ਬਿਜਲੀ ਚੋਰੀ ਨੂੰ ਰੋਕਣ ਦੇ ਮਕਸਦ ਨਾਲ ਮੋਟਰਾਂ ਦੀ ਚੈਕਿੰਗ ਕਰਨ ਗਏ ਪਾਵਰਕਾਮ ਦੇ ਅਧਿਕਾਰੀਆਂ ਨੂੰ ਕਿਸਾਨਾਂ ਨੇ ਘੇਰਿਆ
Thursday, Jul 15, 2021 - 12:10 AM (IST)
ਸਰਦੂਲਗੜ੍ਹ(ਚੋਪੜਾ)- ਪੰਜਾਬ ਵਿਚ ਬਿਜਲੀ ਉਤਪਾਦਨ ਵਿਚ ਆਈ ਕਮੀ ਕਰ ਕੇ ਲੱਗ ਰਹੇ ਵੱਡੇ-ਵੱਡੇ ਕੱਟਾਂ ਤੋਂ ਪ੍ਰੇਸ਼ਾਨ ਵਿਭਾਗ ਵੱਲੋਂ ਬਿਜਲੀ ਚੋਰੀ ਨੂੰ ਰੋਕਣ ਦੇ ਮਕਸਦ ਨਾਲ ਪਿੰਡ ਸੰਘਾ ਵਿਖੇ ਬਿਜਲੀ ਦੀਆਂ ਮੋਟਰਾਂ ਦੀ ਚੈਕਿੰਗ ਕਰਨ ਗਈ ਟੀਮ ਨੂੰ ਪਿੰਡ ਦੇ ਕੁੱਝ ਲੋਕਾਂ ਵੱਲੋਂ ਘੇਰ ਕੇ ਚੈਕਿੰਗ ਕਰਨ ਤੋਂ ਰੋਕਿਆ ਗਿਆ, ਜੋ ਮੁਸ਼ਕਿਲ ਨਾਲ ਘੇਰਾਬੰਦੀ ਤੋੜ ਕੇ ਵਾਪਸ ਆਉਣ ’ਚ ਸਫਲ ਹੋ ਗਏ।
ਇਹ ਵੀ ਪੜ੍ਹੋ : ਅਨਮੋਲ ਗਗਨ ਮਾਨ ਨੇ ਸੰਵਿਧਾਨ ਨਾਲ ਸਬੰਧਤ ਵਿਵਾਦਿਤ ਬਿਆਨ ’ਤੇ ਮੰਗੀ ਮੁਆਫੀ (ਵੀਡੀਓ)
ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਪਾਵਰਕਾਮ ਦੇ ਐਕਸੀਅਨ ਇੰਜੀਨੀਅਰ ਨੀਰਜ਼ ਗੈਹਰਾ ਦੀ ਅਗਵਾਈ ਵਿਚ ਟੀਮ ਪਿੰਡ ਸੰਘਾ ਵਿਖੇ ਖੇਤਾਂ ਵਿਚ ਲੱਗੀਆਂ ਮੋਟਰਾਂ ਦੀ ਹਾਰਸਪਾਵਰ ਦੀ ਚੈਕਿੰਗ ਕਰਨ ਲਈ ਪਹੁੰਚੀ ਸੀ ਅਤੇ ਅਜੇ ਸਿਰਫ ਦੋ ਮੋਟਰ ਕੁਨੈਕਸ਼ਨਾਂ ਦੀ ਚੈਕਿੰਗ ਹੀ ਕੀਤੀ ਸੀ ਕਿ ਕੁੱਝ ਲੋਕਾਂ ਨੇ ਪਾਵਰਕਾਮ ਦੀ ਟੀਮ ਦੀ ਗੱਡੀ ਨੂੰ ਘੇਰ ਕੇ ਚੈਕਿੰਗ ਕਰਨ ਤੋਂ ਰੋਕ ਦਿੱਤਾ ਅਤੇ ਚੈਕਿੰਗ ਨਾਲ ਸਬੰਧਤ ਕਾਗਜ਼ਾਤ ਵੀ ਪਾੜ ਦਿੱਤੇ।
ਇਹ ਵੀ ਪੜ੍ਹੋ : ਸਹੁਰੇ ਪਰਿਵਾਰ ਤੋਂ ਤੰਗ ਵਿਆਹੁਤਾ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
