ਕਿਸਾਨਾਂ ਨੇ ਫੂਕਿਆ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ
Thursday, Feb 15, 2018 - 02:34 AM (IST)
ਸੁਲਤਾਨਪੁਰ ਲੋਧੀ, (ਸੋਢੀ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਸਬ ਤਹਿਸੀਲ ਤਲਵੰਡੀ ਚੌਧਰੀਆਂ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੁਖਦੇਵ ਸਿੰਘ ਜੋਗੇਵਾਲਾ, ਸੁਰਿੰਦਰ ਸਿੰਘ ਘੁੱਦੂਵਾਲਾ ਨੇ ਐਲਾਨ ਕੀਤਾ ਕਿ ਪੰਜਾਬ 'ਚ ਕਿਸੇ ਵੀ ਕਿਸਾਨ ਦੀ ਖੇਤੀ ਵਾਲੀ ਮੋਟਰ 'ਤੇ ਬਿਜਲੀ ਮੀਟਰ ਨਹੀਂ ਲੱਗਣ ਦਿੱਤਾ ਜਾਵੇਗਾ ਤੇ ਨਾ ਹੀ ਕਿਸੇ ਕਿਸਾਨ-ਮਜ਼ਦੂਰ ਦੀ ਕਰਜ਼ੇ ਕਾਰਨ ਕੁਰਕੀ ਹੋਣ ਦਿੱਤੀ ਜਾਵੇਗੀ ।
ਉਨ੍ਹਾਂ ਕਿਸਾਨਾਂ ਨੂੰ ਮਿਲ ਕੇ ਸੰਘਰਸ਼ 'ਚ ਕੁੱਦਣ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਜ਼ੋਨ ਸੁਲਤਾਨਪੁਰ ਲੋਧੀ ਦੇ ਕਿਸਾਨ ਡੈਲੀਗੇਟ ਮੈਂਬਰਾਂ ਦਾ ਇਜਲਾਸ ਕਰਵਾਇਆ ਗਿਆ, ਜਿਸ 'ਚ 61 ਡੈਲੀਗੇਟਾਂ ਸ਼ਿਰਕਤ ਕੀਤੀ, ਜਿਨ੍ਹਾਂ 'ਚੋਂ ਸਰਬਸੰਮਤੀ ਨਾਲ ਚੋਣ ਕੀਤੀ ਗਈ ਤੇ ਅੱਗਲੇ ਤਿੰਨ ਸਾਲ ਲਈ ਜ਼ੋਨ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਪੱਸਣ ਕਦੀਮ, ਸਕੱਤਰ ਜਸਵੰਤ ਸਿੰਘ ਅੰਮ੍ਰਿਤਪੁਰ, ਸੀਨੀ. ਮੀਤ ਪ੍ਰਧਾਨ ਬਚਿੱਤਰ ਸਿੰਘ ਤਲਵੰਡੀ ਚੌਧਰੀਆਂ, ਖਜ਼ਾਨਚੀ ਹਾਕਮ ਸਿੰਘ ਸ਼ਾਹਜਹਾਨਪੁਰ, ਜਥੇਬੰਦਕ ਸਕੱਤਰ ਸੁਖਵੰਤ ਫਰੀਦ ਸਰਾਏ, ਪ੍ਰੈੱਸ ਸਕੱਤਰ ਤਰਸੇਮ ਸਿੰਘ ਵਿੱਕੀ ਜੈਨਪੁਰ ਤੇ 12 ਹੋਰ ਅਹੁਦੇਦਾਰ ਚੁਣੇ ਗਏ । ਉਪਰੰਤ ਸਮੂਹ ਕਿਸਾਨਾਂ ਤਲਵੰਡੀ-ਸੁਲਤਾਨਪੁਰ ਮਾਰਗ 'ਤੇ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ ਫੂਕੇ ਤੇ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਨਿੰਦਾ ਕੀਤੀ ।
