ਫਿਰੋਜ਼ਪੁਰ ਦੀਆਂ ਕੁੜੀਆਂ ਨੇ ਚੁੱਕਿਆ ਆਪਣੀ ਸੁਰੱਖਿਆ ਕਰਨ ਦਾ ਜਿੰਮਾ
Tuesday, Dec 10, 2019 - 10:08 AM (IST)
ਫਿਰੋਜ਼ਪੁਰ (ਸੰਨੀ ਚੋਪੜਾ) - ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਆਏ ਦਿਨ ਧੀਆਂ ਨਾਲ ਬਲਾਤਕਾਰ ਅਤੇ ਛੇੜਛਾੜ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਲਗਾਤਾਰ ਵੱਧ ਰਹੀਆਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪੁਲਸ ਤੇ ਸਰਕਾਰਾਂ ਅਸਮਰਥ ਦਿਖਾਈ ਦੇ ਰਹੀਆਂ ਹਨ। ਇਸੇ ਕਰਕੇ ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦੀਆਂ ਕੁੜੀਆਂ ਨੇ ਆਪਣੀ ਸੁਰੱਖਿਆ ਕਰਨ ਦਾ ਜਿੰਮਾ ਖੁਦ ਚੁੱਕ ਲਿਆ ਹੈ। ਉਨ੍ਹਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਤਾਈਕਵਾਡੋਂ (ਕਰਾਟੇ) ਸਿੱਖਣੇ ਸ਼ੁਰੂ ਕਰ ਦਿੱਤੇ ਹਨ ਤਾਂਕਿ ਉਹ ਮਾੜੇ ਲੋਕਾਂ ਤੋਂ ਆਪਣੀ ਸੁਰੱਖਿਆ ਖੁਦ ਕਰ ਸਕਣ।
ਦੱਸ ਦੇਈਏ ਕਿ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਤਾਈਕਵਾਡੋਂ ਸਿੱਖਣ ਵਾਲੀਆਂ ਕੁੜੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੁੜੀਆਂ ਦੇ ਪਰਿਵਾਰਕ ਵਾਲੇ ਆਪਣੀਆਂ ਧੀਆਂ ਨੂੰ ਕਰਾਟੇ ਸਿਖਾਉਣ ਲਈ ਆਪ ਲੈ ਕੇ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਧੀਆਂ ਸੁਰੱਖਿਆ ਦੇ ਲਈ ਕਿਸੇ ਦੀ ਮੋਹਤਾਜ ਨਾ ਹੋਣ। ਦੂਜੇ ਪਾਸੇ ਲੋਕਾਂ ਨੇ ਸਰਕਾਰਾਂ ਨੂੰ ਮਹਿਲਾਵਾਂ ਦੀ ਸੁਰੱਖਿਆ ਲਈ ਸ਼ਖਤ ਕਦਮ ਉਠਾਉਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਹੈਦਰਾਬਾਦ ਕਾਂਡ ਮਗਰੋਂ ਸਰਕਾਰਾਂ ਗੰਭੀਰ ਦਿਖ ਰਹੀਆਂ ਹਨ। ਉਨ੍ਹਾਂ ਔਰਤਾਂ ਦੀ ਸੁਰੱਖਿਆ ਲਈ ਕਈ ਐਪ ਵੀ ਲਾਂਚ ਕੀਤੀਆਂ ਹਨ। ਇਸ ਸਭ ਦੇ ਬਾਵਜੂਦ ਧੀਆਂ ਖੁਦ ਸੈਲਫ ਡਿਫੈਂਸ ਹੋਣਾ ਚਾਹੁੰਦੀਆਂ ਹਨ।