ਅਕਾਲੀਆਂ ਨਾਲ ਗਠਜੋੜ ’ਤੇ CM ਮਾਨ ਦੇ ਦੋਸ਼ਾਂ ''ਤੇ ਕੀ ਬੋਲੇ ਫਤਿਹਜੰਗ ਸਿੰਘ ਬਾਜਵਾ, ਸੁਣੋ ਖ਼ਾਸ ਇੰਟਰਵਿਊ (ਵੀਡੀਓ)

Wednesday, Jan 24, 2024 - 07:14 PM (IST)

ਅਕਾਲੀਆਂ ਨਾਲ ਗਠਜੋੜ ’ਤੇ CM ਮਾਨ ਦੇ ਦੋਸ਼ਾਂ ''ਤੇ ਕੀ ਬੋਲੇ ਫਤਿਹਜੰਗ ਸਿੰਘ ਬਾਜਵਾ, ਸੁਣੋ ਖ਼ਾਸ ਇੰਟਰਵਿਊ (ਵੀਡੀਓ)

ਕਾਦੀਆਂ (ਰਮਨਦੀਪ ਸਿੰਘ ਸੋਢੀ) : ਪੰਜਾਬ ਦੀ ਸਿਆਸਤ ਨੇ ਬਾਜਵਾ ਪਰਿਵਾਰ ’ਤੇ ਕੁੱਝ ਇਸ ਤਰ੍ਹਾਂ ਦਾ ਪਰਛਾਵਾਂ ਛੱਡਿਆ ਹੈ ਕਿ ਇੱਕੋ ਹੀ ਸਾਂਝੀ ਕੋਠੀ ’ਤੇ 2 ਝੰਡੇ ਲਾ ਦਿੱਤੇ ਹਨ। ਇਕ ਪਾਸੇ ਜਿੱਥੇ ਰਾਮ ਲੱਲਾ ਦਾ ਝੰਡਾ ਲੱਗਿਆ ਹੋਇਆ ਹੈ ਅਤੇ ਫਤਿਹਜੰਗ ਬਾਜਵਾ ਭਾਜਪਾ ’ਚ ਹਨ, ਉੱਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਦਾ ਝੰਡਾ ਲੱਗਿਆ ਹੋਇਆ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਪਾਰਟੀ ’ਚ ਹਨ। ਇਸ ਕੋਠੀ ’ਚ ਹੇਠਾਂ ਫਤਿਹਜੰਗ ਬਾਜਵਾ ਅਤੇ ਉੱਪਰ ਪ੍ਰਤਾਪ ਸਿੰਘ ਬਾਜਵਾ ਰਹਿੰਦੇ ਹਨ। ਇਸ ਮੌਕੇ ‘ਜਗਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਫਤਿਹਜੰਗ ਬਾਜਵਾ ਨਾਲ ਖ਼ਾਸ ਗੱਲਬਾਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਝੰਡਿਆਂ ਦੀ ਸਿਆਸਤ ਦੇ ਕਿੱਸੇ ਸੁਣਾਏ। ਪੰਜਾਬ ਦੇ ਮਸਲਿਆਂ ਬਾਰੇ ਬੋਲਦਿਆਂ ਫਤਿਹਜੰਗ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮਸਲਿਆਂ ਨੂੰ ਕੇਂਦਰ ਅੱਗੇ ਚੰਗੀ ਤਰ੍ਹਾਂ ਪੇਸ਼ ਹੀ ਨਹੀਂ ਕੀਤਾ ਜਾਂਦਾ। ਪੇਂਡੂ ਵਿਕਾਸ ਫੰਡ ਕੇਂਦਰ ਵਲੋਂ ਰੋਕੇ ਜਾਣ ’ਤੇ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਫੰਡਾਂ ਦੇ ਪੈਸਿਆਂ ਦੇ ਇਸਤੇਮਾਲ ਦਾ ਯੂਟੀਲਾਈਜ਼ੇਸ਼ਨ ਸਰਟੀਫਿਕੇਟ ਹੀ ਨਹੀਂ ਦਿੱਤਾ ਗਿਆ, ਜਿਸ ਕਾਰਨ ਕੇਂਦਰ ਨੇ ਫੰਡਾਂ ਦਾ ਪੈਸਾ ਰੋਕਿਆ ਹੋਇਆ ਹੈ। ਬੰਦੀ ਸਿੰਘਾਂ ਦੀ ਰਿਹਾਈ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੇਸ ਨੂੰ ਤੀਜੀ ਧਿਰ ਵਲੋਂ ਅੱਗੇ ਲਿਜਾਇਆ ਜਾ ਰਿਹਾ ਹੈ ਅਤੇ ਜੇਕਰ ਜਿਨ੍ਹਾਂ ਲੋਕਾਂ ਨੂੰ ਸਜ਼ਾਵਾਂ ਹੋਈਆਂ ਹਨ ਅਤੇ ਉਹ ਆਪਣਾ ਪੱਖ ਰੱਖਦੇ ਹਨ ਤਾਂ ਸਰਕਾਰ ਉਨ੍ਹਾਂ ਦੀ ਗੱਲ 'ਤੇ ਗੌਰ ਜ਼ਰੂਰ ਕਰੇਗੀ।

