ਫਾਜ਼ਿਲਕਾ : ਮਾਂ ਦਾ ਕਤਲ ਕਰਨ ਮਗਰੋਂ ਪੁੱਤਰ ਨੇ ਖੁਦ ਨੂੰ ਮਾਰੀ ਗੋਲੀ (ਵੀਡੀਓ)
Thursday, Jan 09, 2020 - 04:36 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) - ਫਾਜ਼ਿਲਕਾ ਦੇ ਪਿੰਡ ਮਹਿਰਾਣਾ 'ਚ ਇਕ ਨੌਜਵਾਨ ਵਲੋਂ ਆਪਣੀ ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਨੌਜਵਾਨ ਨੇ ਖੁਦ ਵੀ ਆਤਮ-ਹੱਤਿਆ ਕਰ ਲਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਮ ਲਈ ਹਸਪਤਾਲ ਭੇਜ ਦਿੱਤਾ ਅਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਵਿਨੋਦ ਕੁਮਾਰ ਅਤੇ ਉਸਦੀ ਮਾਂ ਦੀ ਪਛਾਣ ਰਾਧਾ ਦੇਵੀ ਵਜੋਂ ਹੋਈ ਹੈ।
ਮੌਕੇ 'ਤੇ ਮੌਜੂਦ ਪਿੰਡ ਦੇ ਨੰਬਰਦਾਰ ਪਟੇਲ ਕੁਮਾਰ ਨੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਡਾਕ ਘਰ 'ਚ ਬਤੌਰ ਕੈਸ਼ੀਅਰ ਦਾ ਕੰਮ ਕਰਦਾ ਸੀ। ਇੰਨਾ ਦੇ 11 ਏਕੜਾਂ 'ਚ ਕਿੰਨੂੰਆਂ ਦੇ ਬਾਗ ਵੀ ਸਨ। ਮ੍ਰਿਤਕ ਦੇ ਸਿਰ 'ਤੇ ਬੈਂਕ ਵਾਲਿਆਂ ਦਾ ਕਰੀਬ 35 ਲੱਖ ਰੁਪਏ ਤੱਕ ਦਾ ਕਰਜ਼ਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਦੂਜੇ ਪਾਸੇ ਪੁਲਸ ਨੇ ਦੱਸਿਆ ਕਿ ਮ੍ਰਿਤਕ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਮਾਮੇ ਦੇ ਮੁੰਡੇ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਖ਼ੁਦਕੁਸ਼ੀ ਕਰਨ ਲੱਗਾ ਹੈ।
ਉਸ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਵਿਨੋਦ ਨੇ ਬਾਗ 'ਚ ਆਪਣੀ ਮਾਂ ਕੋਲ ਜਾ ਕੇ ਪਹਿਲਾਂ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ 'ਚ ਖੁਦ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ, ਜੋ ਕਾਰਵਾਈ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ।