ਰੋਂਦਾ ਹੋਇਆ ਬੋਲਿਆ ਪਿਤਾ, ਧੀ ਤਾਂ ਮਾਰ ''ਤੀ, ਹੁਣ ਇਨਸਾਫ ਲਈ ਮਿਲ ਰਹੇ ਧੱਕੇ
Saturday, Sep 28, 2019 - 06:36 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਮੇਰੀ ਲਾਡਾਂ ਨਾਲ ਪਾਲੀ ਧੀ ਨੂੰ ਸਹੁਰੇ ਪਰਿਵਾਰ ਨੇ ਸਲਫਾਸ ਖੁਆ ਕੇ ਮਾਰ ਦਿੱਤਾ ਸੀ, ਜਿਸ ਦੇ ਇਨਸਾਫ ਲਈ ਮੈਂ ਥਾਣਾ ਦਾਖਾ ਦੇ ਕਈ ਚੱਕਰ ਕੱਟ ਚੁੱਕਾ ਹਾਂ ਪਰ ਮੇਰੀ ਸੁਣਵਾਈ ਨਹੀਂ ਹੋ ਰਹੀ। ਹੁਣ ਮੈਂ ਮਨੁੱਖੀ ਅਧਿਕਾਰ ਕਮਿਸ਼ਨ, ਮਹਿਲਾ ਕਮਿਸ਼ਨ, ਡੀ. ਜੀ. ਪੀ. ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਫਰਿਆਦ ਕੀਤੀ ਹੈ ਕਿ ਮੇਰੀ ਧੀ ਨਾਲ ਹੋਈ ਬੇਇਨਸਾਫੀ ਦਾ ਇਨਸਾਫ ਮੈਨੂੰ ਦਿਵਾਇਆ ਜਾਵੇ। ਉਕਤ ਸ਼ਬਦ ਪ੍ਰਿਤਪਾਲ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਗਿੱਲ ਨੇ ਇਨਸਾਫ ਦੀ ਫਰਿਆਦ ਕਰਦਿਆਂ ਨਮ ਅੱਖਾਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਹੇ। ਉਨ੍ਹਾਂ ਕਿਹਾ ਕਿ ਮੇਰੀ ਧੀ ਹਰਪ੍ਰੀਤ ਕੌਰ ਜਦੋਂ 6 ਸਾਲਾਂ ਦੀ ਹੀ ਸੀ, ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਵੱਡੀ ਹੋਣ 'ਤੇ ਮੇਰੀਆਂ ਜ਼ਿੰਮੇਵਾਰੀਆਂ ਵਧਣ 'ਤੇ ਮੇਰੇ ਭਰਾ ਸੁਖਦੇਵ ਸਿੰਘ ਵਾਸੀ ਪਿੰਡ ਸ਼ੰਕਰ ਕੋਲ ਹਰਪ੍ਰੀਤ ਰਹਿ ਰਹੀ ਸੀ ਅਤੇ ਉਨ੍ਹਾਂ ਨੇ ਹੀ ਇਸ ਦਾ ਵਿਆਹ 11-12 ਸਾਲ ਪਹਿਲਾਂ ਪਿੰਡ ਦਾਖਾ ਦੇ ਬੰਟੀ ਪੁੱਤਰ ਰਮੇਸ਼ ਕੁਮਾਰ ਨਾਲ ਕੀਤਾ ਸੀ, ਜਿਸ ਦੇ 2 ਬੱਚੇ ਵੀ ਸਨ। ਪਿਛਲੇ 4-5 ਮਹੀਨਿਆਂ ਤੋਂ ਮੇਰੀ ਧੀ ਅਤੇ ਜਵਾਈ ਵਿਚ ਅਕਸਰ ਝਗੜਾ ਰਹਿੰਦਾ ਸੀ, ਜਿਸ ਨੂੰ ਲੈ ਕੇ ਮੇਰੀ ਧੀ ਦੀ ਸੱਸ ਪਰਮਜੀਤ ਕੌਰ, ਦਿਓਰ ਅਜੇ ਅਤੇ ਸਹੁਰਾ ਰਮੇਸ਼ ਕੁਮਾਰ ਬੰਟੀ ਨਾਲ ਰਲ਼ ਕੇ ਹਮੇਸ਼ਾ ਕੁੱਟ-ਮਾਰ ਕਰਦੇ ਸਨ, ਜਿਸ ਸਬੰਧੀ ਮੈਂ ਖੁਦ ਆ ਕੇ ਸਾਰੇ ਪਰਿਵਾਰ ਨੂੰ ਕੁੱਟ-ਮਾਰ ਕਰਨ ਤੋਂ ਰੋਕਿਆ ਸੀ ਪਰ ਇਹ ਮੇਰੀ ਧੀ ਨੂੰ ਬਦਨਾਮ ਕਰਦੇ ਸਨ ਅਤੇ ਨਾਜਾਇਜ਼ ਸਬੰਧਾਂ ਦੇ ਝੂਠੇ ਇਲਜ਼ਾਮ ਲਾਉਂਦੇ ਸਨ। 