ਅਮਰ ਸਿੰਘ ਨੇ ਫਤਿਹ ਕੀਤਾ 'ਫਤਿਹਗੜ੍ਹ ਸਾਹਿਬ' ਦੇਖੋ ਨਤੀਜੇ
Thursday, May 23, 2019 - 04:50 PM (IST)

ਫਤਿਹਗੜ੍ਹ ਸਾਹਿਬ (ਜਗਦੇਵ, ਬਖਸ਼ੀ,ਵਿਪਨ)— ਲੋਕ ਸਭਾ ਹਲਕਾ-08 ਫਤਿਹਗੜ੍ਹ ਸਾਹਿਬ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਪੂਰੇ ਅਮਨ-ਅਮਾਨ ਨਾਲ ਸੰਪੰਨ ਹੋਇਆ ਤੇ ਵੋਟਾਂ ਦੀ ਗਿਣਤੀ ਮੌਕੇ ਚੋਣ ਆਬਜ਼ਰਵਰ ਸ਼ਿਆਮਲ ਕਿਸ਼ੋਰ ਪਾਠਕ ਵੀ ਮੌਜੂਦ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਮਾਤ ਦਿੱਤੀ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਨੂੰ 93 ਹਜ਼ਾਰ 898 ਵੋਟਾਂ ਨਾਲ ਹਰਾਇਆ। ਈ. ਵੀ. ਐੱਮ. ਮਸ਼ੀਨਾਂ ਦੀ ਸਰਕਾਰੀ ਤੌਰ 'ਤੇ ਦੱਸੀ ਗਈ ਗਿਣਤੀ ਅਨੁਸਾਰ ਕਾਂਗਰਸ ਦੇ ਡਾ. ਅਮਰ ਸਿੰਘ ਨੂੰ 4 ਲੱਖ 11 ਹਜ਼ਾਰ 651, ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੂੰ 3 ਲੱਖ 17 ਹਜ਼ਾਰ 753, ਪੀ. ਡੀ. ਏ. ਦੇ ਮਨਵਿੰਦਰ ਸਿੰਘ ਗਿਆਸਪੁਰਾ ਨੂੰ 1 ਲੱਖ 42 ਹਜ਼ਾਰ 274 ਤੇ 'ਆਪ' ਦੇ ਬਨਦੀਪ ਸਿੰਘ ਦੂਲੋ ਨੂੰ 62 ਹਜ਼ਾਰ 881 ਵੋਟਾਂ ਪ੍ਰਾਪਤ ਹੋਈਆਂ।
ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਵਿਚ ਪੈਂਦੇ ਵਿਧਾਨ ਸਭਾ ਹਲਕੇ ਬੱਸੀ ਪਠਾਣਾਂ, ਫਤਿਹਗੜ੍ਹ ਸਾਹਿਬ, ਅਮਲੋਹ ਤੇ ਅਮਰਗੜ੍ਹ ਹਲਕੇ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ਼ੁਰੂ ਹੋਇਆ। ਇਸੇ ਤਰ੍ਹਾਂ ਲੋਕ ਸਭਾ ਹਲਕੇ 'ਚ ਪੈਂਦੇ ਲੁਧਿਆਣਾ ਜ਼ਿਲੇ ਦੇ 5 ਹਲਕੇ ਖੰਨਾ, ਪਾਇਲ, ਰਾਏਕੋਟ, ਸਮਰਾਲਾ ਤੇ ਸਾਹਨੇਵਾਲ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਸ੍ਰੀ ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਲੁਧਿਆਣਾ ਵਿਖੇ ਸੰਪੰਨ ਹੋਇਆ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਵੋਟਾਂ ਦੀ ਗਿਣਤੀ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤਾ ਗਿਆ ਤੇ ਗਿਣਤੀਕਾਰਾਂ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਨਿਰਪੱਖ ਹੋ ਕੇ ਨਿਭਾਈ। ਉਨ੍ਹਾਂ ਇਸ ਮੌਕੇ ਵੋਟਾਂ ਦੀ ਗਿਣਤੀ ਕਰਨ ਵਾਲੇ ਸਮੂਹ ਸਟਾਫ ਦਾ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਬਦਲੇ, ਉਨ੍ਹਾਂ ਦਾ ਵਿਸੇਸ਼ ਤੌਰ 'ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲੇ ਦੇ ਲੋਕਾਂ ਵੱਲੋਂ ਵੋਟਾਂ ਦੀ ਗਿਣਤੀ ਮੌਕੇ ਅਮਨ-ਅਮਾਨ ਤੇ ਸ਼ਾਂਤੀ ਬਣਾਈ ਰੱਖਣ ਲਈ ਪੁਲਸ ਨੂੰ ਦਿੱਤੇ ਸਹਿਯੋਗ ਬਦਲੇ ਧੰਨਵਾਦ ਕੀਤਾ।