ਮੀਂਹ ਅਤੇ ਤੂਫਾਨ ਕਾਰਣ ਮਚਿਆ ਤਾਂਡਵ (ਤਸਵੀਰਾਂ)
Saturday, Jul 06, 2019 - 05:21 PM (IST)

ਫਿਰੋਜ਼ਪੁਰ (ਭੁੱਲਰ) – ਇਲਾਕੇ 'ਚ ਬੀਤੀ ਰਾਤ ਆਏ ਤੂਫਾਨ ਨੇ ਕੁਝ ਹੀ ਸਮੇਂ ਵਿਚ ਭਾਰੀ ਤਬਾਹੀ ਦਾ ਤਾਂਡਵ ਮਚਾ ਦਿੱਤਾ। ਸ਼ਹਿਰ ਦੇ ਨਾਲ-ਨਾਲ ਪਿੰਡਾਂ ਅਤੇ ਖੇਤਾਂ 'ਚ ਜਿਥੇ ਵੱਡੇ ਪੱਧਰ 'ਤੇ ਦਰੱਖਤ ਡਿੱਗੇ, ਉਥੇ ਸੜਕਾਂ ਕੰਢੇ ਵੱਡੇ ਦਰੱਖਤਾਂ ਦੇ ਡਿੱਗਣ ਕਾਰਣ ਕਈ ਥਾਵਾਂ 'ਤੇ 8 ਤੋਂ 9 ਵਜੇ ਤੱਕ ਟਰੈਫਿਕ ਵਿਵਸਥਾ ਪ੍ਰਭਾਵਿਤ ਹੋਈ। ਇਹ ਤੂਫਾਨ ਜਿਥੇ ਬਾਕੀ ਖੇਤਰਾਂ 'ਚ ਵੱਡੇ ਨੁਕਸਾਨ ਦਾ ਕਾਰਣ ਬਣਿਆ, ਉਥੇ ਫਿਰੋਜ਼ਪੁਰ-ਮੱਲਾਂਵਾਲਾ ਸੜਕ ਨਜ਼ਦੀਕ ਇਸ ਨੇ ਭਾਰੀ ਤਬਾਹੀ ਮਚਾਈ।
ਇਸੇ ਸੜਕ 'ਤੇ ਸਥਿਤ ਵਾਹਕਾ ਮੋੜ ਨਜ਼ਦੀਕ ਬਿਜਲੀ ਦੇ ਅਨੇਕਾਂ ਖੰਭਿਆਂ ਸਮੇਤ ਟਰਾਂਸਫਾਰਮਰ ਤੱਕ ਡਿੱਗ ਪਏ। ਇਥੇ ਨਜ਼ਦੀਕ ਇਕ ਕਾਲੋਨੀ 'ਚ ਇਕ ਪਰਿਵਾਰ ਦੇ ਮੈਂਬਰਾਂ ਦੀ ਸੌਣ ਵਾਲੀ ਜਗ੍ਹਾ 'ਤੇ ਇਕ ਖੰਭਾ ਡਿੱਗ ਜਾਣ ਕਾਰਣ ਕੁਝ ਮਿੰਟਾਂ ਦੇ ਫਰਕ ਨਾਲ ਜਾਨੀ ਨੁਕਸਾਨ ਹੋਣੋਂ ਬਚ ਗਿਆ। ਇਹ ਖੰਭਾ ਜਿਸ ਜਗ੍ਹਾ 'ਤੇ ਡਿੱਗਿਆ, ਉਸ ਜਗ੍ਹਾ 'ਤੇ ਅਮਰੀਕ ਸਿੰਘ ਆਪਣੇ ਬੱਚਿਆਂ ਸਮੇਤ ਸੌਂ ਰਿਹਾ ਸੀ, ਜੋ ਇਸ ਤੂਫਾਨ ਤੋਂ ਕੁਝ ਮਿੰਟ ਪਹਿਲਾਂ ਸ਼ੁਰੂ ਹੋਈ ਕਿਣ-ਮਿਣ ਕਾਰਣ ਇਸ ਜਗ੍ਹਾ ਤੋਂ ਉਠ ਕੇ ਚਲੇ ਗਏ ਸਨ।
ਅਚਾਨਕ ਆਏ ਤੂਫਾਨ ਕਾਰਣ ਡਿੱਗੇ ਖੰਭੇ ਨੇ ਇਸ ਜਗ੍ਹਾ 'ਤੇ ਪਈ ਚਾਰਪਾਈ ਨੂੰ ਤੋੜ-ਮਰੋੜ ਦਿੱਤਾ। ਦੇਰ ਰਾਤ ਆਏ ਤੂਫਾਨ ਕਾਰਣ ਸ਼ਹਿਰ ਅਤੇ ਪਿੰਡਾਂ 'ਚ ਬਿਜਲੀ ਗੁੱਲ ਹੋ ਗਈ। ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰੇ ਬੜੀ ਮੁਸ਼ੱਕਤ ਨਾਲ ਪਾਵਰਕਾਮ ਦੇ ਕਰਮਚਾਰੀਆਂ ਨੇ ਬਿਜਲੀ ਸਪਲਾਈ ਨੂੰ ਕਈ ਥਾਵਾਂ 'ਤੇ ਬਹਾਲ ਕੀਤਾ। ਕਈ ਥਾਵਾਂ 'ਤੇ ਜ਼ਿਆਦਾ ਖਰਾਬ ਹੋਣ ਕਾਰਣ ਪੂਰਾ ਦਿਨ ਬਿਜਲੀ ਨਹੀਂ ਆਈ। ਪੀਣ ਵਾਲਾ ਪਾਣੀ ਨਾ ਮਿਲਣ ਕਾਰਣ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।