ਫਤਿਹਜੰਗ ਬਾਜਵਾ ਨੇ ਕਿਹਾ ਕਿ ਰਾਜੋਆਣਾ ਦੇ ਕੇਸ ’ਚ ਵੀ ਕਿਤੇ ਨਾ ਕਿਤੇ ਅਜਿਹਾ ਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਵੀ ਪੰਜਾਬ ਵਲੋਂ ਉਨ੍ਹਾਂ ਦੀ ਰਿਹਾਈ ਲਈ ਕੇਂਦਰ ਨੂੰ ਆਪਣਾ ਪ੍ਰਸਤਾਵ ਦਿੱਤਾ ਹੈ। ਪੰਜਾਬ ਦੀ ਝਾਕੀ 26 ਜਨਵਰੀ ਦੀ ਦਿੱਲੀ ਵਿਖੇ ਪਰੇਡ 'ਚੋਂ ਕੱਢੇ ਜਾਣ ਦਾ ਜਵਾਬ ਦਿੰਦਿਆਂ ਬਾਜਵਾ ਨੇ ਕਿਹਾ ਕਿ ਇਸ ਮੁੱਦੇ ਨੂੰ ਬਹੁਤ ਜ਼ਿਆਦਾ ਉਛਾਲਿਆ ਗਿਆ ਹੈ। ਕੇਂਦਰ ਸਰਕਾਰ ਹਰ ਸੂਬੇ ਨੂੰ ਇਕ ਥੀਮ ਦਿੰਦੀ ਹੈ, ਜਿਸ ਦੇ ਆਧਾਰ ’ਤੇ ਝਾਕੀਆਂ ਭੇਜੀਆਂ ਜਾਣੀਆਂ ਹੁੰਦੀਆਂ ਹਨ ਅਤੇ ਪੰਜਾਬ ਨੇ ਇਸ ਥੀਮ ’ਤੇ ਝਾਕੀਆਂ ਨਹੀਂ ਭੇਜੀਆਂ, ਜਿਸ ਕਾਰਨ ਪੰਜਾਬ ਦੀ ਝਾਕੀ ਨੂੰ ਰੱਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸੂਬੇ ਦਾ ਮੁੱਖ ਮੰਤਰੀ ਦੇਸ਼ ਤੋੜਨ ਦੀਆਂ ਗੱਲਾਂ ਕਰੇਗਾ ਤਾਂ ਉਨ੍ਹਾਂ ਨੂੰ ਭੱਬਦਾ ਨਹੀਂ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਅਹਿਮ ਕਦਮ, ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਲੈਬ ਕੀਤੀ ਜਾਵੇਗੀ ਸਥਾਪਿਤ 

