ਫੀਸਾਂ ਦੇ ਚੱਕਰ ’ਚ ਬੱਚਿਆਂ ਨੂੰ ਪ੍ਰੇਸ਼ਾਨ ਕਰਦੇ ਨੇ ਪੰਜਾਬ ਦੇ ਕਈ ਨਿੱਜੀ ਸਕੂਲ ਪ੍ਰਬੰਧਕ
Wednesday, Jan 17, 2024 - 10:53 AM (IST)
ਮੋਗਾ (ਸੰਦੀਪ ਸ਼ਰਮਾ) : ਸਿੱਖਿਆ ਸਾਰਿਆਂ ਲਈ ਲਾਜ਼ਮੀ ਤਹਿਤ ਭਾਵ ਸਾਡੀਆਂ ਸਰਕਾਰਾਂ ਹਰੇਕ ਬੱਚੇ ਨੂੰ ਸਕੂਲ ਤੱਕ ਲਿਆਉਣ ਲਈ ਅਨੇਕਾਂ ਸਕੀਮਾਂ ਚਲਾ ਰਹੀਆਂ ਹਨ ਪਰ ਸੂਬੇ ਦੇ ਨਿੱਜੀ ਸਕੂਲਾਂ ਦੇ ਕੁਝ ਪ੍ਰਬੰਧਕ ਫੀਸਾਂ ਦੇ ਨਾਂ ’ਤੇ ਜਿੱਥੇ ਅੱਜ ਵੀ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੇ ਹਨ, ਉਥੇ ਹੀ ਬੇਲੋੜੀਆਂ ਫੀਸਾਂ ਵਧਾ ਕੇ ਲੋਕਾਂ ਦੀ ਲੁੱਟ ਵੀ ਕਰ ਰਹੇ ਹਨ। ਸਕੂਲ ਦੀ ਫੀਸ ਨਾ ਦੇਣ ਕਾਰਨ ਕਈ ਨਿੱਜੀ ਸਕੂਲ ਪ੍ਰਬੰਧਕ ਬੱਚਿਆਂ ਨੂੰ ਪੂਰੀ ਕਲਾਸ ਦੇ ਸਾਹਮਣੇ ਸਿਰਫ ਸ਼ਰਮਿੰਦਾ ਹੀ ਨਹੀਂ ਕਰਦੇ ਸਗੋਂ ਉਨ੍ਹਾਂ ਨੂੰ ਪ੍ਰੀਖਿਆਵਾਂ ’ਚ ਨਾ ਬਿਠਾਉਣ ਦੀਆਂ ਧਮਕੀਆਂ ਤੱਕ ਵੀ ਦਿੰਦੇ ਹਨ, ਜਦੋਂਕਿ ਸੂਬਾ ਸਰਕਾਰ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਿੱਜੀ ਸਕੂਲ ਪ੍ਰਬੰਧਕਾਂ ਨੂੰ ਸਪੱਸ਼ਟ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਫੀਸਾਂ ਦੇ ਨਾਂ ’ਤੇ ਬੱਚਿਆਂ ਨਾਲ ਦੁਰਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲੇ ਸਕੂਲ ਪ੍ਰਬੰਧਕਾਂ ਖ਼ਿਲਾਫ ਨਿਯਮਾਂ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 17 ਜਨਵਰੀ ਨੂੰ ਪੰਜਾਬ ਦੇ ਇਸ ਜ਼ਿਲ੍ਹੇ ਵਿਚ ਛੁੱਟੀ ਦਾ ਐਲਾਨ
ਨਿੱਜੀ ਸਕੂਲ ਪ੍ਰਬੰਧਕਾਂ ਦੀਆਂ ਮਨਮਰਜ਼ੀਆਂ ’ਤੇ ਲਗਾਮ ਲਾਉਣ ਲਈ ਸੂਬਾ ਸਰਕਾਰ ਵੱਲੋਂ ਨਿੱਜੀ ਸਕੂਲਾਂ ਖ਼ਿਲਾਫ ਸਖ਼ਤੀ ਵਾਲਾ ਕੁੰਡਾ ਨਾ ਕੱਸੇ ਜਾਣ ਕਾਰਨ ਸੂਬ ਦੇ ਕਈ ਨਿੱਜੀ ਸਕੂਲ ਪ੍ਰਬੰਧਕਾਂ ਵੱਲੋਂ ਆਏ ਦਿਨ ਬੱਚਿਆਂ ਨੂੰ ਕਿਸੇ ਨਾ ਕਿਸੇ ਬਹਾਨੇ ਅਪਮਾਨਿਤ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਿੱਛਲੇ ਦਿਨਾਂ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਇਕ ਸਕੂਲੀ ਬੱਚੀ ਦੀ ਗਲਤੀ ਨਾ ਹੋਣ ਦੇ ਬਾਵਜੂਦ ਉਕਤ ਬੱਚੀ ਨੂੰ ਪੂਰੇ ਸਕੂਲ ਦੇ ਸਾਹਮਣੇ ਜ਼ਲੀਲ ਕੀਤੇ ਜਾਣ ’ਤੇ ਆਪਣੀ ਬੇਇੱਜ਼ਤੀ ਨਾ ਸਹਾਰਦੇ ਹੋਏ ਉਸ ਬੱਚੀ ਨੇ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਬਾਅਦ ’ਚ ਸਕੂਲ ਪ੍ਰਬੰਧਕਾਂ ਵੱਲੋਂ ਉਕਤ ਬੱਚੀ ਦੇ ਪਰਿਵਾਰ ਨੂੰ ਡਰਾ-ਧਮਕਾ ਕੇ ਮਾਮਲੇ ਨੂੰ ਦਬਾਉਣ ਦੀਆਂ ਕੀਤੀਆਂ ਕੋਸ਼ਿਸ਼ਾਂ ਦੌਰਾਨ ਮਾਮਲਾ ਮੀਡੀਆ ’ਚ ਵੀ ਆਇਆ ਸੀ। ਹੁਣ ਨਿੱਜੀ ਸਕੂਲਾਂ ਵੱਲੋਂ ਫੀਸਾਂ ਦੇ ਨਾਂ ’ਤੇ ਬੱਚਿਆਂ ਨੂੰ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਦਰਮਿਆਨ ਰੈੱਡ ਅਲਰਟ ਜਾਰੀ, ਪੰਜਾਬ ਦੇ 16 ਜ਼ਿਲ੍ਹਿਆਂ ’ਚ ਹੋਰ ਵਿਗੜ ਸਕਦੇ ਨੇ ਹਾਲਾਤ
ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਿੱਜੀ ਸਕੂਲਾਂ ਦੀ ਮਨਮਾਨੀ ਰੋਕਣ ਲਈ ਵੱਖਰੀ ਟਾਸਕ ਫੋਰਸ ਦਾ ਗਠਨ ਕੀਤਾ ਅਤੇ ਡੀ. ਪੀ. ਆਈ. ਸਕੂਲ ਨੂੰ ਇਹੋ ਜਿਹੇ ਸਕੂਲਾਂ ’ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ। ਜਾਣਕਾਰੀ ਅਨੁਸਾਰ ਨਿੱਜੀ ਸਕੂਲਾਂ ਵੱਲੋਂ ਵਸੂਲੀ ਜਾਣ ਵਾਲੀ ਫੀਸ ਅਤੇ ਨਤੀਜੇ ਵੱਜੋਂ ਬੱਚਿਆਂ ਨੂੰ ਪ੍ਰੇਸ਼ਾਨ ਕਰਨ ਵਰਗੀਆਂ 40 ਕਰੀਬ ਸ਼ਿਕਾਇਤਾਂ ਇਕ ਸਾਲ ’ਚ ਸਕੂਲੀ ਬੱਚਿਆਂ ਵੱਲੋਂ ਪੰਜਾਬ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਕੋਲ ਕੀਤੀਆਂ ਹਨ। ਕਈ ਵਾਰ ਅਜਿਹੀਆਂ ਸ਼ਿਕਾਇਤਾਂ ਦੀ ਗਿਣਤੀ ਵਧ ਵੀ ਹੋ ਜਾਂਦੀ ਹੈ। ਪੰਜਾਬ ਕਮਿਸ਼ਨ ਤੋਂ ਇਲਾਵਾ ਫੀਸ ਦੇ ਮੁੱਦੇ ਨਾਲ ਜੁੜੀਆਂ ਸ਼ਿਕਾਇਤਾਂ ਬੱਚਿਆਂ ਦੇ ਮਾਪੇ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਨੂੰ ਵੀ ਦੇ ਰਹੇ ਹਨ। ਇਹ ਵੀ ਪਤਾ ਲੱਗਾ ਕਿ ਅਜਿਹੀਆਂ ਸ਼ਿਕਾਇਤਾਂ ਨੂੰ ਧਿਆਨ ’ਚ ਰੱਖਦਿਆਂ ਕਮਿਸ਼ਨ ਨੇ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੂੰ ਵੀ ਤਾੜਨਾ ਕਰਦੇ ਹੋਏ ਬੱਚਿਆਂ ਨਾਲ ਅਜਿਹਾ ਵਤੀਰਾ ਅਪਣਾਉਣ ਵਾਲੇ ਸਕੂਲਾਂ ਖਿਲਾਫ ਜੁਵੇਨਾਈਲ ਜਸਟਿਸ ਐਕਟ ਤਹਿਤ ਕਾਰਵਾਈ ਕਰਨ ਦੀ ਗੱਲ ਵੀ ਕਹੀ ਹੈ।
ਫੀਸ ਕਾਰਨ ਬੱਚੇ ਨਾਲ ਦੁਰਵਿਵਹਾਰ ਕਰਨ ’ਤੇ ਹੋ ਸਕਦੀ ਇਹ ਕਾਰਵਾਈ
ਸਕੂਲ ਦੀ ਫੀਸ ਲਈ ਬੱਚਾ ਜ਼ਿੰਮੇਵਾਰ ਨਹੀਂ ਹੈ। ਜੁਵੇਨਾਈਲ ਜਸਟਿਸ ਐਕਟ 75 ’ਚ ਕਿਹਾ ਗਿਆ ਹੈ ਕਿ ਸਕੂਲ ਦੀ ਫੀਸ ਲਈ ਬੱਚੇ ਨਾਲ ਦੁਰਵਿਵਹਾਰ ਕਰਨ ਵਾਲੇ ਸਕੂਲ ਪ੍ਰਿੰਸੀਪਲ ਅਤੇ ਅਧਿਆਪਕ ਖਿਲਾਫ ਐੱਫ. ਆਈ. ਆਰ. ਦਰਜ ਕਰਨ ਲਈ ਵਿਵਸਥਾ ਹੈ। ਸਕੂਲ ਦੀ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ। ਫੀਸਾਂ ਲਈ ਸਿਰਫ ਮਾਪੇ ਜ਼ਿੰਮੇਵਾਰ ਹਨ। ਸਕੂਲ ਮਾਪਿਆਂ ਖਿਲਾਫ ਅਦਾਲਤ ਤੱਕ ਪਹੁੰਚ ਕਰ ਸਕਦਾ ਹੈ ਅਤੇ ਫੀਸ ਰੈਗੂਲੇਟਰੀ ਬਾਡੀ ਨੂੰ ਵੀ ਸ਼ਿਕਾਇਤ ਕਰ ਸਕਦਾ ਹੈ ਪਰ ਫੀਸਾਂ ਸਬੰਧੀ ਬੱਚੇ ਨੂੰ ਕੁਝ ਨਹੀਂ ਕਿਹਾ ਜਾ ਸਕਦਾ।
ਇਹ ਵੀ ਪੜ੍ਹੋ : ਫਗਵਾੜਾ ’ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ’ਚ ਬੇਅਦਬੀ ਕਰਨ ਆਏ ਨੌਜਵਾਨ ਦਾ ਕਤਲ
ਵਿਦਿਆਰਥੀ ਸਕੂਲ ਫੀਸ ਲਈ ਜ਼ਿੰਮੇਵਾਰ ਨਹੀਂ
ਪੰਜਾਬ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਮਾਮਲਿਆਂ ’ਚ ਦੇਖਿਆ ਗਿਆ ਹੈ ਕਿ ਸਕੂਲੀ ਫੀਸਾਂ ਸਬੰਧੀ ਕਈ ਵਾਰ ਬੱਚਿਆਂ ਨੂੰ ਕਲਾਸ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਕਦੇ ਸਕੂਲ ’ਚ ਸਾਰੇ ਬੱਚਿਆਂ ਸਾਹਮਣੇ ਫੀਸ ਅਦਾ ਨਾ ਕਰਨ ਵਾਲੇ ਬੱਚੇ ਦਾ ਅਪਮਾਨ ਵੀ ਕੀਤਾ ਜਾਂਦਾ ਹੈ, ਜਦੋਂਕਿ ਸਕੂਲ ਫੀਸ ਲਈ ਬੱਚੇ ਜਵਾਬਦੇਹ ਨਹੀਂ ਹਨ। ਬੱਚੇ ਸਕੂਲ ’ਚ ਪੜ੍ਹਣ ਲਈ ਹੀ ਆਉਂਦੇ ਹਨ। ਫੀਸਾਂ ਲਈ ਸਿਰਫ ਬੱਚਿਆਂ ਦੇ ਮਾਪਿਆਂ ਨੂੰ ਹੀ ਸਵਾਲ ਕੀਤਾ ਜਾ ਸਕਦਾ ਹੈ। ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਸਕੂਲ ਫੀਸਾਂ ਸਮੇਂ ਸਿਰ ਜਮ੍ਹਾ ਕਰਵਾਉਣ। ਜੇਕਰ ਕੋਈ ਸਮੱਸਿਆ ਹੈ ਤਾਂ ਉਹ ਸਕੂਲ ਪ੍ਰਬੰਧਕਾਂ ਨਾਲ ਗੱਲ ਕਰ ਸਕਦੇ ਹਨ। ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਮਾਪਿਆਂ ਨੂੰ ਫੀਸਾਂ ਨਾ ਭਰਨ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ। ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਨਿੱਜੀ ਸਕੂਲਾਂ ਨੇ ਟਿਊਸ਼ਨ ਫੀਸ ਤੋਂ ਇਲਾਵਾ ਬਿਲਡਿੰਗ ਚਾਰਜਿਜ਼, ਲਾਇਬ੍ਰੇਰੀ ਫੀਸ, ਡਿਵੈੱਲਪਮੈਂਟ ਫੰਡ ਆਦਿ ਕਈ ਤਰ੍ਹਾਂ ਦੀਆਂ ਫੀਸਾਂ ਵਧਾ ਦਿੱਤੀਆਂ ਹਨ ਤਾਂ ਮਾਪੇ ਇਕੱਠੇ ਹੋ ਕੇ ਸਕੂਲ ਫੀਸ ਰੈਗੂਲੇਟਰੀ ਬਾਡੀ ਅੱਗੇ ਮਾਮਲਾ ਰੱਖਦੇ ਹਨ। ਜਦੋਂ ਤੱਕ ਫੈਸਲਾ ਨਹੀਂ ਲਿਆ ਜਾਂਦਾ। ਮਾਪੇ ਫੀਸ ਜਮ੍ਹਾ ਨਹੀਂ ਕਰਵਾਉਂਦੇ ਪਰ ਦੇਰ ਸਵੇਰ ਫੀਸ ਜ਼ਰੂਰ ਜਮ੍ਹਾ ਕਰਵਾਉਣੀ ਪਵੇਗੀ। ਕਈ ਵਾਰ ਅਜਿਹੇ ਸਾਹਮਣੇ ਆਉਂਦੇ ਹਨ ਕਿ ਜਿਨ੍ਹਾਂ ’ਚ ਕਈ ਵਾਰ ਬੱਚਿਆਂ ਦੇ ਮਾਪੇ ਨੌਕਰੀ ਤੋਂ ਹੱਥ ਧੋ ਬੈਠਦੇ ਹਨ ਅਤੇ ਜਦੋਂ ਸਕੂਲ ਵਾਲੇ ਬੱਚਿਆਂ ਤੋਂ ਜਵਾਬ ਮੰਗਦੇ ਹਨ ਤਾਂ ਬੱਚੇ ਸਕੂਲ ਨੂੰ ਕੀ ਦੱਸਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ ਵਿਚ ਫੈਲੀ ਅਣਜਾਣ ਬੀਮਾਰੀ, ਦਹਿਸ਼ਤ ’ਚ ਆਏ ਲੋਕ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8