ਪੁਲਸ ਦੇ ਡਰੋਂ ਆਪਣੀ ਹੀ ਦੁਕਾਨ ’ਚ ਕੀਤੀ ਚੋਰੀ

Tuesday, Jul 31, 2018 - 06:33 AM (IST)

ਜਲੰਧਰ, (ਰਾਜੇਸ਼)- ਮੈਡੀਕਲ ਸਟੋਰ ਦੀ ਡਰੱਗ ਇੰਸਪੈਕਟਰ ਵਲੋਂ ਜਾਂਚ ਕਰਨ ਤੋਂ ਪਹਿਲਾਂ  ਹੀ ਦੁਕਾਨ ਮਾਲਕ ਨੇ ਆਪਣੀ ਦੁਕਾਨ ਵਿਚ ਖੁਦ ਚੋਰੀ ਕਰ ਲਈ। ਦੁਕਾਨਦਾਰ ਨੇ ਦੁਕਾਨ ਦੀ  ਪਿਛਲੀ ਕੰਧ ਤੋੜ ਕੇ ਅੰਦਰੋਂ ਦਵਾਈਆਂ ਖੁਰਦ-ਬੁਰਦ ਕਰ ਦਿੱਤੀਆਂ। ਸਵੇਰੇ ਜਦੋਂ ਪੁਲਸ  ਡਰੱਗ ਇੰਸਪੈਕਟਰ  ਨੂੰ  ਨਾਲ ਲੈ ਕੇ ਸੀਲ ਕੀਤੀ ਗਈ ਦੁਕਾਨ ’ਤੇ ਪਹੁੰਚੀ ਤਾਂ ਅੰਦਰ ਟੁੱਟੀ ਕੰਧ ਵੇਖ  ਕੇ ਪੁਲਸ ਹੈਰਾਨ ਰਹਿ ਗਈ। ਇਸ ਤੋਂ ਬਾਅਦ ਪੁਲਸ ਨੇ ਦੁਕਾਨ ਮਾਲਕ ਸੁਰਿੰਦਰ ਸ਼ਰਮਾ ਨੂੰ  ਹਿਰਾਸਤ ਵਿਚ ਲੈ ਲਿਆ।
 ਥਾਣਾ ਨੰ. 8 ਵਿਚ ਤਾਇਨਾਤ ਹੀਨਾ ਗੁਪਤਾ ਨੇ ਦੱਸਿਆ ਕਿ ਬੀਤੇ ਦਿਨ  ਕੌਸ਼ਲ ਮੈਡੀਕਲ ਹਾਲ ਵਿਚੋਂ 2 ਨੌਜਵਾਨ ਨਿਕਲੇ ਸਨ, ਜੋ ਪੁਲਸ ਨੂੰ ਦੇਖ ਕੇ ਭੱਜ ਗਏ ਸਨ, ਜਿਸ  ਕਾਰਨ ਸ਼ੱਕ ਦੇ ਆਧਾਰ ’ਤੇ ਪੁਲਸ ਨੇ ਕੌਸ਼ਲ ਮੈਡੀਕਲ ਹਾਲ ਨੂੰ ਸੀਲ ਲਾ ਦਿੱਤੀ  ਸੀ ਤੇ ਸੋਮਵਾਰ  ਨੂੰ ਡਰੱਗ ਇੰਸਪੈਕਟਰ ਦੇ ਨਾਲ ਦੁਕਾਨ ਦੀ ਚੈਕਿੰਗ ਕਰਨੀ ਸੀ। ਅੱੱਜ ਪੁਲਸ ਨੇ ਡਰੱਗ  ਇੰਸਪੈਕਟਰ ਅਮਰਜੀਤ ਨੂੰ ਨਾਲ ਲੈ ਕੇ ਦੁਕਾਨ ਵਿਚ ਛਾਪੇਮਾਰੀ ਕੀਤੀ ਤੇ ਦੁਕਾਨ  ਅੰਦਰ  ਜਾ ਕੇ ਦੇਖਿਆ ਤਾਂ ਦੁਕਾਨ ਵਿਚ ਕਿਸੇ ਨੇ ਸੰਨ੍ਹ ਲਾ ਕੇ ਚੋਰੀ ਕੀਤੀ ਹੋਈ ਸੀ। 
ਹੀਨਾ  ਗੁਪਤਾ ਨੇ ਦੱਸਿਆ ਕਿ ਦੁਕਾਨਦਾਰ ਨੇ ਦੁਕਾਨ ਵਿਚ ਸੰਨ੍ਹ ਲਾ ਕੇ ਦਵਾਈਆਂ ਚੋਰੀ ਕਰ ਲਈਆਂ।  ਪੁਲਸ ਨੂੰ ਦੁਕਾਨ ਵਿਚੋਂ ਪਾਬੰਦੀਸ਼ੁਦਾ ਦਵਾਈਆਂ ਦੇ 10 ਖਾਲੀ ਪੱਤੇ ਬਰਾਮਦ ਹੋਏ। ਪੁਲਸ  ਨੇ ਦੁਕਾਨ ਦੇ ਪਿੱਛੇ ਜਾ ਕੇ ਦੇਖਿਆ ਤਾਂ ਉਥੇ ਖੇਤਾਂ ਵਿਚ ਟੁੱਟੀ ਹੋਈ ਕੰਧ ਦਾ ਮਲਬਾ  ਪਿਆ ਸੀ, ਜਿਸ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ। ਥਾਣਾ ਨੰ. 8 ਦੀ ਇੰਚਾਰਜ ਹੀਨਾ ਗੁਪਤਾ ਨੇ  ਦੱਸਿਆ ਕਿ ਦੁਕਾਨ ਵਿਚੋਂ ਪਾਬੰਦੀਸ਼ੁਦਾ ਦਵਾਈਆਂ ਕਬਜ਼ੇ ਵਿਚ ਲੈ ਲਈਆਂ ਗਈਆਂ ਹਨ। ਥਾਣਾ ਨੰ. 8  ਵਿਚ ਸੁਰਿੰਦਰ ਸ਼ਰਮਾ ਪੁੱਤਰ ਉਤਮ ਸ਼ਰਮਾ ਵਾਸੀ ਗੁਲਮਰਗ ਕਾਲੋਨੀ ਖਿਲਾਫ ਕੇਸ ਦਰਜ ਕਰ  ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਕੌਸ਼ਲ ਮੈਡੀਕਲ  ਹਾਲ ਦਾ ਲਾਇਸੈਂਸ ਹੋ ਚੁੱਕੈ ਰੱਦ
ਡਰੱਗ  ਇੰਸਪੈਕਟਰ ਅਮਰਜੀਤ ਨੇ ਦੱਸਿਆ ਕਿ ਕੌਸ਼ਲ ਮੈਡੀਕਲ ਹਾਲ ਦਾ ਲਾਇਸੈਂਸ ਰੱਦ ਹੋ ਚੁੱਕਾ ਹੈ, ਜੋ  ਕਿ ਹੁਣ ਮਨਦੀਪ ਕੌਰ ਦੇ ਨਾਂ ’ਤੇ ਦੁਕਾਨ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਮਨਦੀਪ  ਕੌਰ ਦੇ ਲਾਇਸੈਂਸ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ। 
 


Related News