ਐਕਸ਼ਨ 'ਚ ਵਿਜੀਲੈਂਸ ਬਿਊਰੋ, 10,000 ਰੁਪਏ ਰਿਸ਼ਵਤ ਲੈਂਦਿਆਂ ਮਹਿਲਾ SHO ਕਾਬੂ
Friday, Nov 11, 2022 - 01:26 AM (IST)
ਚੰਡੀਗੜ੍ਹ (ਬਿਊਰੋ, ਸੁਖਵਿੰਦਰ ਥਿੰਦ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਵੀਰਵਾਰ ਇੰਸਪੈਕਟਰ ਇੰਚਾਰਜ/ਐੱਸ.ਐੱਚ.ਓ. ਥਾਣਾ ਮਹਿਲਾ ਸੈੱਲ ਫਾਜ਼ਿਲਕਾ ਵਿਖੇ ਤਾਇਨਾਤ ਬਖਸ਼ੀਸ਼ ਕੌਰ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਐੱਸ.ਐੱਚ.ਓ. ਨੂੰ ਗੁਰਦਿਆਲ ਸਿੰਘ ਵਾਸੀ ਮੰਡੀ ਹਜ਼ੂਰ ਸਿੰਘ ਫਾਜ਼ਿਲਕਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਗੁਰੂ ਨਾਨਕ ਦੇਵ ਜੀ ਨੇ ਪਖੰਡ, ਝੂਠ ਤੇ ਜਾਤ-ਪਾਤ ਦੀਆਂ ਵਲ਼ਗਣਾਂ ਤੋਂ ਉੱਪਰ ਉੱਠਣ ਦਾ ਦਿੱਤਾ ਸੁਨੇਹਾ : CM ਮਾਨ
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਸ ਅਧਿਕਾਰੀ ਉਸ ਦੀ ਧੀ ਨਾਲ ਬਦਸਲੂਕੀ ਕਰਨ ਵਾਲੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਲਈ ਰਿਸ਼ਵਤ ਵਜੋਂ 40,000 ਰੁਪਏ ਦੀ ਮੰਗ ਕਰ ਰਹੀ ਸੀ ਪਰ ਸੌਦਾ 20,000 ਰੁਪਏ ਵਿੱਚ ਤੈਅ ਹੋਇਆ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਮਹਿਲਾ ਐੱਸ.ਐੱਚ.ਓ. ਉਸ ਕੋਲੋਂ 2 ਕਿਸ਼ਤਾਂ ਵਿੱਚ ਰਿਸ਼ਵਤ ਵਜੋਂ 8,000 ਰੁਪਏ ਪਹਿਲਾਂ ਹੀ ਲੈ ਚੁੱਕੀ ਹੈ ਅਤੇ ਤੀਜੀ ਕਿਸ਼ਤ ਵਜੋਂ 10,000 ਰੁਪਏ ਹੋਰ ਮੰਗ ਰਹੀ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 1 ਦੀ ਮੌਤ
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਫਿਰੋਜ਼ਪੁਰ ਯੂਨਿਟ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਪੁਲਸ ਕਰਮਚਾਰਨ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਹਿਲਾ ਐੱਸ.ਐੱਚ.ਓ. ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।