ਫ਼ਤਿਹ ਦਾ ਬਾਦਸ਼ਾਹ : ਬਾਬਾ ਬੰਦਾ ਸਿੰਘ ਬਹਾਦਰ
Tuesday, May 12, 2020 - 03:07 PM (IST)
ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਜੰਮੂ ਰਿਆਸਤ ਪੁੰਛ ਖੇਤਰ ਦੇ ਪਿੰਡ ਰਾਜੋਰੀ 'ਚ 16 ਅਕਤੂਬਰ, 1670 ਈ: 'ਚ ਰਾਮਦੇਵ ਦੇ ਘਰ ਹੋਇਆ, ਬਚਪਨ 'ਚ ਸ਼ਿਕਾਰ ਖੇਡਣ ਦੀ ਲਗਨ ਲਛਮਨ ਦੇਵ ਨੂੰ ਵੀ ਲੱਗ ਗਈ, ਕਿਉਂਕਿ ਜੰਗਲੀ ਅਤੇ ਪਹਾੜੀ ਸੀ। ਇਕ ਦਿਨ ਉਸ ਕੋਲੋਂ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ, ਉਸ ਦੀਆਂ ਅੱਖਾਂ ਦੇ ਸਾਹਮਣੇ ਹਿਰਨੀ ਅਤੇ ਹਿਰਨੀ ਦੇ ਬੱਚੇ ਦਮ ਤੋੜ ਗਏ। ਨਰਮ ਦਿਲ ਲਛਮਣ ਦੇਵ ਦਾ ਦਿਲ ਟੁੱਟ ਗਿਆ, ਉਸਨੇ ਕਮਾਨ ਤੋੜ ਦਿੱਤੀ, ਤੀਰ ਵਗਾਹ ਮਾਰੇ, ਸ਼ਿਕਾਰੀ ਪਹਿਰਾਵਾ ਲਾਹ-ਫਕੀਰੀ ਬਾਣਾ ਧਾਰਣ ਕਰ ਲਿਆ। ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰਦਿਆਂ ਹੀ ਘਰ-ਬਾਰ ਤਿਆਗ ਪਹਾੜੀ ਚੋਟੀਆਂ ’ਤੇ ਢਲਾਣਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਮੈਦਾਨੀ ਇਲਾਕੇ ਪੰਜਾਬ, ਯੂ.ਪੀ ਆਦਿ ਦਾ 7 ਸਾਲ ਭ੍ਰਮਣ ਕੀਤਾ ਤੇ ਜਾਨਕੀਦਾਸ ਵੈਸ਼ਨਵ ਸਾਦ ਦਾ ਚੇਲਾ ਬਣ ਗਿਆ। ਸਾਧਾਂ-ਸੰਤਾਂ, ਜੋਗੀਆਂ ਦੀ ਸੰਗਤ ਕੀਤੀ ਪਰ ਮਨ ਕਾਬੂ ਨਾ ਆਇਆ ਭਾਵ ਮਨ ਜਿੱਤਣ ਵਾਸਤੇ ਹੋਰ ਭ੍ਰਮਣ ਕਰਨ ਲੱਗਾ।
