲੋਕਾਂ ਸਾਹਮਣੇ ਜਨਤਕ ਕਰਨ ਤੋਂ ਪਾਸਾ ਕਿਉਂ ਵੱਟਿਆ ਸੀ? ਜੇਕਰ ਸੱਜਣ ਦੇ ਖਾਲਿਸਤਾਨ ਸਮਰਥਕਾਂ ਨਾਲ ਸਬੰਧ ਹਨ ਤਾਂ ਫਿਰ ਕੈਪਟਨ ਟਰੂਡੋ ਨੂੰ ਮਿਲਣ ਵਾਸਤੇ ਤਰਲੋ-ਮੱਛੀ ਕਿਉਂ ਹਨ? ਕੈਨੇਡਾ ਦੀ ਸਰਕਾਰ ਨੇ ਹਮੇਸ਼ਾ ਸਿੱਖਾਂ ਦਾ ਦਿਲ ਜਿੱਤਿਆ ਹੈ । ਚਾਹੇ ਗੱਲ 100 ਸਾਲ ਬਾਅਦ ਕਾਮਾਗਾਟਾਮਾਰੂ ਦੀ ਘਟਨਾ ਲਈ ਮੁਆਫੀ ਮੰਗਣ ਦੀ ਹੋਵੇ ਜਾਂ ਓਂਟਾਰੀਓ ਵਿਧਾਨ ਸਭਾ 'ਚ 1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦੇਣ ਦਾ ਮਾਮਲਾ ਹੋਵੇ । ਉਨ੍ਹਾਂ ਕਿਹਾ ਕਿ ਕੈਨੇਡਾ 'ਚ ਵਸਦੇ ਕੁਝ ਵੱਖਵਾਦੀ ਸਮਰਥਕਾਂ ਕਰਕੇ ਸਾਰੇ ਸਿੱਖਾਂ ਨੂੰ ਵੱਖਵਾਦੀ ਦੱਸਣ ਦੇ ਨਾਲ ਹੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਪ੍ਰਵਾਸੀ ਸਿੱਖਾਂ ਨੂੰ ਖਾਲਿਸਤਾਨੀ ਦੱਸਣ ਦੇ ਰੁਝਾਨ ਨੂੰ ਬੰਦ ਕਰਨਾ ਚਾਹੀਦਾ ਹੈ ।