ਇਸ ਸਬੰਧੀ ਸੁਪਰਟੈਂਡਿੰਗ ਇੰਜੀਨੀਅਰ ਪਾਵਰਕਾਮ ਬਠਿੰਡਾ ਬਾਬੂ ਲਾਲ ਨੇ ਕਿਹਾ ਕਿ ਵਿਭਾਗ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਪਿੰਡ ਸੰਘਾ ਵਿਖੇ ਖੇਤੀ ਲਈ ਅਪਰੂਵਡ ਲੋਡ ਤੋਂ ਜ਼ਿਆਦਾ ਹਾਰਸਪਾਵਰ ਦੀਆਂ ਮੋਟਰਾਂ ਚਲਾਈਆਂ ਜਾ ਰਹੀਆ ਹਨ, ਜਿਸ ਨਾਲ ਬਿਜਲੀ ਦੀ ਜ਼ਿਆਦਾ ਖਪਤ ਦੇ ਨਾਲ-ਨਾਲ ਟਰਾਂਸਫਾਰਮਰਾਂ ’ਤੇ ਵੀ ਜ਼ਿਆਦਾ ਲੋਡ ਪੈ ਰਿਹਾ ਹੈ ਅਤੇ ਇਸ ਦੀ ਚੈਕਿੰਗ ਕਰਨ ਲਈ ਵਿਜੀਲੈਂਸ ਵਿਭਾਗ ਦੀ ਟੀਮ ਪਿੰਡ ਸੰਘਾ ਵਿਖੇ ਗਈ ਸੀ, ਜਿਸ ਨੂੰ ਕੁੱਝ ਲੋਕਾਂ ਨੇ ਘੇਰ ਕੇ ਚੈਕਿੰਗ ਕਰਨ ਤੋਂ ਰੋਕਿਆ ਤੇ ਸਬੰਧਤ ਕਾਗਜ਼ਾਤ ਵੀ ਪਾੜ ਦਿੱਤੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਫ਼ੈਸਲੇ ਦਾ ਬਾਜਵਾ ਨੇ ਕੀਤਾ ਸਵਾਗਤ
ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਸਬੰਧੀ ਸ਼ਿਕਾਇਤ ਪੁਲਸ ਸਟੇਸ਼ਨ ਸਰਦੂਲਗੜ੍ਹ ਵਿਖੇ ਦੇ ਦਿੱਤੀ ਗਈ ਹੈ। ਪਿੰਡ ਸੰਘਾ ਵਾਸੀ ਬਲਾਕ ਸੰਮਤੀ ਦੇ ਵਾਇਸ ਚੇਅਰਮੈਨ ਪਰਗਟ ਸਿੰਘ ਨੇ ਕਿਹਾ ਕਿ ਕੁੱਝ ਪਿੰਡ ਵਾਸੀ ਇਕੱਠੇ ਜ਼ਰੂਰ ਹੋਏ ਸੀ ਪਰ ਚੈਕਿੰਗ ਕਰਨ ਆਈ ਟੀਮ ਨਾਲ ਕਿਸੇ ਵੱਲੋਂ ਵੀ ਕੋਈ ਬਦਸਲੂਕੀ ਨਹੀਂ ਕੀਤੀ ਗਈ। ਇਸ ਸਬੰਧੀ ਐੱਸ. ਐੱਚ. ਓ. ਸਰਦੂਲਗੜ੍ਹ ਇੰਸਪੈਕਟਰ ਸੰਦੀਪ ਸਿੰਘ ਭਾਟੀ ਨੇ ਕਿਹਾ ਕਿ ਵਿਭਾਗ ਵੱਲੋਂ ਮੋਬਾਇਲ ’ਤੇ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਇਸਦੀ ਪੜਤਾਲ ਕਰ ਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।