ਅਵਾਰਾ ਪਸ਼ੂ ਨਾਲ ਟਕਰਾਇਆ ਸਵਾਰੀਆਂ ਨਾਲ ਭਰਿਆ ਆਟੋ, 2 ਦੀ ਮੌਤ
Wednesday, Mar 04, 2020 - 11:22 AM (IST)
ਫਿਰੋਜ਼ਪੁਰ (ਕੁਮਾਰ, ਮਨਦੀਪ) - ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਨਵਾ ਕਿਲਾ ਦੇ ਨੇੜੇ ਬੀਤੀ ਦੇਰ ਰਾਤ ਸੜਕ ’ਤੇ ਘੰਮ ਰਹੇ ਆਵਾਰਾ ਪਸ਼ੂ ਨਾਲ ਇਕ ਆਟੋ ਦੇ ਟਕਰਾ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਸ਼ੂ ਕਾਰਨ ਹਾਦਸਾ ਵਾਪਰ ਜਾਣ ’ਤੇ ਆਟੋ ’ਚ ਸਵਾਰ 2 ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 3 ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਾਦਸੇ ’ਚ ਮਰੇ ਗਏ ਦੋ ਵਿਅਕਤੀਆਂ ’ਚੋਂ ਇਕ ਵਿਅਕਤੀ ਬੀ.ਐੱਸ.ਐੱਫ ਦਾ ਜਵਾਨ ਸੀ ਅਤੇ ਦੂਜਾ ਪਿੰਡੂ ਬੇਟੂ ਕਦੀਮ ਦਾ ਰਹਿਣ ਵਾਲਾ ਚਨਨ ਸਿੰਘ ਹੈ।
ਇਸ ਸਬੰਧੀ ਪਿੰਡ ਬੇਟੂ ਕਦੀਮ ਦੇ ਵੀਰ ਸਿੰਘ ਨੇ ਦੱਸਿਆ ਕਿ ਕੱਲ ਸਵੇਰੇ ਉਸ ਦਾ ਪਿਤਾ ਚੰਨਣ ਸਿੰਘ ਅਤੇ ਰਿਸ਼ਤੇਦਾਰੀ ਵਿਚ ਚਾਚਾ ਗੁਰਚਰਨ ਸਿੰਘ ਆਪਣੀਆਂ ਅੱਖਾਂ ਦੇ ਇਲਾਜ ਲਈ ਚੰਡੀਗੜ੍ਹ ਗਏ ਸਨ । ਦੇਰ ਹੋਣ ਤੋਂ ਬਾਅਦ ਫਿਰੋਜ਼ਪੁਰ ਤੋਂ ਕਿਰਾਏ ’ਤੇ ਆਟੋ ਰਿਕਸ਼ਾ ਕਰ ਲਿਆ, ਜਿਸ ਵਿਚ ਜਲਾਲਾਬਾਦ ਜਾਣ ਲਈ 2 ਫੌਜੀ ਵੀ ਸਵਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜਦ ਸਵਾਰੀਆਂ ਨਾਲ ਭਰਿਆ ਆਟੋ ਫਿਰੋਜ਼ਪੁਰ-ਫਾਜ਼ਿਲਕਾ ਜੀ. ਟੀ. ਰੋਡ ’ਤੇ ਸਥਿਤ ਪਿੰਡ ਨਵਾਂ ਕਿਲਾ ਦੇ ਨੇੜੇ ਪਹੁੰਚਿਆ ਤਾਂ ਬੇਸਹਾਰਾ ਪਸ਼ੂ ਅੱਗੇ ਆ ਜਾਣ ਕਾਰਣ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਉਸ ਦੇ ਪਿਤਾ ਅਤੇ ਇਕ ਫੌਜੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਬੇਸਹਾਰਾ ਪਸ਼ੂ ਨਾਲ ਟਕਰਾਉਣ ਦੌਰਾਨ ਕਿਸੇ ਵੱਡੇ ਵਾਹਨ ਨੇ ਵੀ ਟੱਕਰ ਮਾਰੀ ਹੈ, ਜਿਸ ਕਾਰਣ ਇੰਨਾ ਵੱਡਾ ਹਾਦਸਾ ਵਾਪਰਿਆ ਹੈ।
ਉਧਰ ਘਟਨਾ ਦਾ ਜਾਇਜ਼ਾ ਲੈ ਕੇ ਫਿਰੋਜ਼ਪੁਰ ਸਿਵਲ ਹਸਪਤਾਲ ’ਚ ਜਾ ਰਹੇ ਤਫਤੀਸ਼ੀ ਅਧਿਕਾਰੀ ਏ. ਐੱਸ. ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਚੰਨਣ ਸਿੰਘ ਪਿੰਡ ਬੇਟੂ ਕਦੀਮ ਅਤੇ ਕਾਂਸਟੇਬਲ ਭੱਪੀ ਕੁਮਾਰ ਬਰਮਨ 124 ਬਟਾਲੀਅਨ ਬੀ. ਐੱਸ. ਐੱਫ. ਜਲਾਲਾਬਾਦ ਦੀ ਮੌਕੇ ’ਤੇ ਮੌਤ ਹੋ ਗਈ। ਇਸ ਹਾਦਸੇ ’ਚ ਟੈਂਪੂ ਡਰਾਈਵਰ ਵਨੀਤ ਕੁਮਾਰ ਗੁਰੂਹਰਸਹਾਏ, ਕਾਂਸਟੇਬਲ ਚੰਦਨ ਸ਼ਾਹ 124 ਬਟਾਲੀਅਨ ਬੀ.ਐੱਸ.ਐੱਫ. ਜਲਾਲਾਬਾਦ ਅਤੇ ਗੁਰਚਰਨ ਸਿੰਘ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਚੱਲ ਰਿਹਾ ਹੈ। ਪੁਲਸ ਨੇ ਧਾਰਾ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।