19 ਅਗਸਤ 2019 ਨੂੰ ਮੈਨੂੰ ਮੇਰੇ ਜਵਾਈ ਬੰਟੀ ਦਾ ਫੋਨ ਆਇਆ ਕਿ ਹਰਪ੍ਰੀਤ ਕੌਰ ਬੀਮਾਰ ਹੋ ਗਈ ਹੈ, ਜਿਸ ਨੂੰ ਹਸਪਤਾਲ ਲੈ ਕੇ ਚੱਲੇ ਹਾਂ। ਜਦੋਂ ਮੈਂ ਰਘੂਨਾਥ ਹਸਪਤਾਲ ਪੁੱਜਾ ਤਾਂ ਮੇਰੀ ਧੀ ਦੀ ਮੌਤ ਹੋ ਚੁੱਕੀ ਸੀ।
ਪਿੰਡ ਦਾਖਾ ਪੁੱਜਦਿਆਂ ਹੀ ਇਕ ਘੰਟੇ ਦੇ ਅੰਦਰ-ਅੰਦਰ ਬਿਨਾਂ ਕਫਨ ਪਾਏ ਮੇਰੀ ਧੀ ਦਾ ਸਸਕਾਰ ਕਰ ਦਿੱਤਾ ਜਦ ਕਿ ਮੈਂ ਰੌਲਾ ਪਾਉਂਦਾ ਰਹਿ ਗਿਆ ਕਿ ਮੇਰੇ ਰਿਸ਼ਤੇਦਾਰਾਂ ਦੀ ਉਡੀਕ ਕਰ ਲਵੋ ਪਰ ਮੇਰੀ ਉਨ੍ਹਾਂ ਨੇ ਇਕ ਨਾ ਸੁਣੀ। ਸਸਕਾਰ ਕਰਨ ਉਪਰੰਤ ਅਗਲੇ ਦਿਨ ਫੁੱਲ ਚੁਗੇ ਜਾਣੇ ਸਨ। ਇਸ ਕਰ ਕੇ ਮੈਂ ਪਿੰਡ ਦਾਖਾ ਵਿਖੇ ਰਹਿ ਪਿਆ ਅਤੇ ਪਿੰਡ ਵਾਸੀਆਂ ਤੋਂ ਪਤਾ ਲੱਗਾ ਕਿ ਮੇਰੀ ਧੀ ਨੂੰ ਸਲਫਾਸ ਖੁਆ ਕੇ ਸਹੁਰੇ ਪਰਿਵਾਰ ਨੇ ਮਾਰਿਆ ਹੈ, ਜਿਸ ਸਬੰਧੀ ਪਤਾ ਕਰਨ ਲਈ ਮੈਂ ਮੁੱਲਾਂਪੁਰ ਦੇ ਪ੍ਰਾਈਵੇਟ ਹਸਪਤਾਲ 'ਚ ਗਿਆ ਜਿੱਥੇ ਮੇਰੀ ਧੀ ਨੂੰ ਇਲਾਜ ਲਈ ਪਹਿਲਾਂ ਲੈ ਕੇ ਗਏ ਸੀ। ਉਥੇ ਨਰਸ ਨੇ ਵੀ ਦੱਸਿਆ ਸੀ ਕਿ ਲੜਕੀ ਨੇ ਸਲਫਾਸ ਖਾਧੀ ਹੋਈ ਸੀ ਅਤੇ ਉਸ ਕੋਲੋਂ ਸਲਫਾਸ ਦੀ ਬਦਬੂ ਆ ਰਹੀ ਸੀ। 23 ਅਗਸਤ 2019 ਨੂੰ ਥਾਣਾ ਦਾਖਾ ਵਿਖੇ ਮੈਂ ਲਿਖਤੀ ਦਰਖਾਸਤ ਦਿੱਤੀ ਕਿ ਮੇਰੀ ਧੀ ਦੀ ਮੌਤ ਕੁਦਰਤੀ ਜਾਂ ਬੀਮਾਰੀ ਨਾਲ ਨਹੀਂ ਹੋਈ ਬਲਕਿ ਸਲਫਾਸ ਖਾਣ ਨਾਲ ਹੋਈ ਹੈ, ਇਸ ਦੀ ਜਾਂਚ ਕਰਵਾ ਕੇ ਮੈਨੂੰ ਇਨਸਾਫ ਦਿਵਾਇਆ ਜਾਵੇ ਪਰ ਇਕ ਮਹੀਨਾ ਬੀਤਣ ਦੇ ਬਾਵਜੂਦ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ।
ਕੀ ਕਹਿਣਾ ਹੈ ਡੀ. ਐੱਸ. ਪੀ. ਦਾਖਾ ਦਾ
ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਪਹਿਲਾਂ ਇਹ ਮਾਮਲਾ ਮੇਰੇ ਧਿਆਨ 'ਚ ਨਹੀਂ ਸੀ, ਹੁਣ ਆਇਆ ਹੈ। ਮ੍ਰਿਤਕਾ ਦੇ ਪਿਤਾ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ।