ਕਿਸਾਨ ਜਥੇਬੰਦੀਆਂ ਵਲੋਂ ਚੋਣ ਲੜਨ ਦੇ ਫ਼ੈਸਲੇ ’ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ
Monday, Dec 27, 2021 - 06:31 PM (IST)
ਜਲੰਧਰ (ਲਾਭ ਸਿੰਘ ਸਿੱਧੂ) : ਚੋਣਾਂ ਲੜਣ ਦਾ ਅਧਿਕਾਰ ਹਰੇਕ ਜਥੇਬੰਦੀ ਨੂੰ ਹੈ, ਭਾਵੇਂ ਉਹ ਕਿਸਾਨ ਮੋਰਚਾ ਹੋਵੇ ਜਾਂ ਕੋਈ ਹੋਰ। ਹਰੇਕ ਵਿਅਕਤੀ ਨੂੰ ਚੋਣ ਮੈਦਾਨ ’ਚ ਨਿੱਤਰਣ ਦਾ ਹੱਕ ਹੈ ਅਤੇ ਉਹ ਆਪਣੀ ਕਿਸਮਤ ਅਜ਼ਮਾ ਸਕਦਾ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਕਿਸਾਨ ਮੋਰਚੇ ਵਲੋਂ ਚੋਣਾਂ ਲੜਣ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਪਾਰਟੀਆਂ ਚੋਣ ਦੰਗਲ ’ਚ ਨਿੱਤਰਣਗੀਆਂ, ਓਨਾ ਹੀ ਲੋਕਾਂ ਨੂੰ ਆਪਣੇ ਹਲਕੇ ਦਾ ਪ੍ਰਤੀਨਿਧੀ ਚੁਣਨ ’ਚ ਸੌਖ ਹੋਵੇਗੀ।
ਇਹ ਵੀ ਪੜ੍ਹੋ : ਰਣਜੀਤ ਸਿੰਘ ਬ੍ਰਹਮਪੁਰਾ ਸਾਥੀਆਂ ਸਮੇਤ ਮੁੜ ਅਕਾਲੀ ਦਲ ’ਚ ਸ਼ਾਮਲ
ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਸਬੰਧਤ ਕਿਸਾਨ ਦਿੱਲੀ ਮੋਰਚੇ ’ਚ ਵੱਡੀ ਗਿਣਤੀ ’ਚ ਪਹੁੰਚੇ ਸਨ ਕਿਉਂਕਿ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਕਰਵਾਉਣ ਦਾ ਕਾਰਜ ਸਭ ਦਾ ਸਾਂਝਾ ਸੀ। ਇਸ ਲਈ ਹੁਣ ਕਾਲੇ ਕਾਨੂੰਨ ਵਾਪਸ ਹੋ ਗਏ ਹਨ ਤੇ ਦਿੱਲੀ ਮੋਰਚਾ ਵੀ ਖ਼ਤਮ ਹੋ ਗਿਆ ਹੈ। ਦਿੱਲੀ ਤੋਂ ਪਰਤਦਿਆਂ ਹੀ ਅਕਾਲੀ ਦਲ ਨਾਲ ਸਬੰਧਤ ਕਿਸਾਨਾਂ ਨੇ ਮੁੜ ਪਾਰਟੀ ਦਾ ਮੋਰਚਾ ਸੰਭਾਲ ਲਿਆ ਹੈ। ਪਿੰਡਾਂ ’ਚ ਅਕਾਲੀ ਦਲ ਦਾ ਵੱਡਾ ਆਧਾਰ ਹੈ ਕਿਉਂਕਿ ਕਿਸਾਨਾਂ ਨਾਲ ਸੰਬੰਧਤ ਸਾਰੇ ਮਸਲੇ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਹੱਲ ਹੋਏ ਹਨ। ਕਿਸਾਨਾਂ ਨੂੰ ਟਿਊਬਵੈੱਲਾਂ ਲਈ ਮੁਫਤ ਬਿਜਲੀ ਬਾਦਲ ਸਰਕਾਰ ਨੇ ਹੀ ਦਿੱਤੀ ਸੀ, ਕਿਸਾਨਾਂ ਲਈ ਸਿੰਚਾਈ ਦੀਆਂ ਸਭ ਤੋਂ ਵੱਧ ਸਹੂਲਤਾਂ ਵੀ ਅਕਾਲੀ ਸਰਕਾਰ ਨੇ ਨਿੱਤ ਹੀ ਉਨ੍ਹਾਂ ਨੂੰ ਦਿੱਤੀਆਂ ਕਿਸਾਨਾਂ ਦਾ ਮੁਆਵਜ਼ਾ ਮੁਆਫ, ਕਿਸਾਨਾਂ ਦੀਆਂ ਫਸਲਾਂ ਦਾ ਮੰਡੀਕਰਨ ਅਤੇ ਹੋਰ ਕਿਸਾਨੀ ਮਸਲੇ ਅਕਾਲੀ ਸਰਕਾਰ ਕੋਲੇ ਹੀ ਹੱਲ ਹੋਏ ਹਨ। ਉਨ੍ਹਾਂ ਕਿਹਾ ਕਿ ਇਕੋ-ਇਕ ਪਾਰਟੀ ਅਕਾਲੀ ਦਲ ਹੈ, ਜਿਸ ਨੇ ਹਮੇਸ਼ਾ ਕਿਸਾਨਾਂ ਦੀ ਬਾਂਹ ਫੜੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਦੀ ਵੱਡੀ ਸਖ਼ਤੀ, ਮੁਲਾਜ਼ਮਾਂ ਲਈ ਜਾਰੀ ਕੀਤੇ ਨਵੇਂ ਹੁਕਮ
ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਹਨ, ਸਭ ਨੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਚੱਲੀਆਂ ਹਨ। ਇਸੇ ਚਾਲ ਦੇ ਤਹਿਤ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਹੈ। ਕਾਂਗਰਸ ਸਰਕਾਰ ਸੋਚਦੀ ਹੈ ਕਿ ਸ਼ਾਇਦ ਮਜੀਠੀਆ ਵਿਰੁੱਧ ਕੇਸ ਦਰਜ ਕਰਨ ਨਾਲ ਉਨ੍ਹਾਂ ਦੀ ਗਤੀ ਹੋ ਜਾਵੇਗੀ ਪਰ ਉਹ ਭੁਲੇਖੇ ’ਚ ਹੈ। ਅਕਾਲੀ ਦਲ ਦੇ ਲੀਡਰਾਂ ’ਤੇ ਪਹਿਲਾਂ ਵੀ ਝੂਠੇ ਕੇਸ ਕਾਂਗਰਸੀਆਂ ਨੇ ਦਰਜ ਕਰਵਾਏ ਸਨ ਤੇ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਸੀ ਤੇ ਹੁਣ ਵੀ ਉਨ੍ਹਾਂ ਨੂੰ ਮਜੀਠੀਆ ਦੇ ਕੇਸ ’ਚ ਮੂੰਹ ਦੀ ਖਾਣੀ ਪਵੇਗੀ। ਲੋਕ ਅਕਾਲੀ ਦਲ ਨਾਲ ਖੁੱਲ੍ਹ ਕੇ ਚੱਲ ਪਏ ਹਨ, ਜੋ ਵਿਰੋਧੀ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਿਹਾ ਅਤੇ ਇਸ ਲਈ ਹੁਣ ਮੁੱਖ ਮੰਤਰੀ ਚੰਨੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਝੂਠੇ ਪਰਚੇ ਦਰਜ ਕਰਵਾਉਣ ’ਤੇ ਉੱਤਰ ਆਏ ਹਨ ਪਰ ਸੂਬੇ ਦੇ ਲੋਕ ਉਨ੍ਹਾਂ ਨੂੰ ਚੋਣਾਂ ’ਚ ਕਰਾਰਾ ਜਵਾਬ ਦੇਣਗੇ।
ਇਹ ਵੀ ਪੜ੍ਹੋ : ਕੰਟਰੋਲ ਰੂਮ ’ਤੇ ਫੋਨ ਕਰਕੇ ਦਿੱਤੀ ਧਮਕੀ, ਹੁਣ ਚੰਡੀਗੜ੍ਹ ’ਚ ਹੋਣਗੇ ਸੀਰੀਅਲ ਬੰਬ ਬਲਾਸਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?