ਪੁਲਸ ਵਾਲੇ ਨੇ ਕਾਰਾਂ ਦੇ ਸ਼ੀਸ਼ੇ ਭੰਨ ਫੈਲਾਈ ਦਹਿਸ਼ਤ (ਵੀਡੀਓ)
Sunday, Nov 25, 2018 - 10:28 AM (IST)
ਫਿਰੋਜ਼ਪੁਰ (ਸੰਨੀ ਚੋਪੜਾ) - ਫਿਰੋਜ਼ਪੁਰ 'ਚ ਪਿਛਲੇ ਕਈ ਦਿਨਾਂ ਤੋਂ ਰਾਤ ਦੇ ਸਮੇਂ ਸੜਕਾਂ 'ਚੇ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਤੋੜਨ ਵਾਲੇ ਵਿਅਕਤੀ ਦਾ ਪਰਦਾਫਾਸ਼ ਹੋ ਗਿਆ ਹੈ। ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਜਦੋਂ ਮੁਹੱਲਾ ਵਾਸੀਆਂ ਨੇ ਸੀ. ਸੀ. ਟੀ. ਵੀ. ਤਸਵੀਰਾਂ ਖੰਘਾਲੀਆਂ ਤਾਂ ਖੁਲਾਸਾ ਹੋਇਆ ਕਿ ਕਾਰਾਂ ਦੇ ਸ਼ੀਸ਼ੇ ਕਿਸੇ ਚੋਰ ਚੱਕੇ ਵਲੋਂ ਨਹੀਂ ਬਲਕਿ ਇਕ ਪੁਲਸ ਮੁਲਾਜ਼ਮ ਵਲੋਂ ਹੀ ਤੋੜੇ ਜਾ ਰਹੇ ਸੀ। ਮੁਹੱਲਾ ਵਾਸੀਆਂ ਨੇ ਦਾਅਵਾ ਕਰਦਿਆਂ ਕਿਹਾ ਕਿ ਸੀ. ਸੀ. ਟੀ. ਵੀ. ਤਸਵੀਰਾਂ 'ਚ ਜੋ ਵਿਅਕਤੀ ਸ਼ੀਸ਼ੇ ਤੋੜ ਰਿਹਾ ਹੈ, ਉਹ ਇਕ ਪੁਲਸ ਮੁਲਾਜ਼ਮ ਹੈ ਅਤੇ ਉਸ ਕੋਲ ਸਰਕਾਰੀ ਅਸਲਾ ਵੀ ਹੈ।
ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮੁਹੱਲਾ ਵਾਸੀਆਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਇਕੱਠੇ ਹੋਏ ਮੁਹੱਲਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ੀਸ਼ੇ ਤੋੜਨ ਵਾਲੇ ਪੁਲਸ ਮੁਲਾਜ਼ਮ ਨੂੰ ਸਸਪੈਂਡ ਕੀਤਾ ਜਾਵੇ, ਕਿਉਂਕਿ ਉਸ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਉਹ ਇਸ ਤੋਂ ਇਲਾਵਾ ਕੁਝ ਹੋਰ ਵੀ ਵੱਡਾ ਨੁਕਸਾਨ ਕਰ ਸਕਦਾ ਹੈ।