ਲਾਡੋਵਾਲ ਵਿਚ ਤੇਜ਼ ਹਨ੍ਹੇਰੀ ਅਤੇ ਬਾਰਸ਼ ਨੇ ਮਚਾਈ ਤਬਾਹੀ, ਦੇਖੋ ਤਸਵੀਰਾਂ
Wednesday, Jun 12, 2019 - 10:39 PM (IST)
ਲੁਧਿਆਣਾ (ਅਨਿਲ)-ਸਥਾਨਕ ਕਸਬਾ ਲਾਡੋਵਾਲ ਵਿਚ ਅੱਜ ਸ਼ਾਮ ਚੱਲੀ ਤੇਜ਼ ਹਨ੍ਹੇਰੀ ਅਤੇ ਬਾਰਸ਼ ਨੇ ਭਾਰੀ ਤਬਾਹੀ ਮਚਾਈ। ਤੇਜ਼ ਹਨ੍ਹੇਰੀ ਕਾਰਨ ਨੈਸ਼ਨਲ ਹਾਈਵੇ 'ਤੇ ਲੱਗੇ ਵੱਡੇ ਵੱਡੇ ਰੁੱਖ ਟੂੱਟ ਕੇ ਨੈਸ਼ਨਲ ਹਾਈਵੇ 'ਤੇ ਡਿੱਗ ਗਏ ਜਿਸ ਕਾਰਨ ਲੁਧਿਆਣਾ-ਜਲੰਧਰ ਹਾਈਵੇ 'ਤੇ ਭਾਰੀ ਜਾਮ ਲਗ ਗਿਆ। ਉਸੇ ਦੇ ਕਾਰਨ ਲਾਡੋਵਾਲ ਵਿਚ ਤੇਜ਼ ਹਨ੍ਹੇਰੀ ਕਾਰਨ ਦਿਓਲ ਵਰਕਸ਼ਾਪ ਵਿਚ ਇਮਾਰਤ ਦੇ ਪਿੱਛੇ ਲੱਗੇ ਰੁੱਖ ਆ ਡਿੱਗੇ ਜਿਸ ਕਾਰਨ ਵਰਕਸ਼ਾਪ ਦੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਅਤੇ ਵਰਕਸ਼ਾਪ ਵਿਚ ਖੜ੍ਹੀਆਂ ਗੱਡੀਆਂ ਨੂੰ ਵੀ ਨੁਕਸਾਨ ਪੁੱਜਾ। ਨੈਸ਼ਨਲ ਹਾਈਵੇ 'ਤੇ ਕਰੀਬ ਇਕ ਦਰਜਨ ਤੋਂ ਜ਼ਿਆਦਾ ਦਰਖਤ ਡਿੱਗ ਗਏ। ਲਾਡੋਵਾਲ ਵਿਚ ਸ਼ਮਸ਼ਾਨਘਾਟ ਵਿਚ ਬਣੇ ਸ਼ਿਵ ਮੰਦਰ ਦੀਆਂ ਕੰਧਾਂ ਅਤੇ ਛੱਤ ਅੱਧੀ ਉਡਾ ਕੇ ਲੈ ਗਈ। ਦੂਜੇ ਪਾਸੇ ਕਈ ਜਗ੍ਹਾ ਬਿਜਲੀ ਦੀਆਂ ਤਾਰਾਂ ਟੁੱਟ ਕੇ ਸੜਕਾਂ 'ਤੇ ਡਿੱਗ ਗਈਆਂ ਅਤੇ ਲਾਡੋਵਾਲ ਵਿਚ ਇਕ ਘਰ ਦੀ ਕੰਧ ਡਿੱਗ ਗਈ।ਆਲੇ ਦੁਆਲੇ ਦੇ ਪਿੰਡਾਂ ਵਿਚ ਵੀ ਬਿਜਲੀ ਸਪਲਾਈ ਠੱਪ ਹੋ ਗਈ।
ਪਿੰਡ ਵਾਸੀਆਂ ਦੀ ਮਦਦ ਨਾਲ ਖੁੱਲਾ ਟ੍ਰੈਫਿਕ ਜਾਮ
ਲਾਡੋਵਾਲ ਵਿਚ ਨੈਸ਼ਨਲ ਹਾਈਵੇ 'ਤੇ ਭਾਰੀ ਰੁੱਖ ਡਿੱਗਣ ਕਾਰਨ ਹਾਈਵੇ ਪੂਰੀ ਤਰ੍ਹਾਂ ਜਾਮ ਹੋ ਗਿਆ ਅਤੇ ਵਾਹਨਾਂ ਦੀਆਂ ਲੰਬੀਆਂ ਲਾਇਨਾਂ ਲਗ ਗਈਆਂ ਅਤੇ ਇਸੇ ਕਾਰਨ ਜੈ ਬਾਬਾ ਲੂਣ ਪੀਰ ਕਮੇਟੀ ਦੇ ਪ੍ਰਧਾਨ ਭੂਸ਼ਣ ਲਾਲ ਲਮਸਰ, ਦੁਰਗਿਆਣਾ ਮੰਦਰ ਕਮੇਟੀ ਦੇ ਕੈਸ਼ੀਅਰ ਬਲਵੀਰ ਕੁਮਾਰ, ਪੰਚ ਬੀਰ ਚੰਦ, ਅਮਰਜੀਤ ਅਲੀਯਾ, ਰਾਜ ਕੁਮਾਰ ਬਿੱਟੂ, ਕਸ਼ਮੀਰ ਫੁਰਤੀਲਾ ਗੁਲਸ਼ਨ ਮਹਿਰਾ, ਹੈਪੀ ਮਹਿਰਾ, ਆਦਿ ਲੋਕਾਂ ਨੇ ਨੈਸ਼ਨਲ ਹਾਈਵੇ 'ਤੇ ਡਿੱਗੇ ਦਰਖਤ ਨੂੰ ਸੜਕ ਤੋਂ ਚੁੱਕਿਆ ਜਿਸ ਵਿਚ ਉਨ੍ਹਾਂ ਦਾ ਸਾਥ ਥਾਣੇਦਾਰ ਨੀਲਕੰਠ ਨੇ ਦਿੱਤਾ ਜਿਸ ਤੋਂਬਾਅਦ ਨੈਸ਼ਨਲ ਹਾਈਵੇ 'ਤੇ ਜਾਮ ਖੁੱਲਾ।
ਸੜਕ ਦੇ ਕੰਢੇ ਖੜ੍ਹਾ ਟਰੱਕ ਵੀ ਪਲਟਿਆ
ਲਾਡੋਵਾਲ ਵਿਚ ਤੇਜ਼ ਹਨ੍ਹੇਰੀ ਕਾਰਨ ਨੈਸ਼ਨਲ ਹਾਈਵੇ 'ਤੇ ਸਰਵਿਸ ਲੇਨ 'ਤੇ ਖੜ੍ਹਾ ਇਕ ਟਰੱਕ ਵੀ ਪਲਟ ਗਿਆ ਜਿਸ ਵਿਚ ਬੈਠੇ ਲੋਕ ਬਾਲ ਬਾਲ ਬਚ ਗਏ। ਟਰੱਕ ਚਾਲਕ ਨੇ ਦੱਸਿਆ ਕਿ ਬਾਰਸ਼ ਕਾਰਨ ਉਨ੍ਹਾਂ ਨੇ ਆਪਣਾ ਟਰੱਕ ਸੜਕ ਦੇ ਕੰਢੇ ਖੜ੍ਹਾ ਕਰ ਦਿੱਤਾ ਸੀ ਅਤੇ ਉਹ ਅੰਦਰ ਬੈਠੇ ਹੋਏ ਸਨ ਕਿ ਅਚਾਨਕ ਤੇਜ਼ ਹਨ੍ਹੇਰੀ ਕਾਰਨ ਖੜ੍ਹਾ ਟਰੱਕ ਪਲਟ ਗਿਆ ਅਤੇ ਸੜਕ ਤੋਂ ਥੱਲੇ ਜਾ ਡਿੱਗਿਆ ਜਿਸ ਕਾਰਨ ਉਨ੍ਹਾਂ ਦੇ ਮਾਮੂਲੀ ਖਰੋਚਾਂ ਵੀ ਆਈਆਂ ਹਨ। ਲੁਧਿਆਣਾ ਤੋਂ ਇਲਾਵਾ ਪੰਜਾਬ ਦੇ ਸ਼ਾਹਕੋਟ ਅਤੇ ਤਲਵੰਡੀ ਸਾਬੋ 'ਚ ਵੀ ਤੇਜ਼ ਵਰਖਾ ਦੇ ਨਾਲ ਗੜ੍ਹੇਮਾਰੀ ਹੋਈ।