ਫਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਨੇ ਸਮਾਜ ਸੇਵਾ ਬਹਾਨੇ ਕੈਦੀ ਨੂੰ 5 ਮੋਬਾਈਲ ਭੇਜਣ ਦੀ ਯੋਜਨਾ ਦਾ ਭੰਨਿਆ ਭਾਂਡਾ

Monday, Apr 20, 2020 - 11:38 PM (IST)

ਫਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਨੇ ਸਮਾਜ ਸੇਵਾ ਬਹਾਨੇ ਕੈਦੀ ਨੂੰ 5 ਮੋਬਾਈਲ ਭੇਜਣ ਦੀ ਯੋਜਨਾ ਦਾ ਭੰਨਿਆ ਭਾਂਡਾ

ਚੰਡੀਗੜ੍ਹ— ਫਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਨੇ ਅੱਜ ਆਪਣੀ ਮੁਸਤੈਦੀ ਨਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਮੈਡੀਕਲ ਸਟਾਫ ਨੂੰ ਜ਼ਰੂਰੀ ਸਮਾਨ ਦੇਣ ਦੇ ਬਹਾਨੇ ਜੇਲ੍ਹ ਅੰਦਰ ਬੰਦ 'ਏ' ਕੈਟਾਗੇਰੀ ਦੇ ਗੈਂਗਸਟਰ ਨੂੰ ਪੰਜ ਮੋਬਾਈਲ ਫੋਨ ਤੇ ਹੋਰ ਸਮਾਨ ਭੇਜਣ ਦੀ ਸਕੀਮ ਦਾ ਭਾਂਡਾ ਭੰਨ੍ਹਿਆ। ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਤੇ ਜੇਲ੍ਹਾਂ ਵਿਚਲੇ ਸਟਾਫ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਚੌਕਸ ਰਹਿਣ ਦੇ ਆਦੇਸ਼ ਦਿੰਦਿਆਂ ਕਿਹਾ ਹੈ ਕਿ ਕੋਈ ਵੀ ਗੈਰ ਸਮਾਜੀ ਇਸ ਸਥਿਤੀ ਦਾ ਫਾਇਦਾ ਨਾ ਉਠਾ ਸਕੇ।

ਜੇਲ੍ਹ ਮੰਤਰੀ ਨੇ ਦੱਸਿਆ ਕਿ ਅੱਜ ਫਿਰੋਜ਼ਪੁਰ ਜੇਲ੍ਹ 'ਚ ਸੋਨੂੰ ਪੁਰੀ ਤੇ ਦੀਪਕ ਨਾਂ ਦੇ ਦੋ ਵਿਅਕਤੀ ਵਰਦੀ ਪਾਏ ਏ. ਐੱਸ. ਆਈ. ਰਾਕੇਸ਼ ਕੁਮਾਰ ਦੇ ਨਾਲ ਆਏ। ਇਨ੍ਹਾਂ ਨੇ ਜੇਲ੍ਹ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਨੂੰ ਦੱਸਿਆ ਕਿ ਉਹ ਕੋਰੋਨਾ ਮਹਾਮਾਰੀ ਦੇ ਕਾਰਨ ਜੇਲ੍ਹ 'ਚ ਮੈਡੀਕਲ ਸਟਾਫ ਲਈ 10 ਪੀ.ਪੀ.ਈ. ਕਿੱਟਾਂ, 1500 ਮਾਸਕ ਤੇ 1000 ਸੈਨੀਟਾਈਜ਼ਰ ਦੀਆਂ ਬੋਤਲਾਂ ਦੇਣ ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਲ੍ਹ 'ਚ ਬੰਦ ਉਨ੍ਹਾਂ ਦੇ ਇਕ ਸਾਥੀ ਨੂੰ ਉਹ ਪ੍ਰੋਟੀਨ ਪਾਊਡਰ, ਕਸਰਤ ਲਈ ਡੰਬਲ ਅਤੇ ਕੈਰਮ ਬੋਰਡ ਦੇਣਾ ਚਾਹੁੰਦੇ ਹਨ।
ਜੇਲ੍ਹ ਮੰਤਰੀ ਸ. ਰੰਧਾਵਾ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਨੂੰ ਜਦੋਂ ਪਤਾ ਚੱਲਿਆ ਕਿ ਉਨ੍ਹਾਂ ਵਿਅਕਤੀਆਂ ਦਾ ਸਾਥੀ ਹਵਾਲਾਤੀ ਦੀਪਕ 'ਏ' ਕੈਟਾਗਰੀ ਦਾ ਗੈਂਗਸਟਰ ਹੈ ਅਤੇ ਜੇਲ੍ਹ ਦੇ ਉੱਚ ਸੁਰੱਖਿਆ ਜ਼ੋਨ 'ਚ ਬੰਦ ਹੈ ਤਾਂ ਉਸ ਨੂੰ ਸ਼ੱਕ ਪਿਆ। ਜੇਲ੍ਹ ਸੁਪਰਡੈਂਟ ਨੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਬਰਾੜ ਨੂੰ ਕੈਰਮ ਬੋਰਡ ਚੰਗੀ ਤਰ੍ਹਾਂ ਚੈਕ ਕਰਨ ਲਈ ਕਿਹਾ ਤੇ ਇਸ ਤਲਾਸ਼ੀ ਦੌਰਾਨ ਉਸ ਨੂੰ ਕੈਰਮ ਬੋਰਡ 'ਚ ਵੱਖ-ਵੱਖ ਖਾਨੇ ਬਣਾ ਕੇ 5 ਮੋਬਾਈਲ, 2 ਚਾਰਜਰ, 3 ਈਅਰਫ਼ੋਨ ਤੇ 2 ਡਾਟਾ ਕੇਬਲ ਬਰਾਮਦ ਕੀਤੇ, ਜੋ ਗੈਂਗਸਟਰ ਹਵਾਲਾਤੀ ਬੰਦੀ ਤਕ ਪਹੁੰਚਾਉਣਾ ਚਾਹੁੰਦੇ ਸਨ। ਇਸ ਤੋਂ ਬਾਅਦ ਕੋਸ਼ਿਸ਼ ਕਰਨ 'ਤੇ ਪਤਾ ਲੱਗਿਆ ਕਿ ਉਨ੍ਹਾਂ ਦੀ ਕੋਈ ਵੀ ਸਮਾਜ ਸੇਵੀ ਸੰਸਥਾ ਨਹੀਂ ਸੀ। ਜੇਲ੍ਹ ਸੁਪਰਡੈਂਟ ਨੇ ਏ. ਐੱਸ. ਆਈ. ਤੇ ਇਨ੍ਹਾਂ ਵਿਅਕਤੀਆਂ 'ਤੇ ਪੁਲਸ ਕਾਰਵਾਈ ਕਰਨ ਲਈ ਥਾਣਾ ਸਿਟੀ ਫਿਰੋਜ਼ਪੁਰ ਨੂੰ ਲਿਖ ਕੇ ਭੇਜ ਦਿੱਤਾ ਹੈ।

 


author

Deepak Kumar

Content Editor

Related News