ਫਤਿਹਵੀਰ ਮਾਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ
Sunday, Jun 16, 2019 - 06:43 PM (IST)
![ਫਤਿਹਵੀਰ ਮਾਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ](https://static.jagbani.com/multimedia/15_49_537618579fateh5 copy.jpg)
ਸੰਗਰੂਰ (ਬੇਦੀ, ਹਰਜਿੰਦਰ) : ਮਾਸੂਮ ਫਤਿਹਵੀਰ ਦੀ ਮੌਤ ਤੋਂ ਬਾਅਦ ਲਗਾਤਾਰ ਇਨਸਾਫ ਦੀ ਮੰਗ ਕਰਦੀਆਂ ਆ ਰਹੀਆਂ ਵੱਖ-ਵੱਖ ਕਮੇਟੀਆਂ ਵੱਲੋਂ ਸੰਘਰਸ਼ ਜਾਰੀ ਹੈ। ਪਿਛਲੇ 2 ਦਿਨਾਂ ਤੋਂ ਸੰਗਰੂਰ ਦੇ ਡੀ. ਸੀ. ਦਫ਼ਤਰ ਅੱਗੇ ਭੁੱਖ ਹੜਤਾਲ ਕਰ ਰਹੇ ਆਮ ਲੋਕਾਂ ਦੀ ਇਕ ਕਮੇਟੀ ਦਾ ਅੱਜ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਸਵੇਰ ਤੋਂ ਧਰਨਾ ਜਾਰੀ ਸੀ ਪਰ ਇਹ ਧਰਨਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਮੰਗਲਵਾਰ ਸ਼ਾਮ ਤੱਕ ਦਾ ਅਲਟੀਮੇਟਮ ਦੇ ਕੇ ਚੁੱਕ ਲਿਆ ਗਿਆ।ਧਰਨੇ ਦੀ ਅਗਵਾਈ ਕਰਨ ਵਾਲੇ ਰਣਦੀਪ ਦਿਓਲ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਜੁਡੀਸ਼ੀਅਲ ਇਨਕੁਆਰੀ ਦੀ ਮੰਗ ਕਰ ਰਹੇ ਹਾਂ ਪਰ ਸਰਕਾਰ ਵੱਲੋਂ ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਅੱਜ ਅਸੀਂ ਕੈਬਨਿਟ ਮੰਤਰੀ ਨੂੰ ਆਪਣਾ ਮੰਗ-ਪੱਤਰ ਦੇਣ ਲਈ ਧਰਨਾ ਲਾਇਆ ਸੀ ਪਰ ਕੈਬਨਿਟ ਮੰਤਰੀ ਵਿਜੇਇੰਦਰ ਇਥੇ ਨਾ ਹੋਣ ਕਰਕੇ ਉਨ੍ਹਾਂ ਨੂੰ ਨਹੀਂ ਮਿਲ ਸਕੇ ਪਰ ਪ੍ਰਸ਼ਾਸਨ ਵੱਲੋਂ ਡੀ. ਐੱਸ. ਪੀ. ਸਤਪਾਲ ਸ਼ਰਮਾ ਅਤੇ ਡੀ. ਐੱਸ. ਪੀ. ਮਨਜੀਤ ਸਿੰਘ ਨੇ ਭਰੋਸਾ ਦਿਵਾਇਆ ਹੈ ਕਿ ਆਉਂਦੇ ਮੰਗਲਵਾਰ ਸ਼ਾਮ ਤੱਕ ਵਿਜੇਇੰਦਰ ਸਿੰਗਲਾ ਨਾਲ ਕਮੇਟੀ ਮੈਂਬਰਾਂ ਦੀ ਮੁਲਾਕਾਤ ਕਰਵਾ ਕੇ ਇਸ ਮਾਮਲੇ ਨੂੰ ਸੁਲਝਾਇਆ ਜਾਵੇਗਾ।
ਕਮੇਟੀ ਮੈਂਬਰਾਂ ਵੱਲੋਂ ਪ੍ਰਸ਼ਾਸਨ ਨੂੰ ਮੰਗਲਵਾਰ ਸ਼ਾਮ ਤੱਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਮੰਗ ਕੀਤੀ ਹੈ ਕਿ ਜੇਕਰ ਮੰਗਲਵਾਰ ਸ਼ਾਮ ਤੱਕ ਵਿਜੇਇੰਦਰ ਸਿੰਗਲਾ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਬੁੱਧਵਾਰ ਨੂੰ ਨਵੇਂ ਸੰਘਰਸ਼ ਦੀ ਰੂਪ-ਰੇਖਾ ਵਿੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਮੁੱਖ ਮੰਗ ਇਹ ਹੈ ਕਿ ਫਤਿਹਵੀਰ ਦੀ ਮੌਤ ਸਬੰਧੀ ਘਟਨਾ ਦੀ ਜੁਡੀਸ਼ੀਅਲ ਇਨਕੁਆਰੀ ਕਰਵਾਈ ਜਾਵੇ ਅਤੇ ਅੱਗੇ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਲਈ ਕੋਈ ਆਧੁਨਿਕ ਮਸ਼ੀਨ ਦਾ ਪ੍ਰਬੰਧ ਵੀ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਅਜਿਹੀਆਂ ਘਟਨਾਵਾਂ ਨਾਲ ਨਜਿੱਠਿਆ ਜਾ ਸਕੇ।