ਕੜਾਕੇ ਦੀ ਠੰਡ ਤੇ ਵਰ੍ਹਦੇ ਮੀਂਹ 'ਚ ਕਿਸਾਨਾਂ ਨੂੰ ਵੇਖ ਭਾਵੁਕ ਹੋਈ ਸਵਰਾ ਭਾਸਕਰ, ਆਖੀ ਇਹ ਗੱਲ
01/05/2021 1:46:07 PM
ਚੰਡੀਗੜ੍ਹ (ਬਿਊਰੋ) – ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਦਾ ਸਮਰਥਨ ਪੰਜਾਬੀ ਕਲਾਕਾਰ ਵਧ ਚੜ੍ਹ ਕੇ ਕਰ ਰਹੇ ਹਨ। ਇਨਾਂ ਹੀ ਨਹੀਂ ਕਈ ਕਲਾਕਾਰ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦੇ ਹੌਂਸਲੇ ਨੂੰ ਬੁਲੰਦ ਕਰ ਰਹੇ ਹਨ। ਕੜਾਕੇ ਦੀ ਠੰਡ ਅਤੇ ਮੀਂਹ ਕਿਸਾਨਾਂ ਨੂੰ ਰੋਕਣ 'ਚ ਅਸਫ਼ਲ ਸਾਬਤ ਹੋ ਰਿਹਾ ਹੈ। ਦਿੱਲੀ-ਐਨ. ਸੀ. ਆਰ. 'ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਅਤੇ ਠੰਡ ਕਹਿਰ ਢਾਹ ਰਹੀ ਹੈ। ਹਾਲਾਂਕਿ, ਇਸ ਤੋਂ ਬਾਅਦ ਵੀ ਕਿਸਾਨ ਸਿੰਘੂ ਅਤੇ ਟਿੱਕਰੀ ਸਰਹੱਦ 'ਤੇ ਡਟੇ ਹੋਏ ਹਨ।
ਮੀਂਹ 'ਚ ਭਿੱਜਦੇ ਕਿਸਾਨਾਂ ਨੂੰ ਵੇਖ ਸਵਰਾ ਭਾਸਕਰ ਨੇ ਆਖੀ ਇਹ ਗੱਲ
ਹੁਣ ਹਾਲ ਹੀ 'ਚ ਅਦਾਕਾਰਾ ਸਵਰਾ ਭਾਸਕਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਮੀਂਹ 'ਚ ਧਰਨੇ 'ਤੇ ਬੈਠੇ ਕਿਸਾਨਾਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕਿਸਾਨ ਮੀਂਹ ਅਤੇ ਠੰਡ ਤੋਂ ਆਪਣੇ-ਆਪ ਨੂੰ ਬਚਾਉਣ ਲਈ ਸੰਘਰਸ਼ 'ਚ ਲੱਗੇ ਹੋਏ ਹਨ। ਕੁਝ ਕਿਸਾਨ ਮੀਂਹ 'ਚ ਗਿੱਲੇ ਹੋਣ ਤੋਂ ਆਪਣੇ ਆਪ ਨੂੰ ਬਚਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸਵਰਾ ਭਾਸਕਰ ਨੇ ਕੈਪਸ਼ਨ 'ਚ ਲਿਖਿਆ, 'ਦਿਲ ਤੋੜਣ ਵਾਲਾ।' ਲੋਕ ਸਵਰਾ ਭਾਸਕਰ ਦੇ ਟਵੀਟ 'ਤੇ ਕਾਫ਼ੀ ਟਿੱਪਣੀਆਂ ਕਰ ਰਹੇ ਹਨ ਅਤੇ ਆਪਣੀ ਫੀਡਬੈਕ ਦੇ ਰਹੇ ਹਨ।
Heartbreaking! https://t.co/7NkDHIFj7M
— Swara Bhasker (@ReallySwara) January 4, 2021
ਬੇਸਿੱਟੀ ਰਹੀ 7ਵੇਂ ਦੌਰ ਦੀ ਬੈਠਕ
ਨਵੀਂ ਦਿੱਲੀ ਸਥਿਤ ਵਿਗਿਆਨ ਭਵਨ 'ਚ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਮੰਤਰੀਆਂ ਵਿਚਾਲੇ ਚੱਲੀ ਬੈਠਕ ਬੇਨਤੀਜਾ ਖ਼ਤਮ ਹੋਈ। ਕੇਂਦਰ ਸਰਕਾਰ ਅਤੇ ਕਿਸਾਨ ਵਿਚਕਾਰ 7ਵੇਂ ਦੌਰ ਦੀ ਬੈਠਕ ਹੋਈ ਸੀ। ਇਸ ਦੌਰਾਨ ਵੱਡੀ ਖ਼ਬਰ ਇਹ ਸਾਹਮਣੇ ਆਈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਹਰ ਮਸਲੇ 'ਤੇ ਵਿਚਾਰ-ਚਰਚਾ ਕਰਨ ਲਈ ਤਿਆਰ ਹੈ ਪਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਮੂਲੋਂ ਰੱਦ ਕਰਨ ਲਈ ਤਿਆਰ ਨਹੀਂ ਹੈ। ਕੇਂਦਰ ਸਰਕਾਰ ਨੇ ਆਪਣਾ ਪੱਖ ਸਪੱਸ਼ਟ ਤੌਰ 'ਤੇ ਜ਼ਾਹਰ ਕਰਦਿਆਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਕਿਸੇ ਵੀ ਕੀਮਤ 'ਤੇ ਰੱਦ ਨਹੀਂ ਹੋਣਗੇ। ਕਿਸਾਨ ਚਾਹੁਣ ਤਾਂ ਐੱਮ. ਐੱਸ. ਪੀ. ਦੇ ਮੁੱਦੇ 'ਤੇ ਗਰੰਟੀ ਕਾਨੂੰਨ ਨੂੰ ਲੈ ਕੇ ਸਹਿਮਤੀ ਬਣਾਈ ਜਾ ਸਕਦੀ ਹੈ।
