ਫਾਜ਼ਿਲਕਾ : ਬੇਗਾਂਵਾਲੀ ’ਚ ਸਿਆਸੀ ਰੰਜਿਸ਼ ਦੀ ਭੇਂਟ ਚੜ੍ਹੀਆਂ ਹਜ਼ਾਰਾਂ ਮੱਛੀਆਂ (ਵੀਡੀਓ)
Monday, Mar 09, 2020 - 12:19 PM (IST)
ਫਾਜ਼ਿਲਕਾ ( ਸੁਨੀਲ ਨਾਗਪਾਲ ) - ਫਾਜ਼ਿਲਕਾ ਉਪਮੰਡਲ ਦੇ ਪਿੰਡ ਬੇਗਾਂਵਾਲੀ ’ਚ ਪਿੰਡ ਦੇ ਠੇਕੇ ’ਤੇ ਲਏ ਛੱਪੜ ’ਚ ਵੱਡੀ ਗਿਣਤੀ ’ਚ ਮੱਛੀਆਂ ਮਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਪਿੰਡ ਦੇ ਛੱਪੜ ਨੂੰ 7 ਸਾਲ ਲਈ ਮੱਛੀ ਪਾਲਣ ਲਈ ਇਕ ਠੇਕੇਦਾਰ ਨੇ ਠੇਕੇ ’ਤੇ ਲਿਆ ਸੀ, ਜਿਸ ’ਚ ਠੇਕੇਦਾਰ ਨੇ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਪਿਛਲੇ ਕੁਝ ਸਮੇਂ ਤੋਂ ਛੱਪੜ ’ਚ ਅਚਾਨਕ ਮੱਛੀਆਂ ਦੇ ਮਰਨ ਦਾ ਸਿਲਸਿਲਾ ਜਾਰੀ ਹੈ, ਜਿਸ ਨਾਲ ਠੇਕੇਦਾਰ ਨੂੰ ਮਾਲੀ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਮੱਛੀਆਂ ਮਰਨ ਤੋਂ ਬਾਅਦ ਉਕਤ ਠੇਕੇਦਾਰ ਛੱਪੜ ਦੀ ਸਾਫ-ਸਫਾਈ ਨਹੀਂ ਕਰਵਾ ਰਿਹਾ, ਜਿਸ ਦਾ ਖਾਮਿਆਜ਼ਾ ਪੂਰੇ ਪਿੰਡ ਨੂੰ ਭੁਗਤਨਾ ਪੈ ਰਿਹਾ ਹੈ। ਮੱਛੀਆਂ ਦੀ ਫੈਲ ਰਹੀ ਬਦਬੂ ਕਾਰਣ ਪਿੰਡਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੜ੍ਹੋ ਇਹ ਖਬਰ ਵੀ - ਮਰੀਆਂ ਮੱਛੀਆਂ 'ਚੋਂ ਆਉਂਦੀ ਬਦਬੂ ਨਾਲ ਆਸ-ਪਾਸ ਰਹਿਣ ਵਾਲਿਆਂ ਦਾ ਜਿਊਣਾ ਹੋਇਆ ਮੁਹਾਲ
ਜਾਣਕਾਰੀ ਮੁਤਾਬਕ ਛੱਪੜ ਨੂੰ ਠੇਕੇ ’ਤੇ ਲੈਣ ਵਾਲੇ ਠੇਕੇਦਾਰ ਵੀਰਪਾਲ ਦੇ ਮੁਤਾਬਕ ਪਿੰਡ ਦੇ ਨੁਮਾਇੰਦੇ ਨੇ ਅਖੋਤੀ ਰੂਪ ਨਾਲ ਨਿਕਾਸੀ ਦਾ ਪਾਣੀ ਉਸਦੇ ਛੱਪੜ ’ਚ ਪਵਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਉਸਦੇ ਛੱਪੜ ਦੀਆਂ ਮੱਛੀਆਂ ਮਰ ਰਹੀਆਂ ਹਨ। ਉਸਨੇ ਠੇਕੇ ’ਤੇ ਛੱਪੜ ਲੈ ਕੇ ਇਸਦੀ ਸਫਾਈ ਕਰਵਾਈ ਸੀ ਅਤੇ ਹੋਰ ਪੈਸਾ ਖਰਚ ਇਸ ’ਚ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਪਰ ਬਦਲੇ ਹੋਏ ਹਾਲਾਤਾਂ ’ਚ ਉਸ ਨੂੰ ਮਾਲੀ ਨੁਕਸਾਨ ਹੀ ਹੋਇਆ। ਇਸ ਸਬੰਧ ’ਚ ਉਸਨੇ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਹੈ। ਠੇਕੇਦਾਰ ਵੀਰਪਾਲ ਸਿੰਘ ਵਲੋਂ ਪਿੰਡ ਦੇ ਸਰਪੰਚ 'ਤੇ ਰੰਜਿਸ਼ਨ ਉਸ ਦੀਆਂ ਮੱਛੀਆਂ ਮਾਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਠੇਕੇਦਾਰ ਨੇ ਦੋਸ਼ ਲਗਾਇਆ ਕਿ ਸਰਪੰਚ ਨੇ ਜਾਣ ਬੁੱਝ ਕੇ ਉਸ ਦੇ ਛੱਪੜ 'ਚ ਪਿੰਡ ਦਾ ਗੰਦਾ ਅਤੇ ਜ਼ਹਿਰੀਲਾ ਪਾਣੀ ਛੱਡ ਦਿੱਤਾ, ਜਿਸ ਕਾਰਨ ਉਸ ਦੀਆਂ ਸਾਰੀਆਂ ਮੱਛੀਆਂ ਮਰ ਗਈਆਂ।
ਪੜ੍ਹੋ ਇਹ ਖਬਰ ਵੀ - ਗੰਗਾ ਨਦੀਂ 'ਚ ਅਣਗਿਣਤ ਮਰੀਆਂ ਮੱਛੀਆਂ ਤੈਰਦੀਆਂ ਆਈਆਂ ਨਜ਼ਰ, ਮੰਤਰੀ ਨੇ ਕਾਰਵਾਈ ਕਰਨ ਦਾ ਦਿੱਤਾ ਹੁਕਮ
ਇਸ ਮਾਮਲੇ ’ਚ ਸੰਪਰਕ ਕਰਨ ’ਤੇ ਫਾਜ਼ਿਲਕਾ ਦੀ ਮੱਛੀ ਪਾਲਣ ਅਧਿਕਾਰੀ ਕੋਕਮ ਕੌਰ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਉਨ੍ਹਾਂ ਛੱਪੜ ਦੇ ਪਾਣੀ ਦੇ ਸੈਂਪਲ ਲੈ ਲਏ ਹਨ, ਜੋ ਉਨ੍ਹਾਂ ਹੈੱਡਕੁਆਟਰ ਫਿਰੋਜ਼ਪੁਰ ਭੇਜ ਦਿੱਤੇ, ਜਿਥੋਂ ਉਹ ਜਾਂਚ ਲਈ ਲੁਧਿਆਣਾ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਸਦੀ ਰਿਪੋਰਟ ਮਿਲਦੀ ਹੈ, ਉਹ ਡਿਪਟੀ ਕਮਿਸ਼ਨਰ ਨੂੰ ਸੋਂਪ ਦੇਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਫਾਜ਼ਿਲਕਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਕਰ ਰਹੇ ਹਨ, ਜਦਕਿ ਉਨ੍ਹਾਂ ਦਾ ਕੰਮ ਪਾਣੀ ਦੇ ਸੈਂਪਲ ਲੈ ਕੇ ਉਸਦੀ ਰਿਪੋਰਟ ਅਧਿਕਾਰੀਆਂ ਨੂੰ ਦੇਣਾ ਹੈ।