ਕਿਸਾਨਾਂ ਨੇ ਖਾਰਿਜ਼ ਕਰ 'ਤਾ ਸਰਕਾਰ ਦਾ ਪ੍ਰਸਤਾਵ, 21 ਫਰਵਰੀ ਨੂੰ ਕਰਨਗੇ ਦਿੱਲੀ ਕੂਚ (ਵੀਡੀਓ)
Monday, Feb 19, 2024 - 09:40 PM (IST)
ਚੰਡੀਗੜ੍ਹ - ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਪ੍ਰਸਤਾਵ ਨੂੰ ਖਾਰਿਜ਼ ਕਰ ਦਿੱਤਾ ਹੈ ਅਤੇ ਹੁਣ ਉਹ ਦਿੱਲੀ ਕੂਚ ਕਰਨਗੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੇ ਸੰਭੂ ਬਾਰਡਰ 'ਤੇ ਪ੍ਰੈਸ ਕਾਨਫੰਰਸ ਕੀਤੀ। ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਦਾ ਪ੍ਰਸਤਾਵ ਮਨਜ਼ੂਰ ਨਹੀਂ, ਅਸੀਂ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਕੂਚ ਕਰਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਦਾ ਪ੍ਰਸਤਾਵ ਮਨਜ਼ੂਰ ਨਹੀਂ ਹੈ। ਸਾਨੂੰ ਸਾਰੀਆਂ ਫਸਲਾਂ 'ਤੇ ਐਮ.ਐਸ.ਪੀ. ਚਾਹੀਦੀ ਹੈ।
ਇਹ ਵੀ ਪੜ੍ਹੋ - ਲੋਕਤੰਤਰ ਦੀ ਗੱਲ ਕਰਨ ਵਾਲੇ PM ਮੋਦੀ ਦੇ ਰਾਜ 'ਚ ਕਿਸਾਨਾਂ 'ਤੇ ਢਾਹਿਆ ਜਾ ਰਿਹੈ ਤਸ਼ੱਦਦ: ਡੱਲੇਵਾਲ
ਉਨ੍ਹਾਂ ਕਿਹਾ ਕਿ ਸਾਊਥ ਦੇ ਖੇਤੀ ਮਾਹਰ ਪ੍ਰਕਾਸ ਕਾਮਾਰੈਡੀ ਅਨੁਸਾਰ ਸਿਰਫ 1 ਲੱਖ 75 ਹਜ਼ਾਰ ਕਰੋੜ ਰੁਪਏ ਜੇਕਰ ਸਾਰੀਆਂ ਫਸਲਾਂ 'ਤੇ MSP ਦਿੱਤੀ ਜਾਂਦੀ ਹੈ ਤਾਂ 1 ਲੱਖ 75 ਹਜ਼ਾਰ ਕਰੋੜ ਰੁਪਏ ਵਿਚ ਕੰਮ ਚੱਲ ਸਕਦਾ ਹੈ। ਜੇਕਰ ਸਰਕਾਰ ਇੰਨਾ ਪੈਸਾ ਲਗਾ ਵੀ ਰਹੀ ਹੈ ਤਾਂ ਇਨ੍ਹਾਂ ਦੋ ਤਿੰਨ ਫਸਲਾਂ ਦੇ ਵਿਕਣ ਦੀ ਵਿਵਸਥਾ ਬਣਾਵੇ ਅਤੇ ਬਾਕੀ ਕਿਸਾਨਾਂ ਨੂੰ ਛੱਡ ਦੇਵੇ ਇਹ ਸਾਨੂੰ ਉਚਿਤ ਨਹੀਂ ਲੱਗ ਰਿਹਾ। ਸਾਡੀ ਸਰਕਾਰ ਬਾਹਰੋਂ 1 ਲੱਖ 75 ਹਜ਼ਾਰ ਕਰੋੜ ਰੁਪਏ ਦਾ ਪਾਮ ਆਇਲ ਮੰਗਵਾਉਂਦੀ ਹੈ ਅਤੇ ਉਹ ਸਾਰਿਆਂ ਲਈ ਬਿਮਾਰੀ ਦਾ ਕਾਰਨ ਹੈ ਫਿਰ ਵੀ ਉਸ ਨੂੰ ਮੰਗਵਾਇਆ ਜਾ ਰਿਹਾ ਹੈ, ਜੇਕਰ ਇਹੀ ਪੈਸਾ ਦੇਸ਼ ਦੇ ਕਿਸਾਨਾਂ ਨੂੰ ਤੇਲ ਬੀਜ ਫਸਲਾਂ ਉਗਾਉਣ ਲਈ ਉਨ੍ਹਾਂ 'ਤੇ MSP ਦੀ ਘੋਸ਼ਣਾ ਕਰੇ ਅਤੇ ਖਰੀਦੀ ਦੀ ਗਾਰੰਟੀ ਦੇਵੇ ਤਾਂ ਇਹੀ ਪੈਸਾ ਬਾਹਰੋ ਇਥੇ ਆ ਸਕਦੇ ਹਨ। ਇਸ ਨਾਲ ਸਰਕਾਰ 'ਤੇ ਮੈਨੂੰ ਨਹੀਂ ਲੱਗਦਾ ਕੋਈ ਬੋਝ ਪਵੇਗਾ।
ਉਥੇ ਹੀ ਸਰਵਨ ਸਿੰਘ ਪੰਧੇਰ ਨੇ ਮੀਟਿੰਗ ਦੀ ਟਾਈਮਿੰਗ ਨੂੰ ਲੈ ਕੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਅਸੀਂ ਮੀਟਿੰਗਾਂ ਵਿਚ ਜਾ ਰਹੇ ਹਾਂ ਕੇਂਦਰ ਸਰਕਾਰ ਦੇ ਨੁਮਾਇੰਦੇ ਹਰ ਵਾਰ ਮੀਟਿੰਗ ਵਿਚ ਤਿੰਨ ਘੰਟੇ ਲੇਟ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਗੱਲ ਕਰਨੀ ਹੈ ਤਾਂ ਜੋ ਸਮਾਂ ਰੱਖਿਆ ਜਾਂਦਾ ਹੈ ਉਸੇ ਸਮੇਂ 'ਤੇ ਮੀਟਿੰਗ ਕੀਤੀ ਜਾਵੇ।