ਭਾਜਪਾ ਦਫਤਰ ਬਾਹਰ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ, ਧੱਕਾ-ਮੁੱਕੀ ''ਚ ਕਿਸਾਨ ਦੀ ਉੱਤਰੀ ਪੱਗ

Sunday, Sep 12, 2021 - 11:37 PM (IST)

ਜਲੰਧਰ (ਮਹੇਸ਼,ਸੋਨੂੰ)- ਭਾਜਪਾ ਦੇ ਨਵ-ਨਿਯੁਕਤ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਦਾ ਘਿਰਾਓ ਕਰਨ ਲਈ ਵੱਡੀ ਗਿਣਤੀ ਵਿਚ ਕਿਸਾਨ ਐਤਵਾਰ ਨੂੰ ਜਲੰਧਰ ਪਹੁੰਚੇ ਪਰ ਭਾਜਪਾ ਦੇ ਮੁੱਖ ਦਫ਼ਤਰ ਦੇ ਨੇੜੇ ਤਾਇਨਾਤ ਭਾਰੀ ਪੁਲਸ ਫੋਰਸ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਲਿਆ। ਉਕਤ ਕਿਸਾਨਾਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਮਨਦੀਪ ਸਿੰਘ ਸਮਰਾ (ਸਰਪੰਚ ਸਮਰਾਏ) ਅਤੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਅਮਰਜੀਤ ਸਿੰਘ ਜੋਤੀ ਜੰਡਿਆਲਾ ਕਰ ਰਹੇ ਸਨ। ਇਸ ਦੌਰਾਨ ਕਿਸਾਨਾਂ ਅਤੇ ਪੁਲਸ ਦਰਮਿਆਨ ਹੋਈ ਧੱਕਾ-ਮੁੱਕੀ ਵਿਚ ਇਕ ਕਿਸਾਨ ਦੀ ਪੱਗ ਵੀ ਉਤਰ ਗਈ, ਜਿਸ ਕਾਰਨ ਕਿਸਾਨਾਂ ਵਿਚ ਹੋਰ ਜ਼ਿਆਦਾ ਗੁੱਸਾ ਵਧ ਗਿਆ।

PunjabKesari

ਉਨ੍ਹਾਂ ਨੇ ਭਾਜਪਾ ਦਫਤਰ ਤੋਂ ਕੁਝ ਪਿੱਛੇ ਹੀ ਸੜਕ ਕਿਨਾਰੇ ਬੈਠ ਕੇ ਧਰਨਾ ਲਾ ਦਿੱਤਾ ਅਤੇ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਵਿਚ ਭਾਜਪਾ ਦੇ ਸਮਾਗਮਾਂ ਅਤੇ ਵਰਕਰਾਂ ’ਤੇ ਸਖ਼ਤੀ ਨਾਲ ਰੋਕ ਨਾ ਲਾਉਣ ਵਾਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਅੱਗੇ ਵੀ ਭਾਜਪਾ ਖ਼ਿਲਾਫ਼ ਆਪਣਾ ਵਿਰੋਧ-ਪ੍ਰਦਰਸ਼ਨ ਜਾਰੀ ਰੱਖਣਗੇ।

ਇਹ ਵੀ ਪੜ੍ਹੋ- ਆਪਣੇ ਮੂੰਹ ’ਤੇ ਪਸ਼ਚਾਤਾਪ ਦੀ ਕਾਲਖ਼ ਮਲ਼ ਕੇ ਕਾਲਾ ਦਿਵਸ ਮਨਾਵੇ ਬਾਦਲ ਪਰਿਵਾਰ : ਸੰਧਵਾਂ

ਰਾਜੇਵਾਲ ਯੂਨੀਅਨ ਮਨਦੀਪ ਅਤੇ ਜੁੱਤੀ ਨੇ ਕਿਹਾ ਕਿ ਕਿਸਾਨ ਕਿਸੇ ਵੀ ਕੀਮਤ ’ਤੇ ਹਾਰ ਨਹੀਂ ਮੰਨਣਗੇ। ਉਨ੍ਹਾਂ ਕਿਹਾ ਕਿ ਪੁਲਸ-ਪ੍ਰਸ਼ਾਸਨ ਨੇ ਭਾਜਪਾ ਦਫ਼ਤਰ ਨੂੰ ਜਾਂਦਾ ਰਸਤਾ ਬੈਰੀਕੇਡ ਲਾ ਕੇ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਸੀ, ਜਿਸ ਕਾਰਨ ਭਾਜਪਾ ਬੁਲਾਰੇ ਦੇ ਘਿਰਾਓ ਲਈ ਕਿਸਾਨ ਅੱਗੇ ਨਹੀਂ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਪੁਲਸ ਵੀ ਕਿਸਾਨਾਂ ਦਾ ਸਾਥ ਨਾ ਦਿੰਦੇ ਹੋਏ ਭਾਜਪਾ ਨੇਤਾਵਾਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਇਸ ਮੌਕੇ ਸਕੱਤਰ ਅਵਿੰਦਰ ਸਿੰਘ, ਸਲਾਹਕਾਰ ਅਮਰਜੀਤ ਸਿੰਘ ਸ਼ੇਰਗਿੱਲ, ਸ਼ਰਨਜੀਤ ਸਿੰਘ ਥਾਬਲਕੇ, ਅਮਨਾ ਸਮਰਾ, ਅਮਰੀਕ ਸਿੰਘ, ਸੁਖਵਿੰਦਰ ਸਿੰਘ, ਬਲਵੀਰ ਸਿੰਘ, ਦੀਪਾ ਹੇਅਰ, ਪਾਲਾ, ਭਗਵੰਤ ਸਿੰਘ, ਮਨਜੀਤ ਕੌਰ, ਕਮਲਜੀਤ ਕੌਰ, ਪਿੰਦੋ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ, ਤਰਲੋਕ ਸਿੰਘ ਦਾਦੂਵਾਲ, ਰਜਿੰਦਰ ਸਿੰਘ, ਰਣਜੀਤ ਸਿੰਘ, ਮੋਂਟੀ, ਗੋਪੀ, ਆਦਿ ਵੀ ਮੌਜੂਦ ਸਨ।


Bharat Thapa

Content Editor

Related News