ਪਤੀ ਵੀ ਸ਼ਰਾਬੀ, ਪੁੱਤ ਵੀ ਨਸ਼ੇੜੀ, ਬੇਬੇ ਨੂੰ ਬਣਾ ਦਿੱਤਾ ਭਿਖਾਰੀ (ਵੀਡੀਓ)

Monday, Mar 09, 2020 - 01:57 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ) - ਅਜੋਕੇ ਸਮੇਂ ’ਚ ਪੰਜਾਬ ਅੰਦਰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਵੱਡੇ ਪੱਧਰ ’ਤੇ ਹੋ ਰਹੀ ਹੈ, ਜਿਸ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਰਹੇ ਹਨ। ਅੱਜ ਕਲ ਦੀ ਨੌਜਵਾਨ ਪੀੜੀ ਲਈ ਇਹ ਇਕ ਵੱਡੀ ਸਮੱਸਿਆ ਹੈ, ਜਿਸ ਨਾਲ ਕਈ ਪਰਿਵਾਰ ਉਜੜ ਰਹੇ ਹਨ। ਸਮਾਂ ਕਈ ਵਾਰ ਜ਼ਿੰਦਗੀ ’ਤੇ ਇਨਾਂ ਭਾਰੀ ਪੈ ਜਾਂਦਾ ਹੈ ਕਿ ਇਨਸਾਨ ਦੀ 2 ਵੇਲੇ ਦੀ ਰੋਟੀ ਖਾਣੀ ਵੀ ਮੁਸ਼ਕਲ ਹੋ ਜਾਂਦੀ ਹੈ। ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਜਲਾਲਾਬਾਦ ਦੇ ਪਿੰਡ ਨੋਹਬੇਰਾਮ ਸ਼ੇਰ ਸਿੰਘ ਵਾਲਾ ਦਾ ਇਕ ਪਰਿਵਾਰ, ਜਿਸ ’ਚ ਰਹਿ ਰਹੀ ਬੇਬੇ ਦਾ ਪਤੀ ਵੀ ਸ਼ਰਾਬੀ ਸੀ ਅਤੇ ਹੁਣ ਪੁੱਤ ਵੀ ਨਸ਼ੇੜੀ ਹੈ। 

PunjabKesari

 ਜਾਣਕਾਰੀ ਅਨੁਸਾਰ ਬੇਬੇ ਦਾ ਘਰ ਵਾਲਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਉਕਤ ਬੇਬੇ ਦਾ ਨੌਜਵਾਨ ਪੁੱਤਰ ਵੀ ਨਸ਼ੇੜੀ ਹੈ, ਜੋ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਰਾ ਸਾਮਾਨ ਵੇਚ ਕੇ ਖਾਹ ਗਿਆ। ਅਧਰੰਗ ਦੀ ਸ਼ਿਕਾਰ ਬੇਬੇ 2 ਵੇਲੇ ਦੀ ਰੋਟੀ ਖਾਣ ਲਈ ਘਰ-ਘਰ ਭੀਖ ਮੰਗਣ ਨੂੰ ਮਜਬੂਰ ਹੋ ਰਹੀ ਹੈ। ਚੰਗੇ ਦਿੰਨਾ ਨੂੰ ਯਾਦ ਕਰ ਬੇਬੇ ਨੇ ਪੱਤਰਕਾਰ ਨੂੰ ਦੱਸਿਆ ਕਿ ਉਹ ਸੁੱਖੀ ਵਸਦੀ ਸੀ। ਸ਼ਰਾਬ ਪੀਣ ਕਾਰਨ ਉਸਦੇ ਪਤੀ ਨੇ ਪਹਿਲਾਂ ਸਾਰੀਆਂ ਜ਼ਮੀਨਾਂ ਵੇਚ ਦਿੱਤੀਆਂ ਅਤੇ ਹੁਣ ਉਸਦਾ ਪੁੱਤਰ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਮਾਨ ਵੇਚ ਰਿਹਾ ਹੈ। 

PunjabKesari

ਦੱਸ ਦੇਈਏ ਕਿ ਪਿੰਡ ਦਾ ਕੋਈ ਵੀ ਬੰਦਾ ਸਹਾਰੇ ਲਈ ਇਸ ਬੇਬੇ ਦੀ ਬਾਂਹ ਨਹੀਂ ਫੜ ਰਿਹਾ। ਇਸ ਪਿੰਡ ਦੇ ਸਰਪੰਚ ਨੇ ਵੀ ਇਸ ਸਬੰਧ ’ਚ ਰਵਾਇਤੀ ਜਵਾਬ ਦਿੰਦੇ ਹੋਏ ਕਿਹਾ ਕਿ ਇੰਨਾ ਦੀ ਸਮੱਸਿਆ ਸਰਕਾਰ ਅੱਗੇ ਰੱਖੀ ਜਾਏਗੀ। ਦੂਜੇ ਪਾਸੇ ਇਸ ਸਬੰਧ ’ਚ ਜਦੋਂ ਪੁਲਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇਲਾਕੇ 'ਚ ਨਸ਼ੇ ਨੂੰ ਲੈ ਕੇ ਸਖਤੀ ਕੀਤੀ ਗਈ ਹੈ, ਜਿਸ ਸਦਕਾ ਉਹ ਨਸ਼ਾ ਤਸਕਰਾਂ ਨੂੰ ਕਾਬੂ ਕਰ ਰਹੇ ਹਨ। 


rajwinder kaur

Content Editor

Related News