ਜਲੰਧਰ: ਡਾਕ ਵਿਭਾਗ ਦੀ ਮਹਿਲਾ ਮੁਲਾਜ਼ਮ ਦੇ ਅਗਵਾ ਮਾਮਲੇ ’ਚ ਨਵਾਂ ਮੋੜ, ਮੈਡੀਕਲ ਰਿਪੋਰਟ ''ਚ ਵੱਡਾ ਖ਼ੁਲਾਸਾ

Wednesday, Sep 11, 2024 - 06:46 PM (IST)

ਜਲੰਧਰ: ਡਾਕ ਵਿਭਾਗ ਦੀ ਮਹਿਲਾ ਮੁਲਾਜ਼ਮ ਦੇ ਅਗਵਾ ਮਾਮਲੇ ’ਚ ਨਵਾਂ ਮੋੜ, ਮੈਡੀਕਲ ਰਿਪੋਰਟ ''ਚ ਵੱਡਾ ਖ਼ੁਲਾਸਾ

ਜਲੰਧਰ (ਸ਼ੋਰੀ)- ਥਾਣਾ 5 ਦੀ ਪੁਲਸ ਨੇ ਡਾਕ ਵਿਭਾਗ ਦੀ ਮਹਿਲਾ ਕਰਮਚਾਰੀ 20 ਸਾਲਾ ਕੁੜੀ ਨੂੰ ਅਗਵਾ ਕਰਨ ਅਤੇ ਫਿਰ ਉਸ ਨੂੰ ਦਿੱਲੀ ਲਿਜਾ ਕੇ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਹੁਣ ਜਬਰ-ਜ਼ਿਨਾਹ ਦੀ ਧਾਰਾ ਵੀ ਲਾ ਦਿੱਤੀ ਹੈ। ਮੈਡੀਕਲ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਮੰਗਲਵਾਰ ਨੂੰ ਕੇਸ ਵਿਚ ਜਬਰ-ਜ਼ਿਨਾਹ ਦੀ ਧਾਰਾ ਜੋੜ ਦਿੱਤੀ ਹੈ।  ਪਤਾ ਲੱਗਾ ਹੈ ਕਿ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਇਹ ਕਾਰਵਾਈ ਕਰਦੇ ਹੋਏ ਮਾਮਲੇ ਦੀ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਿਵਲ ਹਸਪਤਾਲ ਦੇ ਸੂਤਰਾਂ ਅਨੁਸਾਰ ਪੀੜਤ ਲੜਕੀ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ। ਪੀੜਤ ਲੜਕੀ ਪਹਿਲਾਂ ਬੇਹੋਸ਼ੀ ਦੀ ਹਾਲਤ ’ਚ ਸੀ ਅਤੇ ਹੁਣ ਉਹ ਖਾਣਾ ਖਾਣ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰ ਰਹੀ ਹੈ। ਦੂਜੇ ਪਾਸੇ ਪੁਲਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮ ਬਲਵਿੰਦਰ ਪੁੱਤਰ ਅਮਰਜੀਤ ਰਾਮ ਵਾਸੀ ਰਾਮਾ ਮੰਡੀ ਦਾ ਅਦਾਲਤ ’ਚੋਂ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ।

ਇਹ ਵੀ ਪੜ੍ਹੋ- ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ

ਜ਼ਿਕਰਯੋਗ ਹੈ ਕਿ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਥਾਣਾ 5 ਦੀ ਪੁਲਸ ਨੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ’ਚ ਦੇਰੀ ਕੀਤੀ ਅਤੇ ਮਾਮਲੇ ਨੂੰ ਟਾਲ ਕੇ ਰੱਖਿਆ। ਹਲਕਾ ਪੱਛਮੀ ਦੇ ਵਿਧਾਇਕ ਮਹਿੰਦਰ ਭਗਤ ਬੀਤੇ ਦਿਨ ਸਿਵਲ ਹਸਪਤਾਲ ਪੁੱਜੇ ਅਤੇ ਪੀੜਤ ਲੜਕੀ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਮੀਟਿੰਗ ਕਰਕੇ ਲੜਕੀ ਦਾ ਕਿਸ ਤਰ੍ਹਾਂ ਦਾ ਇਲਾਜ ਹੋ ਰਿਹਾ ਹੈ, ਇਸ ਬਾਰੇ ਜਾਣਕਾਰੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਡਾਕ ਵਿਭਾਗ ਦੀ ਮੁਲਾਜ਼ਮ 20 ਸਾਲਾ ਲੜਕੀ ਦੇ ਮਾਮਲੇ ਨੂੰ ਲੈ ਕੇ ਹੁਣ ਸਿਆਸੀ ਲੋਕ ਵੀ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਮੈਦਾਨ ਵਿਚ ਕੁੱਦ ਚੁੱਕੇ ਹਨ। ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਲੜਕੀ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਲੜਕੀ ਦੀ ਦਿਮਾਗੀ ਹਾਲਤ ਪਹਿਲਾਂ ਤੋਂ ਠੀਕ ਹੋ ਰਹੀ ਹੈ ਪਰ ਹਾਲੇ ਉਹ ਪੂਰੀ ਤਰ੍ਹਾਂ ਦਿਮਾਗੀ ਤੌਰ ’ਤੇ ਫਿੱਟ ਨਹੀਂ ਹੈ, ਜਿਸ ਕਾਰਨ ਲੜਕੀ ਆਪਣੇ ਨਾਲ ਹੋਈ ਘਟਨਾ ਬਾਰੇ ਜਾਣਕਾਰੀ ਦੇਣ ਵਿਚ ਅਸਮਰੱਥ ਹੈ।