ਨਾਂਦੇੜ 'ਚ ਲਛਮਣ ਦਾਸ ਬੈਰਾਗੀ ਗੋਦਾਵਰੀ ਦੇ ਰਮਣੀਕ ਕੰਢੇ 'ਤੇ ਡੇਰਾ ਬਣਾ ਬੈਠ ਗਿਆ। ਉਸ ਵੇਲੇ ਤੀਕ ਲਛਮਣ ਦਾਸ ਮਾਧੋ ਦਾਸ ਬੈਰਾਗੀ ਨਾਂ ਨਾਲ ਪ੍ਰਸਿੱਧ ਹੋ ਚੁੱਕਾ ਸੀ। ਡੇਰਾ ਚਲ ਪਿਆ, ਚੇਲੇ ਥਾਪ ਲਏ। ਆਏ ਗਏ ਮਹਾਂਪੁਰਸ਼ਾਂ ਨੂੰ ਕਰਾਮਾਤੀ ਪਲੰਘ 'ਤੇ ਬਿਠਾਉਣਾ ਤੇ ਉਲਟਾ ਦੇਣਾ-ਇਹ ਮਾਧੋਦਾਸ ਦਾ ਸ਼ੌਕ ਸੀ। ਮਾਧੋਦਾਸ ਬੈਰਾਗੀ 18 ਸਾਲ ਗੋਦਾਵਰੀ ਦੇ ਕਿਨਾਰੇ ਨਾਂਦੇੜ ਰਿਹਾ। ਮਾਧੋਦਾਸ ਦੇ ਕਰਾਮਾਤੀ ਤੇ ਸ਼ਕਤੀਸ਼ਾਲੀ ਹੋਣ ਬਾਰੇ ਮਹੰਤ ਜੈਂਤ ਰਾਮ ਨੇ ਗੁਰੂ ਗੋਬਿੰਦ ਸਿੰਘ ਦੱਸ ਦਿੱਤਾ ਸੀ।
ਦੱਖਣ ਯਾਤਰਾ ਸਮੇਂ 1708 ਈ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਪਹੁੰਚੇ। ਗੁਰਦੇਵ ਪਿਤਾ ਸਿੰਘਾਂ ਦੇ ਦਲ ਸਮੇਤ ਗੋਦਾਵਰੀ ਦੇ ਕਿਨਾਰੇ ਮਾਧੋਦਾਸ ਦੇ ਡੇਰੇ ਪਹੁੰਚੇ 'ਤੇ ਪਲੰਘ 'ਤੇ ਬਿਰਾਜਮਾਨ ਹੋ ਗਏ, ਉਸ ਸਮੇਂ ਮਾਧੋਦਾਸ ਡੇਰੇ ਵਿਚ ਨਹੀਂ ਸੀ, ਜਦੋਂ ਡੇਰੇ ਪਹੁੰਚਾ ਤਾਂ ਗੁਰੂ ਜੀ ਨੂੰ ਪਲੰਘ 'ਤੇ ਬੈਠਾ ਦੇਖ ਕੇ ਬਹੁਤ ਕ੍ਰੋਧਵਾਨ ਹੋਇਆ ਕਿ ਕੌਣ ਹੈ, ਜੋ ਮੇਰੇ ਪਲੰਘ 'ਤੇ ਬਿਰਾਜਮਾਨ ਹੈ ? ਗੁੱਸੇ 'ਚ ਆਮ ਵਾਂਗ ਪਲੰਘ ਉਲਟਾਉਣ ਦਾ ਯਤਨ ਕੀਤਾ ਪਰ ਸਭ ਅਸਫਲ। ਕਈ ਰਿਧੀਆਂ-ਸਿਧੀਆਂ, ਕਰਾਮਾਤਾਂ ਕਰਨ ਦਾ ਯਤਨ ਕੀਤਾ ਪਰ ਅਖੀਰ ਚਰਨੀਂ ਢਹਿ ਪਿਆ।
ਉਸੇ ਪਲ ਜੋਦੜੀ ਕਰਨ ਲੱਗਾ-ਸੁਆਮੀ ਬਖਸ਼ ਲਵੋ, ਮੈਂ ਤੁਹਾਡਾ 'ਬੰਦਾ' ਹਾਂ। ਇਸ ਤਰ੍ਹਾ ਬੰਦਾ ਸਿੰਘ ਬਹਾਦਰ ਨੇ ਪੰਥਕ ਪਰਿਵਾਰ ਦਾ ਮੈਂਬਰ ਬਣ ਫ਼ਤਹਿ ਦੀ ਬਾਦਸ਼ਾਹਤ ਪ੍ਰਾਪਤ ਕਰਨ ਲਈ ਗੁੜ੍ਹਤੀ ਪ੍ਰਾਪਤ ਕੀਤੀ। ਗੁਰੂ ਜੀ ਨੇ ਬੰਦਾ ਸਿੰਘ ਨੂੰ ਤੋੜੀ ਹੋਈ ਕਮਾਨ ਦੀ ਥਾਂ ਨਾ ਟੁੱਟਣ ਵਾਲੀ ਕਮਾਨ ਤੇ ਫੌਲਾਦੀ ਤੀਰ ਬਖਸ਼ਿਸ਼ ਕੀਤੇ ਤੇ ਹੁਕਮ ਕੀਤਾ ਕਿ ਪਹਿਲਾਂ ਨਿਰਦੋਸ਼ ਜਾਨਵਰਾਂ ਦਾ ਸ਼ਿਕਾਰ ਕਰਦਾ ਸਾਂ-ਹੁਣ ਤੂੰ ਜ਼ਬਰ-ਜ਼ੁਲਮ ਤੇ ਅਤਿਆਚਾਰ ਦੀ ਹਨੇਰੀ ਨੂੰ ਠੱਲਣ ਵਾਸਤੇ ਅਤਿਆਚਾਰੀ ਹਾਕਮਾਂ-ਜ਼ਾਲਮਾਂ ਦਾ ਸ਼ਿਕਾਰ ਕਰ।
