ਫਿਰੋਜ਼ਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਡਿਊਟੀ ਤੋਂ ਪਰਤ ਰਹੀ ਮਹਿਲਾ ਪ੍ਰੋਫੈਸਰ ਨੂੰ ਟਰੈਕਟਰ-ਟਰਾਲੀ ਨੇ ਦਰੜਿਆ

06/04/2023 11:25:22 AM

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਫਿਰੋਜ਼ਪੁਰ ਦੇ ਪਿੰਡ ਕਾਸੂ ਬੇਗੂ ਏਰੀਆ ਵਿਚ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਟਰੈਕਟਰ-ਟਰਾਲੀ ਚਲਾ ਰਹੇ ਡਰਾਈਵਰ ਵਲੋਂ ਐਕਟਿਵਾ ਸਕੂਟਰ ’ਤੇ ਜਾ ਰਹੀ 32 ਸਾਲਾ ਪ੍ਰੋਫੈਸਰ ਨਵਨੀਤ ਕੌਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ, ਜਿਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਸਬੰਧੀ ਪੁਲਸ ਵੱਲੋਂ ਟਰੈਕਟਰ-ਟਰਾਲੀ ਚਾਲਕ ਅਮਨ ਵਾਸੀ ਪਿੰਡ ਸੋਢੇ ਵਾਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ- ਪੰਜਾਬ ਕੈਬਨਿਟ ’ਚ ਪਹਿਲੀ ਵਾਰ ਜਿੱਤਣ ਵਾਲੇ ਵਿਧਾਇਕਾਂ ਦਾ ਬੋਲਬਾਲਾ, ਦੂਜੀ ਵਾਰ ਜਿੱਤਣ ਵਾਲੇ ਕਰ ਰਹੇ ਇੰਤਜ਼ਾਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗਗਨਦੀਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਕਾਸੂ ਬੇਗੂ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਹੈ ਕਿ ਉਸਦੀ ਭੈਣ ਨਵਨੀਤ ਕੌਰ (32) ਗੁਰੂ ਨਾਨਕ ਕਾਲਜ ਫਿਰੋਜ਼ਪੁਰ ’ਚ ਬਤੌਰ ਪ੍ਰੋਫੈਸਰ ਨੌਕਰੀ ਕਰਦੀ ਸੀ।

ਇਹ ਵੀ ਪੜ੍ਹੋ- ਮਾਲਵੇ ਦੀ ਸਿਆਸਤ ’ਤੇ ਧਰੂ ਤਾਰਾ ਬਣ ਚਮਕਣਗੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਬੀਤੇ ਦਿਨ ਜਦੋਂ ਉਹ ਆਪਣੇ ਐਕਟਿਵਾ ਸਕੂਟਰ ’ਤੇ ਡਿਊਟੀ ਤੋਂ ਵਾਪਸ ਆਪਣੇ ਘਰ ਵੱਲ ਜਾ ਰਹੀ ਸੀ ਅਤੇ ਪਿੰਡ ਕਾਸੂ ਬੇਗੂ ਨੇੜੇ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਟਰੈਕਟਰ-ਟਰਾਲੀ ਚਲਾ ਰਹੇ ਅਮਨ ਨੇ ਐਕਟਿਵਾ ਸਕੂਟਰ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਨਵਨੀਤ ਕੌਰ ਸਕੂਟਰ ਤੋਂ ਡਿੱਗ ਪਈ ਅਤੇ ਟਰੈਕਟਰ ਦਾ ਵੱਡਾ ਟਾਇਰ ਅਤੇ ਟਰਾਲੀ ਦਾ ਟਾਇਰ ਉਸ ਦੇ ਸਿਰ ਤੋਂ ਲੰਘ ਗਿਆ, ਜਿਸ ਕਾਰਨ ਨਵਨੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਵਲੋਂ ਡਰਾਈਵਰ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਨੂੰ ਲੈ ਕੇ ਫਿਰੋਜ਼ਪੁਰ ’ਚ ਸੋਗ ਦਾ ਮਾਹੌਲ ਹੈ।

 ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News