ਫਿਰੋਜ਼ਪੁਰ ਜ਼ਿਲ੍ਹੇ ''ਚ ਕੋਰੋਨਾ ਦੇ 47 ਨਵੇਂ ਮਾਮਲੇ ਆਏ ਸਾਹਮਣੇ, ਇਕ ਮਰੀਜ਼ ਦੀ ਮੌਤ

Wednesday, Aug 19, 2020 - 01:52 AM (IST)

ਫਿਰੋਜ਼ਪੁਰ/ਮੁੱਦਕੀ,(ਕੁਮਾਰ/ਮਲਹੋਤਰਾ): ਮੰਗਲਵਾਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਲੋਕਾਂ ਦੀਆਂ ਆਈਆਂ ਕੋਰੋਨਾ ਟੈਸਟ ਰਿਪੋਰਟਾਂ 'ਚ 47 ਹੋਰ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਜ਼ਿਲੇ ਦੇ ਇਕ ਹੋਰ ਵਿਅਕਤੀ ਦੀ ਕੋਰੋਨਾ ਬੀਮਾਰੀ ਕਾਰਣ ਮੌਤ ਹੋਈ ਹੈ। ਸਿਵਲ ਸਰਜਨ ਡਾ. ਜੁਗਲ ਕਿਸ਼ੌਰ ਨੇ ਦੱਸਿਆ ਕਿ ਅੱਜ ਪੀੜਤ ਪਾਏ ਗਏ ਲੋਕਾਂ 'ਚ ਤਿੰਨ ਗਰਭਵਤੀ ਔਰਤਾਂ, 7 ਪੁਲਸ ਮੁਲਾਜ਼ਮ, ਦੋ ਜੇਲ ਬੰਦੀ ਅਤੇ 25 ਅਜਿਹੇ ਕੇਸ ਹਨ, ਜੋ ਪੁਰਾਣੇ ਰੋਗੀਆਂ ਦੇ ਸਿੱਧਾ ਸੰਪਰਕ 'ਚ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਪਾਏ ਗਏ ਸਾਰੇ ਲੋਕਾਂ ਨੂੰ ਘਰ 'ਚ ਆਈਸੋਲੇਸ਼ਨ 'ਚ ਰਹਿਣ ਜਾਂ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਲਾਕ ਜ਼ੀਰਾ ਦੇ 55 ਸਾਲ ਦੇ ਵਿਅਕਤੀ ਬਲਵੀਰ ਸਿੰਘ ਦੀ ਕੋਰੋਨਾ ਕਾਰਣ ਮੌਤ ਹੋ ਗਈ ਹੈ।
ਜ਼ਿਲ੍ਹੇ ਦੇ 17 ਇਲਾਕੇ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ
ਕੋਰੋਨਾ ਰੋਗੀਆਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ ਉਨ੍ਹਾਂ 17 ਇਲਾਕਿਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ, ਜਿੱਥੇ ਪੰਜ ਜਾਂ ਇਸ ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਕੇਸ ਪਾਏ ਗਏ ਹਨ। ਵਿਭਾਗ ਦੀ ਰਿਪੋਰਟ ਮੁਤਾਬਕ ਸਭ ਤੋਂ ਜ਼ਿਆਦਾ 14 ਕੇਸ ਬਸਤੀ ਭੱਟੀਆਂ ਵਾਲੀ 'ਚ, 11 ਕੇਸ ਮੱਖੂ ਦੇ ਵਾਰਡ ਨੰ: 5 'ਚ, 9-9 ਕੇਸ ਅਜ਼ਾਦ ਨਗਰ ਅਤੇ ਬਰਟ ਰੋਡ ਇਲਾਕਿਆਂ 'ਚ ਪਾਏ ਗਏ ਹਨ। ਇਸ ਤੋਂ ਇਲਾਵਾ ਧਵਨ ਕਾਲੋਨੀ 'ਚ 8 ਕੇਸ, ਗੋਲਡਨ ਇਨਕਲੇਵ, ਹਾਊਸਿੰਗ ਬੋਰਡ ਕਾਲੋਨੀ, ਸ਼ਾਂਤੀ ਨਗਰ ਅਤੇ ਵਾਰਡ ਨੰ: 13 ਮੁੱਦਕੀ 'ਚ 7-7 ਮਾਮਲੇ, ਪਿੰਡ ਖਿਲਚੀ ਕਦੀਮ, ਰੇਲਵੇ ਕਾਲੋਨੀ, ਪਿੰਡ ਮੋਹਨ ਕੇ ਉਤਾੜ, ਸੀ. ਆਈ. ਏ. ਹੈੱਡਕੁਆਟਰ ਅਤੇ ਮੱਖੂ ਦੇ ਵਾਰਡ ਨੰ: 11 'ਚ 6-6 ਮਾਮਲੇ, ਪੁਲਸ ਲਾਈਨ ਅਤੇ ਖਲਾਸੀ ਲਾਈਨ 'ਚ 5-5 ਕੋਰੋਨਾ ਦੇ ਕੇਸ ਪਾਏ ਜਾਣ ਤੋਂ ਬਾਅਦ ਉਕਤ ਸਾਰੇ ਇਲਾਕਿਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਬਣਾ ਦਿੱਤਾ ਗਿਆ ਹੈ। ਸਿਹਤ ਵਿਭਾਗ ਅਧਿਕਾਰੀਆਂ ਅਨੁਸਾਰ ਇਨ੍ਹਾਂ ਇਲਾਕਿਆਂ 'ਚ ਰੈਪਿਡ ਟੈਸਟਿੰਗ ਦਾ ਕੰਮ ਤੇਜ਼ ਕੀਤਾ ਜਾਂਦਾ ਹੈ, ਤਾਂ ਕਿ ਬੀਮਾਰੀ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਜਿਨਾਂ ਘਰਾਂ 'ਚ ਕੋਰੋਨਾ ਪਾਜ਼ੇਟਿਵ ਰੋਗੀ ਮਿਲਦੇ ਹਨ, ਉਸ ਘਰ ਦੇ ਸਾਰੇ ਮੈਂਬਰਾਂ ਨੂੰ ਘਰ 'ਚ ਇਕਾਂਤਵਾਸ ਕਰ ਦਿੱਤਾ ਜਾਂਦਾ ਹੈ।

ਜ਼ਿਲ੍ਹੇ 'ਚ 662 ਹੋਏ ਕੋਰੋਨਾ ਐਕਟਿਵ ਮਾਮਲੇ
ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ 'ਚ 1165 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨਾਂ 'ਚੋਂ 485 ਲੋਕ ਠੀਕ ਹੋ ਚੁੱਕੇ ਹਨ ਅਤੇ 662 ਐਕਟਿਵ ਕੋਰੋਨਾ ਰੋਗੀ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਇਕ ਹੋਰ ਵਿਅਕਤੀ ਦੀ ਕੋਰੋਨਾ ਬੀਮਾਰੀ ਕਾਰਣ ਮੌਤ ਹੋਣ ਤੋਂ ਬਾਅਦ ਜ਼ਿਲੇ 'ਚ ਮੌਤਾਂ ਦੀ ਸੰਖਿਆ 18 ਹੋ ਗਈ ਹੈ।


Deepak Kumar

Content Editor

Related News