ਕਿਸਾਨਾਂ ਨੇ ਫੂਕਿਆ ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ
Wednesday, Feb 07, 2018 - 12:59 PM (IST)

ਬਰਗਾੜੀ (ਕੁਲਦੀਪ) - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇਕਾਈ ਵਾੜਾ ਭਾਈ ਕਾ ਵੱਲੋਂ ਪਿੰਡ ਦੇ ਸੰਘਰਸ਼ਸ਼ੀਲ ਲੋਕਾਂ ਸਮੇਤ ਬਜਟ ਵਿਰੁੱਧ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ।
ਇਸ ਸਮੇਂ ਇਕਾਈ ਪ੍ਰਧਾਨ ਮੋਹਨਾ ਸਿੰਘ ਵਾੜਾ ਭਾਈ ਕਾ ਨੇ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਬਿਲਕੁਲ ਜ਼ੀਰੋ ਹੈ। ਬਜਟ ਦੌਰਾਨ ਕਿਸਾਨਾਂ, ਮਜ਼ਦੂਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ, ਨਾ ਹੀ ਸਵਾਮੀਨਾਥਨ ਰਿਪੋਰਟ ਦਾ ਕੋਈ ਜ਼ਿਕਰ ਕੀਤਾ ਗਿਆ ਹੈ ਅਤੇ ਨਾ ਜੀ. ਐੱਸ. ਟੀ. ਤੋਂ ਕੋਈ ਰਾਹਤ ਦਿੱਤੀ ਗਈ ਹੈ। ਇਹ ਬਜਟ ਕਿਸਾਨ ਵਿਰੋਧੀ ਬਜਟ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਵੋਟਾਂ ਵੇਲੇ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ ਹਾਸਲ ਕਰਦੇ ਸਾਰ ਹੀ ਵਾਅਦੇ ਵਿਸਾਰ ਦਿੱਤੇ ਹਨ। ਕਿਸਾਨਾਂ ਅਤੇ ਮਜ਼ਦੂਰਾਂ ਦੇ ਸਾਰੇ ਕਰਜ਼ੇ 'ਤੇ ਲਕੀਰ ਫੇਰਨਾ, ਘਰ-ਘਰ ਨੌਕਰੀ ਦੇਣਾ, ਬੇਰੋਜ਼ਗਾਰੀ ਭੱਤਾ ਦੇਣਾ, ਵਿਧਵਾ ਪੈਨਸ਼ਨ 2500 ਰੁਪਏ ਦੇਣਾ ਦੇ ਸਾਰੇ ਵਾਅਦੇ ਭੁਲਾ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ 7 ਫਰਵਰੀ 2018 ਨੂੰ 7 ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਪੰਜਾਬ ਦੀਆਂ ਸੜਕਾਂ 'ਤੇ ਰੋਸ ਕੀਤੇ ਜਾਣਗੇ, ਜਿਸ 'ਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਜਰਨੈਲ ਸਿੰਘ, ਪਰਮਜੀਤ ਕੌਰ, ਮਨਜੀਤ ਕੌਰ, ਗੁਰਦੀਪ ਕੌਰ, ਚਰਨਜੀਤ ਕੌਰ, ਮਨਜੀਤ ਕੌਰ, ਲਖਵਿੰਦਰ ਸਿੰਘ, ਗੋਰਾ ਨੰਬਰਦਾਰ, ਮੋਹਨ ਸਿੰਘ ਅਤੇ ਅੰਗਰੇਜ਼ ਸਿੰਘ ਸਿੱਧੂ ਨੇ ਸੰਬੋਧਨ ਕੀਤਾ।