ਘਰ ''ਚ ਰੱਖਿਆ ਧੀ ਦਾ ਵਿਆਹ, ਪਿਓ ਨੇ ਪੁਲਸ ਦੇ ਸਾਹਮਣੇ ਪੀਤੀ ਜ਼ਹਿਰ
Monday, Dec 14, 2020 - 08:05 PM (IST)
ਬੁਢਲਾਡਾ (ਬਾਂਸਲ) : ਜ਼ਮੀਨ ਨੂੰ ਵਾਹੁਣ ਤੋਂ ਰੋਕਣ ਲਈ ਆਈ ਪੁਲਸ ਦੀ ਹਾਜ਼ਰੀ ਵਿਚ ਕਿਸਾਨ ਵੱਲੋਂ ਖੇਤ ਵਿਚ ਹੀ ਜ਼ਹਿਰੀਲੀ ਚੀਜ਼ ਪੀ ਲਈ ਗਈ। ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਆਲਮਪੁਰ ਬੋਦਲਾ ਵਿਖੇ ਬੋਘ ਸਿੰਘ(50) ਪੁੱਤਰ ਹਰਨੇਕ ਸਿੰਘ ਜਿਸ ਦੀ ਸਵਾ ਦੋ ਕਿੱਲੇ ਜ਼ਮੀਨ ਦੀ ਖਰੀਦੋ ਫ਼ਰੋਕਤ ਦੇ ਮਾਮਲੇ ਵਿਚ ਝਗੜਾ ਦਰਸ਼ਨ ਸਿੰਘ ਭਾਦੜਾ ਨਾਲ ਚੱਲ ਰਿਹਾ ਸੀ। ਇਸ ਸਬੰਧੀ ਵਿਸਥਾਰ ਜਾਣਕਾਰੀ ਦਿੰਦਿਆਂ ਜੇਰੇ ਇਲਾਜ ਬੋਘ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਦਰਸ਼ਨ ਸਿੰਘ ਭਾਦੜਾ ਨਾਮ ਦਾ ਵਿਅਕਤੀ ਸਾਡੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰ ਰਿਹਾ ਸੀ ਇਸ ਸੰਬੰਧੀ ਪੁਲਸ ਨੂੰ ਪਹਿਲਾਂ ਵੀ ਸੂਚਿਤ ਕਰ ਦਿੱਤਾ ਗਿਆ ਸੀ ਪਰ ਪੁਲਸ ਨੇ ਕੋਈ ਸੁਣਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ : ਮਾਂ-ਧੀ ਨੇ ਇਕੱਠਿਆਂ ਲਿਆ ਫਾਹਾ, ਖ਼ੁਦਕੁਸ਼ੀ ਨੋਟ 'ਚ ਪੜ੍ਹਿਆ ਤਾਂ ਖੋਲ੍ਹਿਆ ਭੇਤ
ਸੋਮਵਾਰ ਸਵੇਰੇ ਜਦੋਂ ਅਸੀਂ ਆਪਣੀ ਜ਼ਮੀਨ ਵਾਹੁਣ ਲੱਗੇ ਤਾਂ ਦਰਸ਼ਨ ਸਿੰਘ ਪੁਲਸ ਪਾਰਟੀ ਸਮੇਤ ਐੱਸ. ਐੱਚ. ਓ. ਖੇਤ ਵਿਚ ਪੁੱਜਿਆ ਅਤੇ ਸਾਡੀ ਜ਼ਮੀਨ 'ਚ ਬੀਜੀ ਫ਼ਸਲ ਦੀ ਦੇਖਭਾਲ ਕਰਨ ਲੱਗੇ ਤਾਂ ਪੁਲਸ ਨੇ ਰੋਕ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਜਸਪ੍ਰੀਤ ਕੋਰ ਦਾ 29 ਦਸੰਬਰ ਨੂੰ ਵਿਆਹ ਰੱਖਿਆ ਹੋਇਆ ਹੈ ਕਿ ਅਚਾਨਕ ਪੁਲਸ ਵੱਲੋਂ ਸਾਨੂੰ ਜ਼ਮੀਨ 'ਚ ਵੜ੍ਹਨ ਅਤੇ ਕੰਮ ਕਰਨ ਤੋਂ ਰੋਕਣ 'ਤੇ ਬਰਦਾਸ਼ਤ ਨਾ ਕਰਦਿਆਂ ਪੁਲਸ ਦੀ ਹਾਜ਼ਰੀ ਵਿਚ ਹੀ ਮੇਰੇ ਪਤੀ ਨੇ ਜ਼ਹਿਰੀਲੀ ਚੀਜ਼ ਪੀ ਲਈ। ਉਨ੍ਹਾਂ ਦੱਸਿਆ ਕਿ ਉਪਰੋਕਤ ਵਿਅਕਤੀ ਜਾਅਲੀ ਕਾਗਜ਼ ਤਿਆਰ ਕਰਕੇ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਪੀੜਤ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਮੇਲ ਸਿੰਘ ਦਲੇਲਵਾਲਾ ਨੇ ਦੱਸਿਆ ਕਿ ਉਸਦੇ ਭਣਵਈਏ ਕੋਲ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਸਵਾ ਦੋ ਕਿੱਲੇ ਹੀ ਜ਼ਮੀਨ ਹੈ ਜਿਸ ਨੂੰ ਇਹ ਹੜੱਪਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੇ ਭਾਜਪਾ 'ਚ ਲਵਾਈ ਅਸਤੀਫ਼ਿਆਂ ਦੀ ਝੜੀ, ਲੱਗਾ ਇਕ ਹੋਰ ਵੱਡਾ ਝਟਕਾ
ਦੂਸਰੇ ਪਾਸੇ ਇਸ ਸੰਬੰਧੀ ਡੀ. ਐੱਸ. ਪੀ. ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਜ਼ਮੀਨ ਦੇ ਝਗੜੇ ਸੰਬੰਧੀ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ। ਪੁਲਸ ਵੱਲੋਂ ਮੌਕੇ 'ਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਐੱਸ. ਐੱਚ. ਓ. ਅਤੇ ਹਾਜ਼ਰ ਡਿਊਟੀ ਅਫਸਰ ਗਏ ਸਨ ਅਤੇ ਜ਼ਹਿਰੀਲੀ ਦਵਾਈ ਪੀਣ ਵਾਲੇ ਕਿਸਾਨ ਨੂੰ ਮੌਕੇ ਤੋਂ ਚੁੱਕ ਕੇ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਪੁਲਸ 'ਤੇ ਲੱਗੇ ਪੱਖਪਾਤ ਦੇ ਦੋਸ਼ਾਂ ਨੂੰ ਮੁੱਢੋਂ ਨਕਾਰਿਆ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਵੱਡੀ ਹਲਚਲ, ਭਾਜਪਾ ਨੇ ਪੰਜਾਬ ਦੇ 4 ਨੇਤਾਵਾਂ ਨੂੰ ਅਚਾਨਕ ਦਿੱਲੀ ਸੱਦਿਆ