ਕਿਸਾਨੀ ਰੰਗ 'ਚ ਰੰਗੇ ਗੁੱਗੂ ਗਿੱਲ, ਜਨਮਦਿਨ ਦੇ ਖ਼ਾਸ ਮੌਕੇ ਲਿਆ ਇਹ ਫ਼ੈਸਲਾ
Thursday, Jan 14, 2021 - 03:21 PM (IST)
ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੀ ਸ਼ਾਨ ਗੁੱਗੂ ਗਿੱਲ ਨੇ ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਦਾ ਜਨਮ 14 ਜਨਵਰੀ 1960 ਨੂੰ ਹੋਇਆ ਸੀ ਅਤੇ ਅੱਜ ਉਹ 61 ਸਾਲ ਦੇ ਹੋ ਗਏ ਹਨ। ਕੁਲਵਿੰਦਰ ਸਿੰਘ ਗਿੱਲ ਜਿਨ੍ਹਾਂ ਨੂੰ ਪੰਜਾਬੀ ਇੰਡਸਟਰੀ 'ਚ ਗੁੱਗੂ ਗਿੱਲ ਕਿਹਾ ਜਾਂਦਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਇਸ ਨਾਮ ਤੋਂ ਹੀ ਜਾਣਦੇ ਹਨ। ਗੁੱਗੂ ਗਿੱਲ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ ਪਰ ਇਸ ਵਾਰ ਗੁੱਗੂ ਗਿੱਲ ਆਪਣਾ ਜਨਮਦਿਨ ਨਹੀਂ ਮਨਾ ਰਹੇ, ਜਿਸ ਦੀ ਵਜ੍ਹਾ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਦੱਸੀ ਹੈ।
ਉਨ੍ਹਾਂ ਨੇ ਆਪਣੀ ਇਕ ਤਸਵੀਰ ਸਾਂਝੀ ਕਰਕੇ ਲਿਖਿਆ ਹੈ 'ਪਿਆਰੇ ਦੋਸਤੋ, ਵੈਸੇ ਤਾਂ ਅੱਜ ਮੇਰਾ ਜਨਮ ਦਿਨ ਹੈ ਪਰ ਕਿਸਾਨ-ਮਜ਼ਦੂਰ ਸੰਘਰਸ਼ ਕਰਕੇ ਮੈਂ ਇਸ ਵਾਰ ਕਿਸੇ ਤਰ੍ਹਾਂ ਦਾ ਸੈਲੀਬ੍ਰੇਸ਼ਨ ਨਹੀਂ ਕਰ ਰਿਹਾ। ਤੁਹਾਡੀਆਂ ਸ਼ੁੱਭ ਇੱਛਾਵਾਂ ਲਈ ਧੰਨਵਾਦ। ਆਪ ਸਭ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ।' ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਤਸਵੀਰ 'ਚ ਗੁੱਗੂ ਗਿੱਲ ਨੇ ਕਿਸਾਨਾਂ ਦਾ ਝੰਡਾ ਫੜ੍ਹਿਆ ਹੋਇਆ ਹੈ।
ਦੱਸ ਦਈਏ ਕਿ ਪਾਲੀਵੁੱਡ 'ਚ ਗੁੱਗੂ ਗਿੱਲ ਉਹ ਨਾਂ ਹੈ, ਜਿਸ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਬਿਹਤਰੀਨ ਫ਼ਿਲਮਾਂ ਦਿੱਤੀਆਂ। ਉਨ੍ਹਾਂ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ। ਖ਼ਾਸ ਕਰਕੇ ਉਨ੍ਹਾਂ ਦੇ ਡਾਈਲਾਗਸ ਬੋਲਣ ਦੇ ਅੰਦਾਜ਼ ਦਾ। ਜੇਕਰ ਉਨ੍ਹਾਂ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੁੱਗੂ ਗਿੱਲ ਦਾ ਜਨਮ 14 ਫਰਵਰੀ ਨੂੰ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ 'ਚ ਸਰਦਾਰ ਸੁਰਜੀਤ ਸਿੰਘ ਦੇ ਘਰ ਹੋਇਆ ਸੀ। ਗੁੱਗੂ ਗਿੱਲ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਲ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ, ਜਿਸ ਕਰਕੇ ਉਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਬਹੁਤ ਹੀ ਖ਼ਾਸ ਜਗਾ ਬਣਾ ਲਈ ਹੈ। ਗੁੱਗੂ ਗਿੱਲ ਨੇ ਹੁਣ ਤੱਕ ਬਹੁਤ ਸਾਰੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਪਹਿਲੀ ਫ਼ਿਲਮ 'ਪੁੱਤ ਜੱਟਾ ਦੇ' ਸੀ, ਜੋ 1983 'ਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਹੁਤ ਸਾਰੀਆਂ ਫ਼ਿਲਮਾਂ 'ਚ ਕੰਮ ਕੀਤਾ। ਗੁੱਗੂ ਗਿੱਲ ਨੇ ਬਹੁਤ ਸਾਰੀਆਂ ਹਿੱਟ ਫ਼ਿਲਮ ਜਿਵੇ -'ਜੱਦੀ ਸਰਦਾਰ' , 'ਜੱਟ ਤੇ ਜਮੀਨ' , 'ਬਦਲਾ ਜੱਟੀ ਦਾ' , 'ਸਰਦਾਰ ਸਾਬ' , 'ਭੱਜੋ ਵੀਰੋ ਵੇ' ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ।
ਖੇਤੀ ਕਾਨੂੰਨਾਂ ਨੇ ਇਕੋ ਮੰਚ 'ਤੇ ਇਕੱਠਾ ਕੀਤਾ ਪੰਜਾਬੀ ਕਲਾਕਾਰ ਭਾਈਚਾਰਾ
ਤਾਲਾਬੰਦੀ 'ਚ ਇਕ ਹੋਰ ਆਫ਼ਤ ਖੇਤੀ ਕਾਨੂੰਨਾਂ ਕਰਕੇ ਆਈ। ਪੰਜਾਬ ਦੇ ਕਿਸਾਨਾਂ ਵਲੋਂ ਲੰਮੇ ਸਮੇਂ ਤੋਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦਾ ਹਿੱਸਾ ਪੰਜਾਬੀ ਕਲਾਕਾਰ ਵੀ ਬਣੇ। ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵੱਡੇ ਪੱਧਰ 'ਤੇ ਆਮ ਲੋਕਾਂ ਤਕ ਕਿਸਾਨਾਂ ਦੀ ਗੱਲ ਪਹੁੰਚਾਉਣ 'ਚ ਮਦਦ ਕੀਤੀ ਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣ ਦੀ ਸਲਾਹ ਦਿੱਤੀ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ 'ਚ ਰੋਜ਼ਾਨਾ ਅਣਗਿਣਤ ਪੰਜਾਬੀ ਕਲਾਕਾਰ ਪਹੁੰਚ ਰਹੇ ਹਨ। ਜਿਨ੍ਹਾਂ ਕਲਾਕਾਰਾਂ ਦਾ ਕਦੇ ਆਪਸ 'ਚ ਵਿਵਾਦ ਸੀ, ਉਹ ਕਲਾਕਾਰ ਵੀ ਇਕ ਮੰਚ 'ਤੇ ਇਕੱਠੇ ਹੋ ਰਹੇ ਹਨ ਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ।
ਗੀਤਾਂ 'ਚ ਆਇਆ ਵੱਡਾ ਬਦਲਾਅ
ਤਾਲਾਬੰਦੀ ਤੇ ਕਿਸਾਨ ਅੰਦੋਲਨ ਕਰਕੇ ਪੰਜਾਬੀ ਗਾਇਕਾਂ ਦੇ ਗੀਤਾਂ 'ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਜਿਥੇ ਤਾਲਾਬੰਦੀ ਕਰਕੇ ਕਈ ਗਾਇਕਾਂ ਨੇ ਘਰ 'ਚ ਹੀ ਘੱਟ ਬਜਟ 'ਚ ਮੋਬਾਇਲਾਂ 'ਤੇ ਗੀਤ ਬਣਾ ਕੇ ਰਿਲੀਜ਼ ਕੀਤੇ, ਉਥੇ ਕਿਸਾਨ ਅੰਦੋਲਨ 'ਤੇ ਹੁਣ ਤਕ ਸੈਂਕੜੇ ਦੀ ਗਿਣਤੀ 'ਚ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਗਾਇਕ ਸਿਰਫ਼ ਹਥਿਆਰਾਂ ਵਾਲੇ ਗੀਤ ਹੀ ਨਹੀਂ ਗਾਉਂਦੇ, ਸਗੋਂ ਸਮਾਂ ਆਉਣ ’ਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ 'ਚ ਵੀ ਅੱਗੇ ਹੁੰਦੇ ਹਨ। ਉਂਝ ਵੀ ਪੰਜਾਬੀ ਕਲਾਕਾਰਾਂ ਬਾਰੇ ਇਹ ਧਾਰਨਾ ਬਣੀ ਹੋਈ ਸੀ ਕਿ ਉਹ ਆਮ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਦੇ ਪਰ ਇਸ ਧਾਰਨਾ ਨੂੰ ਇਸ ਸਾਲ ਪੰਜਾਬੀ ਗਾਇਕਾਂ ਨੇ ਗਲ਼ਤ ਸਾਬਿਤ ਕਰ ਦਿਖਾਇਆ ਹੈ
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।