ਜਦ ਵੀ ਤੈਨੂੰ ਜਰੂਰਤ ਪਵੇ ਗੁਰੂ ਗ੍ਰੰਥ- ਗੁਰੂ ਪੰਥ ਅੱਗੇ ਅਰਦਾਸ ਕਰੀ ਤੈਨੂੰ ਫ਼ਤਹਿ ਪ੍ਰਾਪਤ ਹੋਵੇਗੀ। ਘਰ ਤਿਆਗ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰਦਿਆਂ ਹੀ 'ਬੰਦਗੀ' ਕਰਨੀ ਸ਼ੁਰੂ ਕਰ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਥਾਪੜਾ ਪ੍ਰਾਪਤ ਕਰ ਮੁੱਠੀ ਭਰ ਸਿਰ-ਲੱਥ ਯੋਧਿਆਂ ਦੀ ਸਹਾਇਤਾ ਨਾਲ ਪੰਜਾਬ 'ਚੋ ਜ਼ਬਰ ਜੁਲਮ ਦੀਆਂ ਜੜਾਂ ਉਖਾੜ ਸੁੱਟੀਆਂ। ਭਾਰਤ ਦੇ ਸਿਰ ਦਾ ਤਾਜ ਕਹੀ ਜਾਦੀ ਸਰਹਿੰਦ ਨੂੰ ਫਤਿਹ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੇਸਰੀ ਪਰਚਮ ਝੁਲਾ ਫ਼ਤਿਹ ਦਿਵਸ ਮਨਾਇਆ। ਜੇਕਰ ਉਸ ਸਮੇਂ ਦੇ ਹਾਲਾਤਾਂ ਦਾ ਅਧਿਐਨ ਕੀਤਾ ਜਾਵੇਂ ਤਾਂ ਇਕ ਇਨਕਲਾਬ ਦੇ ਦਰਸ਼ਨ ਹੁੰਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਫੌਜੀ ਦਸਤੇ 'ਚ ਸਿੱਖ, ਮੁਸਲਮਾਨ, ਹਿੰਦੂ ਤੇ ਉਦਾਸੀ ਸ਼ਾਮਲ ਸਨ। ਬਾਬਾ ਬੰਦਾ ਸਿੰਘ ਬਹਾਦਰ ਸੋਨੀਪਤ, ਸਮਾਣਾ, ਘੁੜਾਮ, ਸਾਹਬਾਦ, ਕਪੂਰੀ ਤੇ ਸਢੋਰ 'ਤੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ। 12 ਮਈ,1710 ਈ: ਚਪੜਚਿੜੀ ਦੇ ਮੈਦਾਨ 'ਚ ਲਹੂ ਡੋਲਵੀ ਜੰਗ ਹੋਈ, ਜਿਸ ਵਿਚ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਮਾਰਿਆ ਗਿਆ। 14 ਮਈ, 1710 ਨੂੰ ਪੰਥਕ ਸੇਨਾਵਾਂ ਨੇ ਸਰਹਿੰਦ ਤੋਂ ਹੈਦਰੀ ਝੰਡੇ ਉਤਾਰ, ਕੇਸਰੀ ਪਰਚਮ ਝੁਲਾ ਦਿੱਤੇ। ਗੁਰੂ ਮਾਰੀ ਸਰਹਿੰਦ ਦੀ ਥਾਂ ਬਾਬਾ ਜੀ ਨੇ ਮੁਖਲਿਸਗੜ ਨੂੰ ਪੰਥਕ ਸਰਕਾਰ ਦੀ ਰਾਜਧਾਨੀ ਬਣਾਇਆ ਇਸ ਦਾ ਨਾਂ ਲੌਹਗੜ੍ਹ ਰੱਖਿਆ ਗਿਆ।
