ਕਿਸਾਨਾਂ ਨੇ ਸਿਰਫ ਮੋਦੀ ਸਰਕਾਰ ਤੋਂ ਜੰਗ ਹੀ ਨਹੀਂ ਜਿੱਤੀ, ਦੇਸ਼ ਦੇ ਲੋਕਾਂ ਦੇ ਦਿਲ ਵੀ ਜਿੱਤੇ : ਮਾਨ
Friday, Dec 10, 2021 - 11:30 AM (IST)
ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਨੇ ਦੇਸ਼ ਦੇ ਅੰਨਦਾਤਿਆਂ ਦੇ ਅੰਦੋਲਨ ਦੀ ਜਿੱਤ ’ਤੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ। ‘ਆਪ’ ਨੇ ਕਿਹਾ ਕਿ ਕਿਸਾਨਾਂ ਨੇ ਆਪਣੇ ਵਜੂਦ ਨੂੰ ਬਚਾਉਣ ਅਤੇ ਦੇਸ਼ ਦੇ ਸੰਘੀ ਢਾਂਚੇ ਦੀ ਸੁਰੱਖਿਆ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਸਾਲ ਭਰ ਤੋਂ ਜ਼ਿਆਦਾ ਸਮੇਂ ਤੱਕ ਲੜੇ ਕਿਸਾਨ ਅੰਦੋਲਨ ਨੇ ਸਾਬਿਤ ਕਰ ਦਿੱਤਾ ਕਿ ਲੋਕਤੰਤਰ ’ਚ ਤਾਨਾਸ਼ਾਹੀ ਦੀ ਕੋਈ ਜਗ੍ਹਾ ਨਹੀਂ ਹੈ। ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਸਾਨਾਂ ਦੀ ਜਿੱਤ ਤੋਂ ਬਾਅਦ ਘਰ ਵਾਪਸੀ ’ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਕਿਸਾਨਾਂ ਨੇ ਸਿਰਫ਼ ਮੋਦੀ ਸਰਕਾਰ ਤੋਂ ਜੰਗ ਹੀ ਨਹੀਂ ਜਿੱਤੀ, ਸਗੋਂ ਉਨ੍ਹਾਂ ਨੇ ਦੇਸ਼-ਵਿਦੇਸ਼ ਦੇ ਲੋਕਾਂ ਦੇ ਦਿਲ ਵੀ ਜਿੱਤੇ ਹਨ। ਮਾਨ ਨੇ ਕਿਹਾ ਕਿ ਅੰਦੋਲਨ ’ਚ ਸ਼ਾਮਲ ਸਾਰੇ ਕਿਸਾਨ ਯੋਧੇ ਹਨ, ਜਿਨ੍ਹਾਂ ਨੇ ਆਪਣੀ ਜਾਨ ਦੀ ਕੁਰਬਾਨੀ ਕਰ ਦਿੱਤੀ ਪਰ ਮੋਦੀ ਸਰਕਾਰ ਦੇ ਹੰਕਾਰ ਅੱਗੇ ਕਦੇ ਝੁਕੇ ਨਹੀਂ। ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕੁਰਬਾਨੀਆਂ ਨੂੰ ਪੰਜਾਬ ਹਮੇਸ਼ਾ ਯਾਦ ਰੱਖੇਗਾ ਅਤੇ ਇਤਿਹਾਸ ’ਚ ਕਿਸਾਨ ਅੰਦੋਲਨ ਸੁਨਹਿਰੇ ਸ਼ਬਦਾਂ ਵਿੱਚ ਦਰਜ ਹੋਵੇਗਾ। ਦੇਸ਼ ਦੀਆਂ ਆਉਣ ਵਾਲੀਆਂ ਪੀੜੀਆਂ ਕਿਸਾਨਾਂ ਦੇ ਜਿੱਤ ਵਾਲੇ ਜ਼ਜਬੇ ਤੋਂ ਪ੍ਰੇਰਣਾ ਲੈਂਦੀਆਂ ਰਹਿਣਗੀਆਂ ਅਤੇ ਹੋਰਨਾਂ ਸਰਕਾਰਾਂ ਦੀਆਂ ਤਾਨਾਸ਼ਾਹੀ ਨੀਤੀਆਂ ਨੂੰ ਲੋਕਤੰਤਰਕ ਤਰੀਕੇ ਨਾਲ ਹਰਾਉਂਣਗੀਆ।
ਇਹ ਵੀ ਪੜ੍ਹੋ : 2022 ’ਚ ਪੰਜਾਬ ਦੇ ਲੋਕ ਸੂਬੇ ਵਿਚ ਭਾਜਪਾ ਦੀ ਸਰਕਾਰ ਬਣਾਉਣ ਦਾ ਬਣਾ ਚੁੱਕੇ ਹਨ ਮਨ : ਅਸ਼ਵਨੀ ਸ਼ਰਮਾ
ਦੱਸਣਯੋਗ ਹੈ ਕਿ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਸਾਲ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਡਟੇ ਕਿਸਾਨਾਂ ਲਈ ਇਤਿਹਾਸਕ ਜਿੱਤ ਹੋਈ ਹੈ। ਕਿਸਾਨਾਂ ਨੂੰ ਆਖ਼ਰਕਾਰ ਲੰਬੀ ਜਦੋ-ਜਹਿੱਦ ਅਤੇ ਸੰਘਰਸ਼ ਮਗਰੋਂ ਜਿੱਤ ਮਿਲੀ ਹੈ। ਸਰਕਾਰ ਵਲੋਂ ਮੰਗਾਂ ਮੰਨਣ ਮਗਰੋਂ ਕਿਸਾਨ ਜਿੱਤ ਦੇ ਜਸ਼ਨ ’ਚ ਡੁੱਬੇ ਹਨ। ਇਸ ਦੇ ਨਾਲ ਹੀ ਕਿਸਾਨ ਆਪਣੇ ਘਰ ਵਾਪਸੀ ਦੀ ਵੀ ਤਿਆਰੀ ਕਰ ਰਹੇ ਹਨ। ਕਿਸਾਨ 11 ਦਸੰਬਰ ਨੂੰ ਘਰ ਪਰਤ ਜਾਣਗੇ। ਘਰ ਵਾਪਸੀ ਤੋਂ ਪਹਿਲਾਂ ਸਿੰਘੂ ਬਾਰਡਰ ਤੋਂ ਟੈਂਟ ਹਟਾਏ ਜਾਣਗੇ। ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਕਿਸਾਨ 11 ਦਸੰਬਰ ਤੱਕ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੋਂ ਆਪਣੇ ਘਰਾਂ ਨੂੰ ਵਾਪਸੀ ਕਰਨਗੇ।
ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਸਮਝੌਤੇ ’ਚ ਨੁਮਾਇੰਦਗੀ ਕਰਨ ਲਈ ਖੁਦ ਨੂੰ ਵਡਭਾਗੀ ਸਮਝਦਾ ਹਾਂ : ਹੁਸਨ ਲਾਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