ਉਥੇ ਹੀ ਦੂਜੇ ਪਾਸੇ ਗਾਇਨਾਕੋਲੋਜਿਸਟ ਮਹਿਲਾ ਡਾਕਟਰ ਨੇ ਵੀ ਲੜਕੀ ਦਾ ਮੈਡੀਕਲ ਕੀਤਾ ਹੈ। ਹਸਪਤਾਲ ਦੇ ਸੂਤਰਾਂ ਦੀ ਮੰਨੀਏ ਤਾਂ ਪੀੜਤ ਲੜਕੀ ਦੇ ਸਰੀਰ ’ਤੇ ਲੱਗੀਆਂ ਸੱਟਾਂ ਬਾਰੇ ਵਿਸਥਾਰਪੂਰਵਕ ਲਿਖਣ ਦੇ ਨਾਲ ਉਸ ਦੇ ਸਰੀਰ ਤੋਂ ਬਲੱਡ ਸੈਂਪਲ ਅਤੇ ਸਵੈਪ ਵੀ ਲਏ ਗਏ। ਉਕਤ ਬਲੱਡ ਸੈਂਪਲ ਅਤੇ ਸਵੈਪ ਚੰਡੀਗੜ੍ਹ ਸਥਿਤ ਫੋਰੈਂਸਿਕ ਲੈਬ ਵਿਚ ਭੇਜੇ ਗਏ ਸਨ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਸਾਫ਼ ਹੋਇਆ ਕਿ ਕੁੜੀ ਨਾਲ ਜਬਰ-ਜ਼ਿਨਾਹ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਖ-ਵੱਖ ਪਾਬੰਦੀਆਂ, ਸਖ਼ਤ ਹੁਕਮ ਜਾਰੀ

ਸਾਬਕਾ ਐੱਮ. ਪੀ. ਰਿੰਕੂ ਦਾ ਦਾਅਵਾ-ਮਾਮਲੇ ਨੂੰ ਦਬਾਇਆ ਜਾ ਰਿਹੈ
ਉਥੇ ਹੀ, ਸਾਬਕਾ ਐੱਮ. ਪੀ. ਅਤੇ ਸੀਨੀਅਰ ਭਾਜਪਾ ਨੇਤਾ ਸੁਸ਼ੀਲ ਰਿੰਕੂ ਜੋ ਲੜਕੀ ਦਾ ਹਾਲ-ਚਾਲ ਜਾਣਨ ਲਈ ਸਿਵਲ ਹਸਪਤਾਲ ਪਹੁੰਚੇ, ਦਾ ਕਹਿਣਾ ਹੈ ਕਿ ਪੂਰੇ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ। ਪਹਿਲੀ ਗੱਲ ਲੜਕੀ ਦੇ ਸਰੀਰ ’ਤੇ ਇੰਨੀਆਂ ਸੱਟਾਂ ਕਿਵੇਂ ਲੱਗੀਆਂ ਅਤੇ ਉਸ ਨੂੰ ਕਿਸੇ ਨਾਲ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ। ਲੜਕੀ ਦੇ ਪਰਿਵਾਰ ਵਾਲੇ ਘਬਰਾਏ ਹੋਏ ਹਨ ਅਤੇ ਉਹ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਵਿਚ ਪੂਰਾ ਜ਼ੋਰ ਲਾਉਣਗੇ।

ਇਹ ਵੀ ਪੜ੍ਹੋ-ਪੰਜਾਬ ਤੋਂ ਵੱਡੀ ਖ਼ਬਰ, ਦੋ ਸਕੀਆਂ ਭੈਣਾਂ ਨਾਲ 2 ਮੁੰਡਿਆਂ ਨੇ ਕੀਤਾ ਜਬਰ-ਜ਼ਿਨਾਹ, ਖਿੱਚੀਆਂ ਅਸ਼ਲੀਲ ਤਸਵੀਰਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News