ਬੀਕਾਨੇਰ ਨਹਿਰ ’ਚ ਆਈ 20 ਫੁੱਟ ਦੀ ਦਰਾਰ, ਮੌਕੇ ’ਤੇ ਪੁੱਜੇ DC ਅਤੇ SSP
Friday, Aug 30, 2019 - 10:45 AM (IST)
ਫਿਰੋਜ਼ਪੁਰ (ਕੁਮਾਰ, ਪਰਮਜੀਤ, ਮਲਹੋਤਰਾ, ਮਨਦੀਪ) - ਜ਼ਿਲਾ ਪ੍ਰਸ਼ਾਸਨ ਦੀ ਚੌਕਸੀ ਕਾਰਨ ਅੱਜ ਸਵੇਰੇ ਜ਼ਿਲੇ ਦੇ ਪਿੰਡ ਲੂਥਡ਼ ਨੇਡ਼ੇ ਬੀਕਾਨੇਰ ਨਹਿਰ ’ਚ ਆਈ ਕਰੀਬ 20 ਫੁੱਟ ਚੌਡ਼ੀ ਦਰਾਰ ਕਾਰਣ ਵੱਡਾ ਨੁਕਸਾਨ ਹੋਣੋਂ ਟਲ ਗਿਆ। ਮੌਕੇ ’ਤੇ ਪਹੁੰਚੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦਰਾਰ ਨੂੰ ਕੁਝ ਘੰਟਿਆਂ ’ਚ ਹੀ ਭਰ ਦਿੱਤਾ, ਜਿਸ ਕਾਰਨ ਪਾਣੀ ਲੋਕਾਂ ਦੇ ਘਰਾਂ ’ਚ ਦਾਖਲ ਨਹੀਂ ਹੋ ਸਕਿਆ। ਹਾਲਾਂਕਿ ਇਸ ਦਾ ਪਾਣੀ ਆਲੇ-ਦੁਆਲੇ ਦੇ ਖੇਤਾਂ ’ਚ ਦਾਖਲ ਹੋ ਗਿਆ ਪਰ ਇਸ ਨੂੰ ਆਬਾਦੀ ’ਚ ਦਾਖਲ ਹੋਣ ਤੋਂ ਰੋਕ ਲਿਆ ਗਿਆ। ਬੀਕਾਨੇਰ ਨਹਿਰ ’ਚ ਦਰਾਰ ਦੀ ਸੂਚਨਾ ਮਿਲਦਿਆਂ ਡੀ.ਸੀ. ਚੰਦਰ ਗੈਂਦ ਅਤੇ ਐੱਸ. ਐੱਸ. ਪੀ. ਵਿਵੇਕ ਐੱਸ. ਸੋਨੀ ਸਵੇਰੇ ਸਾਢੇ 7 ਵਜੇ ਪਹੁੰਚ ਗਏ। ਦੋਵਾਂ ਅਧਿਕਾਰੀਆਂ ਦੀ ਹਾਜ਼ਰੀ ’ਚ ਦਰਾਰ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ। ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਰੇਤ ਨਾਲ ਭਰੀਆਂ ਬੋਰੀਆਂ ਰੱਖੀਆਂ ਗਈਆਂ।
ਨਹਿਰੀ ਵਿਭਾਗ ਨੇ ਦਰਾਰ ਭਰਨ ਦਾ ਕੰਮ ਸੌਖਾ ਕਰਨ ਲਈ ਬੀਕਾਨੇਰ ਨਹਿਰ ਦਾ ਪਾਣੀ ਈਸਟ ਨਹਿਰ ਵੱਲ ਡਾਇਵਰਟ ਕਰ ਦਿੱਤਾ, ਜਿਸ ਨਾਲ ਪਾਣੀ ਦਾ ਦਬਾਅ ਘੱਟ ਗਿਆ ਅਤੇ ਦਰਾਰ ਨੂੰ ਭਰਨ ਵਿਚ ਸਹਾਇਤਾ ਮਿਲੀ। ਡੀ.ਸੀ. ਚੰਦਰ ਗੈਂਦ ਨੇ ਮੌਕੇ ’ਤੇ ਪਹੁੰਚ ਕੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪਾਣੀ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਵੇਗੀ, ਜਿਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਏਗੀ। ਉਨ੍ਹਾਂ ਨਹਿਰ ਵਿਚ ਅਚਾਨਕ ਦਰਾਰ ਆਉਣ ’ਤੇ ਇਸ ਨੂੰ ਤੇਜ਼ੀ ਨਾਲ ਭਰਨ ਦੇ ਕੰਮ ਲਈ ਪਿੰਡ ਦੇ ਲੋਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਥਿਤੀ ਨੂੰ ਸਿਰਫ ਲੋਕਾਂ ਦੀ ਭਾਵਨਾ ਸਦਕਾ ਹੀ ਕਾਬੂ ਕੀਤਾ ਜਾ ਸਕਿਆ ਹੈ।