ਫਿਰੋਜ਼ਪੁਰ ''ਚ 10000 ਰੁਪਏ ਦੀ ਰਿਸ਼ਵਤ ਲੈਂਦਾ ਐੱਸਡੀਐੱਮ ਦਾ ਸਟੈਨੋ ਗ੍ਰਿਫ਼ਤਾਰ

Thursday, May 23, 2024 - 06:21 PM (IST)

ਫਿਰੋਜ਼ਪੁਰ (ਕੁਮਾਰ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਐੱਸ.ਡੀ.ਐਮ ਫਿਰੋਜ਼ਪੁਰ ਨਾਲ ਤਾਇਨਾਤ ਸਟੈਨੋ ਗੁਰਮੀਤ ਸਿੰਘ ਵਾਸੀ ਪਿੰਡ ਹਸਨ ਢੱਟ, ਜ਼ਿਲ੍ਹਾ ਫਿਰੋਜ਼ਪੁਰ ਨੂੰ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਵਿਜੀਲੈਂਸ ਬਿਓਰੋ ਫਿਰੋਜ਼ਪੁਰ ਦੇ ਬੁਲਾਰੇ  ਨੇ ਦੱਸਿਆ ਕਿ ਉਕਤ ਸਟੈਨੋ ਨੂੰ ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਦੇ ਵਸਨੀਕ ਹਰਪ੍ਰੀਤ ਸਿੰਘ ਕੰਬੋ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸੰਪਰਕ ਕਰਕੇ ਦੱਸਿਆ ਕਿ ਉਕਤ ਮੁਲਜ਼ਮ ਨੇ ਰਿਹਾਇਸ਼ੀ ਮਕਾਨ ਵਿੱਚੋਂ ਉਸ ਦੀ ਭੈਣ ਦੇ ਨਾਮ ਹਿੱਸਾ ਕਰਵਾਉਣ ਲਈ ਉਸ ਦੀ ਮੱਦਦ ਕਰਨ ਬਦਲੇ 25000 ਰੁਪਏ ਦੀ ਮੰਗ ਕੀਤੀ ਹੈ ਕਿਉਂਕਿ ਇਸ ਸਬੰਧੀ ਐੱਸਡੀਐੱਮ  ਦਫ਼ਤਰ ਵਿੱਚ ਅਰਜ਼ੀ ਲੰਬਿਤ ਪਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਕੇ ਉਕਤ ਸਟੈਨੋ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਵਿਜੀਲੈਂਸ ਬਿਊਰੋ ਦੇ ਥਾਣਾ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਯੂਨਿਟ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।


Gurminder Singh

Content Editor

Related News