ਕਿਸਾਨਾਂ ਦਾ ਦਿੱਲੀ ਕੂਚ ਅੱਜ, ਹਰਿਆਣਾ ਸਰਕਾਰ ਨਹੀਂ ਕਰਨ ਦੇਵੇਗੀ ਐਂਟਰੀ

Friday, Dec 06, 2024 - 09:05 AM (IST)

ਕਿਸਾਨਾਂ ਦਾ ਦਿੱਲੀ ਕੂਚ ਅੱਜ, ਹਰਿਆਣਾ ਸਰਕਾਰ ਨਹੀਂ ਕਰਨ ਦੇਵੇਗੀ ਐਂਟਰੀ

ਪਟਿਆਲਾ/ਚੰਡੀਗੜ੍ਹ (ਜੋਸਨ, ਵਿਨੇ) : ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਮੋਰਚਾ ਲਾ ਕੇ ਬੈਠੇ ਕਿਸਾਨਾਂ ਵੱਲੋਂ ਬੀਤੀ ਦੁਪਹਿਰੇ 101 ਕਿਸਾਨਾਂ ਦੇ ਮਰਜੀਵੜੇ ਜੱਥਿਆਂ ਵੱਲੋਂ ਦਿੱਲੀ ਜਾਣ ਦੇ ਐਲਾਨ ਨੂੰ ਲੈ ਕੇ ਕਿਸਾਨ ਅਤੇ ਹਰਿਆਣਾ ਸਰਕਾਰ ਆਹਮੋ-ਸਾਹਮਣੇ ਹੋ ਗਏ ਹਨ ਅਤੇ ਟਕਰਾਅ ਦੇ ਆਸਾਰ ਵੱਧਦੇ ਨਜ਼ਰ ਆ ਰਹੇ ਹਨ। ਖੁਫ਼ੀਆ ਏਜੰਸੀਆਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਇਹ ਅਲਰਟ ਕੀਤਾ ਹੈ ਕਿ 9 ਦਸੰਬਰ ਨੂੰ ਪ੍ਰਧਾਨ ਮੰਤਰੀ ਦੇ ਪਾਣੀਪਤ (ਹਰਿਆਣਾ) ਦੌਰੇ ਦੇ ਮੱਦੇਨਜ਼ਰ ਕਿਸਾਨਾਂ ਨੂੰ ਕਿਸੇ ਵੀ ਹਾਲਤ ’ਚ ਹਰਿਆਣਾ ’ਚ ਵੜਨ ਨਾ ਦਿੱਤਾ ਜਾਵੇ, ਕਿਉਂਕਿ ਜੇਕਰ 6 ਦਸੰਬਰ ਨੂੰ ਕਿਸਾਨਾਂ ਦਾ 101 ਮੈਂਬਰਾਂ ਦਾ ਜੱਥਾ ਹਰਿਆਣਾ ’ਚ ਦਾਖ਼ਲ ਹੁੰਦਾ ਹੈ ਤਾਂ ਇਹ 9 ਦਸੰਬਰ ਨੂੰ ਇਹ ਪਾਣੀਪਤ ’ਚ ਠਹਿਰਾਅ ਕਰਗੇ, ਜਿੱਥੇ ਪਹਿਲਾਂ ਹੀ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਤੈਅ ਹੈ ਅਤੇ ਕੋਈ ਵੀ ਹੰਗਾਮਾ ਖੜ੍ਹਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਇਹ ਗੋਲੀਆਂ ਖਾਣ ਵਾਲੀਆਂ ਔਰਤਾਂ ਹੋ ਜਾਣ Alert, ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ

ਹਾਲਾਂਕਿ ਕਿਸਾਨਾਂ ਨੇ ਸਪੱਸ਼ਟ ਕਿਹਾ ਹੈ ਕਿ ਸਾਡਾ ਮਾਰਚ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ ਪਰ ਫਿਰ ਵੀ ਖ਼ੁਫ਼ੀਆ ਏਜੰਸੀਆਂ ਨੇ ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਕਰਨ ਦਾ ਸੁਝਾਅ ਦਿੱਤਾ ਹੈ। ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਹਰਿਆਣਾ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਜੰਗੀ ਪੱਧਰ ’ਤੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਧਾਰਾ-144 ਲਾਗੂ ਕਰਨ ਤੋਂ ਬਾਅਦ ਹਰਿਆਣਾ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਾਫ਼ ਕਹਿ ਦਿੱਤਾ ਹੈ ਕਿ ਉਨ੍ਹਾਂ ਕੋਲ ਦਿੱਲੀ ਸਰਕਾਰ ਦੀ ਮਨਜ਼ੂਰੀ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਨਵੇਂ ਸਾਲ 'ਤੇ ਵੱਡਾ ਤੋਹਫ਼ਾ, ਖ਼ਬਰ ਪੜ੍ਹ ਹੋ ਜਾਣਗੇ ਬਾਗੋ-ਬਾਗ (ਵੀਡੀਓ)

ਇਸ ਲਈ ਉਹ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇਣਗੇ। ਬਕਾਇਦਾ ਤੌਰ ’ਤੇ ਹਰਿਆਣਾ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਦੋਵਾਂ ਬਾਰਡਰਾਂ ’ਤੇ ਪਹਿਲਾਂ ਕੀਤੀ ਹੋਈ 7 ਲੇਅਰ ਬੈਰੀਕੇਡਿੰਗ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਅਤੇ 2 ਹੋਰ ਲੇਅਰਾਂ ਲਾ ਦਿੱਤੀਆਂ ਹਨ। ਇਨ੍ਹਾਂ ਲੇਅਰਾਂ ਵਿਚ ਜਾਲ ਵਿਛਾਏ ਗਏ ਹਨ ਅਤੇ ਸ਼ੰਭੂ ਬਾਰਡਰ ’ਤੇ ਘੱਗਰ ਤੱਕ ਸੜਕ ਤੋਂ ਦੂਰ-ਦੁਰਾਡੇ ਇਲਾਕਿਆਂ ਵਿਚ ਬੈਰੀਕੇਡਿੰਗ ਕਰ ਦਿੱਤੀ ਹੈ ਤਾਂ ਜੋ ਇਕ ਵੀ ਕਿਸਾਨ ਹਰਿਆਣਾ ਵਿਚ ਨਾ ਵੜ ਸਕੇ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 
 


author

Babita

Content Editor

Related News