ਜਦੋਂ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਪੰਜਾਬ ਨੂੰ ਕੇਂਦਰ ਵਲੋਂ ਕੋਈ ਵਿਸ਼ੇਸ਼ ਪੈਕਜ ਕਿਉਂ ਨਹੀਂ ਦਿੱਤਾ ਜਾਂਦਾ ਤਾਂ ਬਾਜਵਾ ਨੇ ਕਿਹਾ ਕਿ ਪੰਜਾਬ ਇਕ ਸੂਬਾ ਨਹੀਂ, ਸਗੋਂ ਸਾਰੇ ਦੇਸ਼ ਦੀ ਇਕ ਸੋਚ ਹੈ। ਪੰਜਾਬ ਨੂੰ ਅੱਜ ਵਿਸ਼ੇਸ਼ ਪੈਕਜ ਦੀ ਲੋੜ ਹੈ। ਜਿਸ ਤਰ੍ਹਾਂ ਪੰਜਾਬ ਹੌਲੀ-ਹੌਲੀ ਕਰਜ਼ੇ ਹੇਠ ਜਾ ਰਿਹਾ ਹੈ। ਅਕਾਲੀ ਦਲ ਨਾਲ ਗਠਜੋੜ ਬਾਰੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਪੁਰਾਣੇ ਰਿਸ਼ਤੇ ਕਦੇ ਵੀ ਟੁੱਟਦੇ ਨਹੀਂ ਹਨ। ਕਈ ਵਾਰ ਦੂਰੀਆਂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨਾਲ ਗਠਜੋੜ ਬਾਰੇ ਗੱਲ ਤਾਂ ਹਾਈਕਮਾਨ ਤੱਕ ਚੱਲ ਹੀ ਰਹੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਬਿਹਤਰੀ ਵਾਸਤੇ ਅਕਾਲੀ ਦਲ ਅਤੇ ਭਾਜਪਾ ਦੁਬਾਰਾ ਇਕ ਹੋ ਜਾਂਦੇ ਹਨ ਤਾਂ ਇਸ ’ਚ ਕੋਈ ਮਾੜੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਰਲੇਵਾਂ ਹੋ ਜਾਵੇ ਕਿਉਂਕਿ ਇਸ ਦੀ ਬਹੁਤ ਲੋੜ ਹੈ। ਲੋਕ ਸਭਾ ਚੋਣ ਲੜਨ ਦੇ ਸਵਾਲ ’ਤੇ ਫਤਹਿਜੰਗ ਬਾਜਵਾ ਨੇ ਕਿਹਾ ਕਿ ਉਹ ਪਾਰਟੀ ਦੇ ਹੁਕਮਾਂ ਮੁਤਾਬਕ ਹੀ ਚੱਲਣਗੇ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦਾ ਜਿੰਨਾ ਵੀ ਹੋਰ ਸਮਾਂ ਬਚਿਆ ਹੈ, ਉਹ ਪੰਜਾਬ ਲਈ ਕੁੱਝ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਵਿਭਾਗਾਂ ਨੂੰ ਹਦਾਇਤਾਂ ਜਾਰੀ, ਵਿਕਾਸ ਪ੍ਰਾਜੈਕਟਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੋਨੇ ਦੇ ਬਿਸਕੁਟਾਂ ’ਤੇ ਲਾਏ ਗਏ ਦੋਸ਼ਾਂ ’ਤੇ ਬੋਲਦਿਆਂ ਫਤਿਹਜੰਗ ਬਾਜਵਾ ਨੇ ਕਿਹਾ ਕਿ ਬਾਜਵਾ ਪਰਿਵਾਰ ’ਤੇ ਗੁਰੂਆਂ ਦੀ ਕ੍ਰਿਪਾ ਰਹੀ ਹੈ ਅਤੇ ਉਨ੍ਹਾਂ ਦੇ ਪਿਤਾ ਵੀ 3 ਵਾਰ ਕੈਬਨਿਟ ਮੰਤਰੀ ਰਹੇ ਹਨ ਅਤੇ ਅਸੀਂ ਦਸਾਂ ਨੁੰਹਾਂ ਦੀ ਕਿਰਤ ਕਰਕੇ ਖਾਂਦੇ ਹਾਂ ਅਤੇ ਜੇਕਰ ਕੋਈ ਇਸ ਤਰ੍ਹਾਂ ਦੀ ਚੀਜ਼ ਹੋਵੇ ਤਾਂ ਉਹ ਲੁਕੀ-ਛੁਪੀ ਨਹੀਂ ਰਹਿੰਦੀ। ਉਨ੍ਹਾਂ ਦੱਸਿਆ ਕਿ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਪ੍ਰਤਾਪ ਜੰਗ ਸਿੰਘ ਬਾਜਵਾ ਸੀ ਅਤੇ ਹੁਣ ਜੰਗ ਸਿਰਫ਼ ਇੱਕ ਹੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਆਸਤ ਤੋਂ ਇਲਾਵਾ ਉਨ੍ਹਾਂ ਨੂੰ ਗਾਣੇ ਸੁਣ, ਗੋਲਫ਼ ਖੇਡਣ ਦਾ ਸ਼ੌਂਕ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਸੰਦੀਦਾ ਗਾਇਕ ਦਿਲਜੀਤ ਦੋਸਾਂਝ ਹੈ ਅਤੇ ਹਿੰਦੀ ਅਦਾਕਾਰ ’ਚ ਰਣਵੀਰ ਸਿੰਘ ਨੂੰ ਉਹ ਬੇਹੱਦ ਪਸੰਦ ਕਰਦੇ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਕਿੱਸਾ ਸੁਣਾਉਂਦੇ ਹੋਏ ਕਿਹਾ ਕਿ ਸਾਲ 2007 ਦੀਆਂ ਚੋਣਾਂ ਸਨ ਅਤੇ 2006 ਦੇ ਅਖ਼ੀਰ ’ਚ ਸਾਡੇ ਪਿੰਡ ਨੇੜੇ ਬਿਜਲੀ ਦਾ ਸਬ ਸਟੇਸ਼ਨ ਲੱਗਾ ਸੀ ਅਤੇ ਉੱਥੇ ਮੁੱਖ ਮੰਤਰੀ ਨੇ ਉਦਘਾਟਨ ਕਰਨ ਲਈ ਆਉਣਾ ਸੀ ਅਤੇ ਉਦਘਾਟਨ ਮਗਰੋਂ ਉਨ੍ਹਾਂ ਨੇ ਸ੍ਰੀ ਹਰਿਗੋਬਿੰਦਪੁਰ ਵਿਖੇ ਇਕ ਵੱਡੀ ਰੈਲੀ ਰੱਖੀ ਸੀ ਅਤੇ ਉਦਘਾਟਨ ਮਗਰੋਂ ਸਿੱਧਾ ਰੈਲੀ ’ਤੇ ਜਾਣਾ ਸੀ।

ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ ਨਵਜੋਤ ਸਿੰਘ ਸਿੱਧੂ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Anuradha

Content Editor

Related News