ਅਸਲਾ ਲਾਇਸੈਂਸ ਰੱਖਣ ਵਾਲੇ ਅਪਰਾਧੀ ਤੇ ਭਗੌੜਿਆਂ ਦੀ ਹੁਣ ਖੈਰ ਨਹੀਂ (ਵੀਡੀਓ)
Tuesday, Dec 10, 2019 - 03:24 PM (IST)
ਫਿਰੋਜ਼ਪੁਰ (ਸੰਨੀ ਚੋਪੜਾ) - ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਜ਼ਿਲੇ ਦੇ 21 ਦਾਗੀ ਅਸਲਾ ਲਾਇਸੈਂਸ ਧਾਰਕਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਡੀ.ਸੀ. ਨੇ ਕਿਹਾ ਕਿ ਅਪਰਾਧਿਕ ਮਾਮਲਿਆਂ 'ਚ ਫਸੇ ਅਤੇ ਭਗੌੜੇ ਵਿਅਕਤੀਆਂ ਦੇ ਲਾਸੰਸੀ ਅਸਲਾ ਹੁਣ ਰੱਖੇ ਨਹੀਂ ਜਾ ਸਕਦੇ। ਇਸੇ ਕਾਰਨ ਉਕਤ ਵਿਅਕਤੀਆਂ ਦੇ ਪ੍ਰਸ਼ਾਸਨ ਵਲੋਂ ਲਾਇਸੈਂਸ ਕੈਂਸਲ ਹੋ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ. ਸੀ. ਚੰਦਰ ਗੈਂਦ ਨੇ ਦੱਸਿਆ ਕਿ ਜ਼ਿਲੇ ਦੇ 21 ਦਾਗੀ ਅਸਲਾ ਲਾਇਸੈਂਸ ਧਾਰਕਾਂ ਦੇ ਲਾਇਸੈਂਸ ਕੈਂਸਲ ਕਰਨ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਦਿਆਂ ਉਨ੍ਹਾਂ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਅਸਲਾ ਲਾਇਸੈਂਸ ਦੇਣ ਲੱਗਿਆ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਲਾਇਸੈਂਸ ਲੈਣ ਵਾਲੇ ਵਿਅਕਤੀ 'ਤੇ ਕੋਈ ਅਪਰਾਧਿਕ ਮਾਮਲਾ ਦਰਜ ਨਾ ਹੋਵੇ। ਇਸ ਦੇ ਬਾਵਜੂਦ ਫਿਰੋਜ਼ਪੁਰ 'ਚ ਕਈ ਦਾਗੀ ਵਿਅਕਤੀਆਂ ਕੋਲ ਲਾਇਸੈਂਸੀ ਅਸਲਾ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।