ਫਾਜ਼ਿਲਕਾ ਦੇ DC ਦਫਤਰ ਦੀ VIP ਪਾਰਕਿੰਗ ਨੂੰ ਹੋਇਆ ‘ਕੋਰੋਨਾ’
Thursday, Mar 19, 2020 - 03:14 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) - ਫਾਜ਼ਿਲਕਾ ਦਾ ਡੀ.ਸੀ. ਦਫਤਰ ਦੇਖਣ ਵਿਚ ਇੰਝ ਜਾਪਦਾ ਹੈ ਕਿ ਜਿਵੇਂ ਡੀ.ਸੀ. ਦਫਤਰ ਦੀ ਵੀ.ਆਈ.ਪੀ. ਪਾਰਕਿੰਗ ਨੂੰ ਕੋਰੋਨਾ ਵਾਇਰਸ ਹੋ ਗਿਆ ਹੋਵੇ। ਇਸ ਸਥਾਨ ’ਤੇ ਜਿਥੇ ਪਹਿਲਾ ਜ਼ਿਲੇ ਦੇ ਸਾਰੇ ਅਧਿਕਾਰੀਆਂ ਦੀਆਂ ਗੱਡੀਆਂ ਖੜ੍ਹੀਆਂ ਰਹਿੰਦੀਆਂ ਸਨ, ਓਥੇ ਹੀ ਹੁਣ ਵਾਹਨਾਂ ਨੂੰ ਖੜ੍ਹੇ ਕਰਨ ਦੇ ਨਿਯਮ ਬਦਲ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਫਾਜ਼ਿਲਕਾ ਦੇ ਡੀ.ਸੀ. ਦਫਤਰ ਵਿਚ ਹੁਣ ਛਾਂ ਹੇਠਾਂ ਸਿਰਫ ਅਤੇ ਸਿਰਫ ਡੀ.ਸੀ. ਸਾਹਿਬ ਦੀ 0001 ਗੱਡੀ ਹੀ ਨਜ਼ਰ ਆ ਰਹੀ ਹੈ, ਜਦਕਿ ਦੂਜੇ ਅਧਿਕਾਰੀਆਂ ਦੀਆਂ ਗੱਡੀਆਂ ਡੀ.ਸੀ. ਸਾਹਿਬ ਦੀ ਗੱਡੀ ਤੋਂ ਕਿਤੇ ਦੂਰ ਕਰ ਦਿੱਤੀਆਂ ਗਈਆਂ ਹਨ। ਦਫਤਰ ਦੇ ਗੇਟ ਕੋਲ ਖੜ੍ਹੀਆਂ ਗੱਡੀਆਂ ਦੇਖ ਕੇ ਅੰਦਾਜਾ ਲੱਗ ਜਾਂਦਾ ਸੀ ਕਿ ਕਿਹੜਾ ਅਧਿਕਾਰੀ ਦਫਤਰ ’ਚ ਹਾਜ਼ਰ ਹੈ ਅਤੇ ਕਿਹੜਾ ਨਹੀਂ। ਹੁਣ ਬਾਕੀ ਦੇ ਅਧਿਕਾਰੀ ਕਿਥੇ ਨੇ ਕੋਈ ਆਇਆ ਹੈ ਜਾਂ ਨਹੀਂ, ਇਹ ਦੇਖਣ ਲਈ ਡੀ.ਸੀ. ਦਫਤਰ ਦੇ ਸਾਹਮਣੇ ਖੜੇ ਵਹੀਕਲਾਂ ’ਚ ਜਾ ਕੇ ਲੱਭਣਾ ਪੈ ਰਿਹਾ ਹੈ।
ਹਾਲਾਂਕਿ ਇਸ ਮਾਮਲੇ ਦੇ ਸਬੰਧ ’ਚ ਜ਼ਿਲੇ ਦੇ ਅਧਿਕਾਰੀਆਂ ਕੋਲ ਪੁੱਛਣ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਡੀ.ਸੀ. ਸਾਹਿਬ ਦੇ ਹੁਕਮਾਂ ਦੇ ਅੱਗੇ ਕੋਈ ਵੀ ਅਧਿਕਾਰੀ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰਨਾ ਚਾਹੁੰਦਾ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇਕ ਪਾਸੇ ਸੂਬੇ ਦੀ ਸਰਕਾਰ ਸੂਬੇ ’ਚ ਵੀ.ਆਈ.ਪੀ. ਕਲਚਰ ਖਤਮ ਕਰਨ ਦੀ ਗੱਲ ਕਰਦੀ ਹੈ, ਓਥੇ ਹੀ ਫਾਜ਼ਿਲਕਾ ਦੇ ਡੀ.ਸੀ. ਦਫਤਰ ਦੀਆਂ ਸਾਹਮਣੇ ਆਈਆਂ ਤਸਵੀਰਾਂ ਕੁਝ ਹੋਰ ਹੀ ਸੋਚਣ ਨੂੰ ਮਜਬੂਰ ਕਰਦੀਆਂ ਹਨ। ਇਸ ਬਾਰੇ ਜਦੋਂ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਫਾਜ਼ਿਲਕਾ ਦੇ ਡੀ.ਸੀ ਨਾਲ ਗੱਲਬਾਤ ਕਰਨਗੇ। ਅਜਿਹੇ ਵੀ.ਆਈ.ਪੀ. ਸਿਸਟਮ ਨੂੰ ਉਨ੍ਹਾਂ ਦੇ ਜ਼ਿਲੇ ’ਚ ਅਨੁਮਤੀ ਨਹੀਂ ਦਿੱਤੀ ਜਾਵੇਗੀ।