ਇਸ ਦੌਰਾਨ ਕਿਸਾਨ ਜਥੇਬੰਦੀਆਂ ਦੀ ਆਪਣੇ ਪੱਖ 'ਤੇ ਅੜੀਆਂ ਰਹੀਆਂ ਅਤੇ ਬੈਠਕ ਤੋਂ ਅਸੰਤੁਸ਼ਟ ਜਾਪੀਆਂ। ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ 'ਤੇ ਅੜੇ ਹਨ। ਫ਼ਿਲਹਾਲ ਬੀਤੇ ਦਿਨ ਦੀ ਬੈਠਕ 'ਚ ਕਿਸੇ ਵੀ ਮੁੱਦੇ 'ਤੇ ਸਹਿਮਤੀ ਹੁੰਦੀ ਨਜ਼ਰ ਨਹੀਂ ਆਈ।
8 ਜਨਵਰੀ ਨੂੰ ਹੋਵੇਗੀ ਅਗਲੀ ਬੈਠਕ
ਦੱਸਣਯੋਗ ਹੈ ਕਿ ਅਗਲੀ ਬੈਠਕ 8 ਜਨਵਰੀ 2021 ਨੂੰ ਦੁਪਹਿਰ 2 ਵਜੇ ਹੋਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਅੱਗੇ ਕੀ ਫ਼ੈਸਲਾ ਲੈਂਦੀਆਂ ਹਨ। ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ 30 ਦਸੰਬਰ 2020 ਨੂੰ 6ਵੇਂ ਦੌਰ ਦੀ ਬੈਠਕ ਹੋਈ ਸੀ, ਜਿਸ 'ਚ ਪਰਾਲੀ ਦੇ ਮੁੱਦੇ ਅਤੇ ਬਿਜਲੀ ਸੋਧ ਬਿੱਲ ਨੂੰ ਲੈ ਕੇ ਸਹਿਮਤੀ ਬਣੀ ਸੀ। ਅੱਜ ਦੀ ਬੈਠਕ 'ਚ ਉਮੀਦਾਂ ਤਾਂ ਇਹ ਲਾਈਆਂ ਜਾ ਰਹੀਆਂ ਸਨ ਕਿ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਪਰ 7ਵੇਂ ਦੌਰ ਦੀ ਗੱਲਬਾਤ ਵੀ ਫੇਲ੍ਹ ਰਹੀ। 7ਦੌਰ ਦੀ ਗੱਲਬਾਤ 'ਚ ਕੋਈ ਸਿੱਟਾ ਨਾ ਨਿਕਲਣ 'ਤੇ ਹੁਣ ਕਿਸਾਨ ਜਥੇਬੰਦੀਆਂ ਆਪਣਾ ਅੰਦੋਲਨ ਹੋਰ ਤੇਜ਼ ਕਰਨਗੀਆਂ। ਇਸ ਬਾਅਦ ਕਿਸਾਨ ਆਗੂਆਂ ਵਲੋਂ ਪਹਿਲਾਂ ਹੀ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਜਾ ਚੁੱਕਾ ਹੈ।
ਕਿਸਾਨ ਹੁਣ ਆਪਣਾ ਅੰਦੋਲਨ ਕਰਨਗੇ ਤਿੱਖਾ—
6 ਜਨਵਰੀ ਨੂੰ ਕਿਸਾਨ ਅੰਦੋਲਨ ਹੋਵੇਗਾ ਹੋਰ ਤੇਜ਼।
6 ਜਨਵਰੀ ਨੂੰ ਕਿਸਾਨਾਂ ਵਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ।
13 ਜਨਵਰੀ ਨੂੰ ਦੇਸ਼ ਭਰ 'ਚ 'ਕਿਸਾਨ ਸੰਕਲਪ ਦਿਵਸ' ਮਨਾਇਆ ਜਾਵੇਗਾ।
18 ਜਨਵਰੀ ਨੂੰ 'ਮਹਿਲਾ ਕਿਸਾਨ ਦਿਵਸ' ਮਨਾਇਆ ਜਾਵੇਗਾ।
23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਮਾਰਚ ਕੀਤਾ ਜਾਵੇਗਾ।
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰਾਂ 'ਤੇ ਤਿੰਰਗਾ ਲਾ ਕੇ 'ਟਰੈਕਟਰ-ਟਰਾਲੀ ਪਰੇਡ' ਕੱਢਣਗੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।