ਉਸਨੇ ਬਾਦਸ਼ਾਹੀ ਪ੍ਰਾਪਤ ਕਰ ਆਪਣੇ ਨਾ ਦਾ ਸਿੱਕਾ ਜਾਰੀ ਨਹੀਂ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਸਮੇਂ ਤੀਕ ਹਉਮੈ-ਹੰਕਾਰ ਰੂਪੀ ਖੂਨੀ ਸਰਹਿੰਦ 'ਤੇ ਫ਼ਤਹਿ ਪ੍ਰਾਪਤ ਕਰ ਲਈ ਸੀ। ਬਾਦਸ਼ਾਹਤ ਦੀਆਂ ਪਰਸਪਰ ਨਿਸ਼ਾਨੀਆਂ ਸਿੱਕਾ, ਮੋਹਰ ਤੇ ਕੈਲੰਡਰ ਸ੍ਰੀ ਗੁਰੂ ਨਾਨਕ ਦੇ ਨਾਂ ਦਾ ਜਾਰੀ ਕਰਕੇ, ਬਾਬਾ ਜੀ ਸੁਆਰਥ, ਹਉਮੈ-ਹੰਕਾਰ, ਖ਼ੁਦਗਰਜ਼ੀ 'ਤੇ ਫ਼ਤਹਿ ਪ੍ਰਾਪਤ ਕੀਤੀ। ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਜਾਰੀ ਕੀਤਾ। ਉਸਦੀ ਮੋਹਰ ਵੀ ਪੰਥਕ ਸਰੂਪ ਦੀ ਫ਼ਤਹਿ ਨੂੰ ਪ੍ਰਗਟ ਕਰਦੀ ਸੀ।
ਗੁਰਦਾਸ ਨੰਗਲ ਦੇ ਪਿੰਡ ਵਿਚ ਦੁਨੀਚੰਦ ਦੀ ਹਵੇਲੀ ਸੀ, ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ 7 ਦਸੰਬਰ 1715 ਈ: ਨੂੰ 8 ਮਹੀਨੇ ਦੇ ਘੇਰੇ ਪਿਛੋ ਸੱਤ ਸੌ ਸਪਾਹੀਆ ਸਮੇਤ ਗ੍ਰਿਫਤਾਰ ਕੀਤਾ ਗਿਆ। 8 ਮਹੀਨੇ ਸਿੰਘਾਂ ਨੇ ਬਹੁਤ ਕਸ਼ਟਾਂ ਨਾਲ ਕੱਟੇ ਸਨ। ਬਾਬਾ ਬੰਦਾ ਸਿੰਘ ਬਹਾਦਰ ਜੰਜੀਰਾਂ ਜਕੜ ਪਿੰਜਰੇ 'ਚ ਬੰਦ ਕਰਕੇ ਹਾਥੀ 'ਤੇ ਬਿਠਾ ਦਿੱਤਾ। ਮੁਗਲ ਤੇ ਇਸਾਈ ਇਤਿਹਾਸ ਕਾਲ ਇਸ ਗੱਲ ਦੀ ਗਵਾਈ ਭਰਦੇ ਹਨ ਕਿ ਇਕ ਵੀ ਸਿੱਖ ਦੇ ਚੇਹਰੇ 'ਤੇ ਇੰਨੇ ਬਿਖੜੇ ਸਮੇਂ ਉਦਾਸੀ ਨਹੀ ਸੀ। ਰੋਜ਼ਾਨਾ ਸੌ ਸੌ ਸਿੱਖਾਂ ਨੂੰ ਸਰੇਆਮ ਆਮ ਲੋਕਾਂ ਦੇ ਸਾਹਮਣੇ ਕਤਲ ਕੀਤਾ ਜਾਂਦਾ। ਇਕ ਵੀ ਸਿੱਖ ਨੇ ਇਸਲਾਮ ਨਹੀਂ ਪ੍ਰਵਾਨਿਆ ਤੇ ਨਾਂ ਹੀ ਮੌਤ ਤੋਂ ਡਰਿਆ। 