ਬਰਨਾਲਾ ''ਚ ਕਿਸਾਨਾਂ ਨੇ ਮਨਾਈ ਵੱਖਰੇ ਅੰਦਾਜ਼ ''ਚ ਦੀਵਾਲੀ
Saturday, Nov 14, 2020 - 06:32 PM (IST)
ਬਰਨਾਲਾ - ਬਰਨਾਲਾ ਵਿਚ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਰੇਲਵੇ ਸਟੇਸ਼ਨ ਦੇ ਬਾਹਰ ਧਰਨੇ 'ਤੇ ਬੈਠੇ ਕਿਸਾਨ ਸੰਗਠਨਾਂ ਨੇ ਅੱਜ ਦੀਵਾਲੀ ਮੌਕੇ ਮਠਿਆਈਆਂ ਦਾ ਲੰਗਰ ਲਗਾਇਆ। ਕਿਸਾਨਾਂ ਨੇ ਕਿਹਾ ਕਿ ਯਾਤਰੀ ਗੱਡੀਆਂ ਨੂੰ ਕਿਸੇ ਵੀ ਕੀਮਤ ਵਿਚ ਚੱਲਣ ਨਹੀਂ ਦਿੱਤਾ ਜਾਵੇਗਾ ਅਤੇ ਆਉਣ ਵਾਲੀ 26 ਨਵੰਬਰ ਨੂੰ ਪੰਜਾਬ ਤੋਂ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਜਾਣਗੇ। ਅੱਜ ਦੀਵਾਲੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਕਿਸਾਨ ਅਤੇ ਮਹਿਲਾਵਾਂ ਧਰਨੇ ਵਿਚ ਸ਼ਾਮਲ ਹੋਈਆਂ।
ਇਸ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਗਠਨਾਂ ਦੇ ਨੇਤਾਵਾਂ ਗੁਰਬਖਸ਼ ਸਿੰਘ, ਹਰਮੰਦਰ ਸਿੰਘ, ਗੁਰਦੇਵ ਸਿੰਘ, ਜਗਸੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨਲਾਇਕੀ ਕਾਰਣ ਅੱਜ ਕਿਸਾਨ ਦੀਵਾਲੀ ਅਤੇ ਬੰਦੀ ਛੋੜ ਦਿਵਸ ਆਪਣੇ ਘਰ 'ਤੇ ਮਨਾਉਣ ਦੀ ਬਜਾਏ ਧਰਨਿਆਂ 'ਤੇ ਬੈਠਾ ਹੈ। ਉਨ੍ਹਾਂ ਕਿਹਾ ਕਿ ਇਹ ਤਿਓਹਾਰ ਕਿਸਾਨ ਆਪਣੇ ਬੱਚਿਆਂ ਦੇ ਨਾਲ ਆਪਣੇ ਘਰਾਂ ਵਿਚ ਮਨਾਉਂਦੇ ਹਨ ਪਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਨੂੰਨਾਂ ਕਾਰਣ ਕਿਸਾਨ ਅਤੇ ਉਨ੍ਹਾਂ ਦਾ ਪਰਿਵਾਰ ਧਰਨਿਆਂ 'ਤੇ ਬੈਠੇ ਹਨ।
ਉਥੇ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਸਟੇਸ਼ਨ 'ਤੇ ਮਠਿਆਈਆਂ ਦਾ ਲੰਗਰ ਲਗਾਇਆ ਗਿਆ ਹੈ ਕਿਉਂਕਿ ਅੱਜ ਹੀ ਦੇ ਦਿਨ ਗੁਰੂ ਸਾਹਿਬ ਵੱਲੋਂ 52 ਰਾਜਿਆਂ ਨੂੰ ਮੁਕਤ ਕਰਾਵਾਇਆ ਗਿਆ ਸੀ। ਉਥੇ ਉਨ੍ਹਾਂ ਨੇ ਬੀਤੇ ਕੱਲ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਦੇ ਮੁੱਦੇ 'ਤੇ ਕਿਹਾ ਕਿ ਕੇਂਦਰ ਸਰਕਾਰ ਸਮੱਮਿਆ ਦਾ ਹੱਲ ਕੱਢਣ ਦੀ ਬਜਾਏ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਸਮਝਾਉਣ ਵਿਚ ਲੱਗੀ ਹੈ ਅਤੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਉਹ ਯਾਤਰੀ ਗੱਡੀਆਂ ਅਤੇ ਮਾਲ ਗੱਡੀਆਂ ਇਕੱਠੇ ਹੀ ਚਲਾਉਣਗੇ ਪਰ ਕਿਸਾਨਾਂ ਵੱਲੋਂ ਸਪੱਸ਼ਟ ਰੂਪ ਤੋਂ ਕੇਂਦਰ ਨੂੰ ਦੱਸਿਆ ਗਿਆ ਹੈ ਕਿ ਕਿਸਾਨ ਪਹਿਲਾਂ ਮਾਲ ਗੱਡੀਆਂ ਚਲਾਉਣ ਦੀ ਇਜਾਜ਼ਤ ਦੇਣਗੇ ਅਤੇ ਉਸ ਤੋਂ ਬਾਅਦ ਯਾਤਰੀ ਗੱਡੀਆਂ ਦੇ ਬਾਰੇ ਵਿਚ ਸੋਚਿਆ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਅਤੇ ਕਿਸਾਨ ਸੰਗਠਨ ਖੇਤੀ ਕਾਨੂੰਨਾਂ ਨੂੰ ਲੈ ਕੇ ਆਹਮੋ-ਸਾਹਮਣੇ ਆ ਚੁੱਕੇ ਹਨ ਅਤੇ ਕਿਸਾਨ ਆਉਣ ਵਾਲੀ 26 ਨਵੰਬਰ ਨੂੰ ਵੱਡੀ ਗਿਣਤੀ ਵਿਚ ਆਪਣੇ ਪਰਿਵਾਰਾਂ ਦੇ ਨਾਲ ਦਿੱਲੀ ਕੂਚ ਕਰਨਗੇ। ਉਥੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਪੁਲਸ ਬਲ ਲਾਠੀਚਾਰਜ ਆਦਿ ਦਾ ਪ੍ਰਬੰਧ ਕੀਤਾ ਹੋਇਆ ਹੈ। ਉਥੇ ਉਨ੍ਹਾਂ ਕਿਹਾ ਕਿ ਯਾਤਰੀ ਗੱਡੀਆਂ ਚਲਾਉਣ ਲਈ ਕਿਸਾਨ ਸੰਗਠਨਾਂ ਵੱਲੋਂ ਆਉਣ ਵਾਲੀ 18 ਨਵੰਬਰ ਨੂੰ ਦਿੱਤੀ ਜਾਣ ਵਾਲੀ ਮੀਟਿੰਗ ਵਿਚ ਵਿਚਾਰ ਕੀਤਾ ਜਾਵੇਗਾ।