ਦੀਵਾਲੀ ਦੀ ਰਾਤ ਫਾਜ਼ਿਲਕਾ 'ਚ ਹੋਈ ਖੂਨੀ ਝੜਪ, 6 ਜ਼ਖਮੀ (ਵੀਡੀਓ)
Monday, Oct 28, 2019 - 11:40 AM (IST)
ਫਾਜ਼ਿਲਕਾ (ਸੁਨੀਲ ਨਾਗਪਾਲ) - ਦੀਵਾਲੀ ਦੀ ਰਾਤ ਫਾਜ਼ਿਲਕਾ ਦੇ ਆਨੰਦਪੁਰ ਮੁਹੱਲੇ 'ਚ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਧਿਰਾਂ ਵਿਚਕਾਰ ਹੋਈ ਭਿਆਨਕ ਝੜਪ ਦੌਰਾਨ ਲੋਕਾਂ ਵਲੋਂ ਇਕ ਦੂਜੇ 'ਤੇ ਇੱਟਾਂ-ਵੱਟੇ ਵੀ ਚਲਾਏ ਗਏ, ਜਿਸ ਕਾਰਨ 6 ਲੋਕਾਂ ਦੇ ਗੰਭੀਰ ਤੌਰ 'ਤੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਇਹ ਸਾਰਾ ਫਸਾਦ ਇਕ ਔਰਤ ਨਾਲ ਹੋਈ ਛੇੜਛਾੜ ਨੂੰ ਲੈ ਕੇ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਮੁਹੱਲੇ 'ਚ ਰਹਿੰਦੀਆਂ ਦੋਵਾਂ ਧਿਰਾਂ ਵਲੋਂ ਜੰਮ ਕੇ ਇੱਟਾਂ ਰੋੜੇ ਬਰਸਾਏ ਗਏ।
ਪੀੜਤ ਮਹਿਲਾ ਦੇ ਪਤੀ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਉਨ੍ਹਾਂ ਨੇ ਕਈ ਵਾਰ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ ਪਰ ਉਹ ਨਹੀਂ ਟਲਿਆ ਅਤੇ ਜਦੋਂ ਮੁੜ ਉਸ ਵਲੋਂ ਇਹ ਘਟੀਆ ਹਰਕਤ ਕੀਤੀ ਗਈ ਤਾਂ ਗੱਲ ਤੂੰ-ਤੂੰ ਮੈਂ ਮੈਂ ਤੋਂ ਸ਼ੁਰੂ ਹੋ ਕੇ ਹੱਥੋ ਪਾਈ ਤੱਕ ਪਹੁੰਚ ਗਈ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਤਣਾਅਪੂਰਣ ਸਥਿਤੀ 'ਤੇ ਕਾਬੂ ਪਾ ਲਿਆ ਅਤੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।