9 ਜੂਨ, 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦਾ ਦਿਨ ਨਿਸ਼ਚਤ ਕੀਤਾ ਗਿਆ। ਬਾਬਾ ਜੀ ਦੇ ਸਨਮੁਖ ਉਸ ਦੇ ਚਾਰ ਸਾਲ ਦੇ ਬੱਚੇ ਬਾਬਾ ਅਜੈ ਸਿੰਘ ਨੂੰ ਸ਼ਹੀਦ ਕੀਤਾ ਗਿਆ ਪਰ ਬਾਬਾ ਬੰਦਾ ਸਿੰਘ ਬਹਾਦਰ ਅਟੱਲ ਤੇ ਸ਼ਾਤ ਰਹੇ। ਬਾਬਾ ਜੀ ਦੇ ਸਰੀਰ ਦੇ ਮਾਸ ਨੂੰ ਜਮੂਰਾਂ ਨਾਲ ਨੋਚਿਆ ਗਿਆ। ਅਖੀਰ ਅਕਹਿ ਤਸੀਹੇ ਦੇ ਕੇ ਬਾਬਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ।
ਸਾਹਿਬਜ਼ਾਦੇ ਬਾਬਾ ਫ਼ਤਹਿ ਸਿੰਘ ਜੀ ਨੇ 1704 ਈ: 'ਚ ਸਰਹਿੰਦ ਦੀਆਂ ਦੀਵਾਰਾਂ 'ਚ ਛੋਟੀ ਉਮਰ 'ਚ ਮੌਤ 'ਤੇ ਫ਼ਤਹਿ ਪ੍ਰਾਪਤ ਕੀਤੀ। ਸਰਹਿੰਦ ਫ਼ਤਹਿ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ ਸੁਤੰਤਰ ਸਿੱਖ ਸੋਚ, ਸੁਤੰਤਰ ਰਾਜ ਦੀ ਸਥਾਪਨਾ ਕੀਤੀ। ਫ਼ਤਹਿ ਦੀ ਬਾਦਸ਼ਾਹਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੋਦਾਵਰੀ ਦੇ ਕਿਨਾਰੇ ਉਸ ਵੇਲੇ ਪ੍ਰਾਪਤ ਹੋਈ ਜਦ ਅਸੀਮ ਸ਼ਕਤੀ ਦੇ ਮਾਲਕ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿੱਠ 'ਤੇ ਥਾਪੜਾ ਦੇ ਫ਼ਤਹਿ ਸ਼ਕਤੀ ਦਾ ਪ੍ਰਵੇਸ਼ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਚਾਰ ਸਾਲ ਦੇ ਸਪੁੱਤਰ ਬਾਬਾ ਅਜੈ ਸਿੰਘ ਸਮੇਤ ਦਿੱਲੀ 'ਚ ਮੌਤ ਨੂੰ ਮਖੌਲਾਂ ਕਰ ਮੌਤ 'ਤੇ ਫ਼ਤਹਿ ਪ੍ਰਾਪਤ ਕੀਤੀ।
ਰੂਪ ਸਿੰਘ (ਡਾ.)