ਕਿਸਾਨਾਂ ਨੇ ਖੇਤੀਬਾੜੀ ਮੰਤਰੀ ਦੇ ਪੁਤਲੇ ਫੂਕੇ
Monday, Jun 11, 2018 - 07:10 AM (IST)
ਰਾਮਪੁਰਾ ਫੂਲ, (ਤਰਸੇਮ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਰਾਸ਼ਟਰੀ ਮਹਾਸੰਗ ਦੇ ਸੱਦੇ 'ਤੇ ਅੱਜ ਕਚਹਿਰੀ ਫੂਲ ਅੱਗੇ ਕੇਂਦਰੀ ਖੇਤੀਬਾੜੀ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਇਕੱਤਰ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਜੋ ਕਿ ਕਿਸਾਨਾਂ ਵਿਰੁੱਧ ਗਲਤ ਕਿਸਮ ਦੀ ਬਿਆਨਬਾਜ਼ੀ ਕਰ ਰਹੇ ਹਨ। ਉਹ ਕਿਸਾਨਾਂ ਲਈ ਕੋਈ ਵੀ ਠੋਸ ਨੀਤੀ ਨਹੀਂ ਬਣਾ ਰਹੇ ਜਿਵੇਂ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਨਾ ਕਰਨਾ ਜੋ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ ਉਨ੍ਹਾਂ ਨੂੰ ਨਿਪੁੰਸਕ ਤੱਕ ਕਹਿ ਕੇ ਕਿਸਾਨਾਂ ਦਾ ਸ਼ੋਸ਼ਣ ਕਰ ਰਹੇ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਦੇ ਪ੍ਰਧਾਨ ਅਰਜਨ ਸਿੰਘ ਫੂਲ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਨਾ ਕੀਤਾ ਗਿਆ ਤਾਂ ਕਿਸਾਨਾਂ ਨੂੰ ਲਾਮਬੰਦ ਕਰ ਕੇ ਇਕ ਬਹੁਤ ਵੱਡਾ ਅੰਦੋਲਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੋ ਸਰਕਾਰ ਨੇ ਝੋਨਾ ਲਾਉਣ ਦੀ ਮਿਤੀ 20 ਜੂਨ ਮਿਥੀ ਗਈ ਹੈ ਪਰ ਜੋ ਪੂਸਾ 44 ਕਿਸਮਾਂ ਹਨ ਸਮੇਂ ਸਿਰ ਨਹੀਂ ਪੱਕਦੀਆਂ ਤੇ ਵੇਚਣ ਸਮੇਂ ਇਸ ਵਿਚ ਨਮੀ ਦੀ ਮਾਤਰਾ ਮੌਜੂਦ ਰਹਿੰਦੀ ਹੈ, ਜਿਸ ਕਾਰਨ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਸਮੇਂ ਸਿਰ ਨਹੀਂ ਖਰੀਦੀ ਜਾਂਦੀ ਤੇ ਕਿਸਾਨਾਂ ਨੂੰ 15-15 ਦਿਨ ਅਨਾਜ ਮੰਡੀਆਂ 'ਚ ਰੁਲਣਾ ਪੈਂਦਾ ਹੈ। ਇਸ ਕਰ ਕੇ ਸਰਕਾਰ ਝੋਨੇ ਦੀ ਬੀਜਾਈ ਦੇ ਸਮੇਂ 'ਚ ਵੀ ਤਬਦੀਲੀ ਕਰੇ, ਨਹੀਂ ਤਾਂ ਕਿਸਾਨਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਪ੍ਰਧਾਨ ਹਰਨੇਕ ਸਿੰਘ, ਖਜ਼ਾਨਚੀ ਸੁਖਦੇਵ ਸਿੰਘ, ਜਰਨੈਲ ਸਿੰਘ ਧਿੰਗੜ, ਹਰਦੇਵ ਰਾਮ ਬੁਰਜ, ਸੇਵਕ ਸਿੰਘ ਬੁਰਜ, ਖੁਸ਼ੀ ਰਾਮ ਬੁਰਜ ਤੇ ਜੋਗਿੰਦਰ ਸਿੰਘ ਫੂਲ ਆਦਿ ਮੌਜੂਦ ਸਨ।
ਸੰਗਤ ਮੰਡੀ, (ਮਨਜੀਤ)- ਸਥਾਨਕ ਮੰਡੀ ਸਥਿਤ ਬੱਸ ਅੱਡੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਪਿਛਲੇ ਦਿਨੀ ਕੇਂਦਰੀ ਮੰਤਰੀ ਰਾਧਾ ਮੋਹਨ ਸਿੰਘ ਵੱਲੋਂ ਕਿਸਾਨਾਂ ਦੀ ਦੇਸ਼ ਵਿਆਪੀ ਪਿੰਡ ਬੰਦ ਦੀ ਦਿੱਤੀ ਕਾਲ ਦੌਰਾਨ ਗਲਤ ਬਿਆਨਬਾਜ਼ੀ ਕਰਨ ਦੇ ਰੋਸ 'ਚ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਬਲਾਕ ਸਕੱਤਰ ਜਸਵੀਰ ਸਿੰਘ ਨੰਦਗੜ੍ਹ ਨੇ ਕਿਹਾ ਕਿ ਕਿਸਾਨਾਂ ਵੱਲੋਂ ਇਕ ਜੂਨ ਤੋਂ 10 ਜੂਨ ਤੱਕ ਪਿੰਡ ਬੰਦ ਦੀ ਦਿੱਤੀ ਕਾਲ ਦੌਰਾਨ ਕੇਂਦਰੀ ਮੰਤਰੀ ਰਾਧਾ ਮੋਹਨ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਕਿਸਾਨ ਭਾਰਤ ਬੰਦ ਸਿਰਫ਼ ਸੁਰਖੀਆਂ 'ਚ ਰਹਿਣ ਲਈ ਕਰਦੇ ਹਨ। ਉਨ੍ਹਾਂ ਦੇ ਇਸ ਬਿਆਨ ਨਾਲ ਸਮੁੱਚੀਆਂ ਜਥੇਬੰਦੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਧਰਨੇ ਦੌਰਾਨ ਕੇਂਦਰੀ ਖ਼ੇਤੀਬਾੜੀ ਮੰਤਰੀ ਵੱਲੋਂ ਡਾ. ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ ਲਈ ਮੰਗ ਮੰਨ ਲਈ ਸੀ ਪਰ ਹੁਣ ਜਾਣ-ਬੁੱਝ ਕੇ ਰਿਪੋਰਟ ਨੂੰ ਲਾਗੂ ਕਰਨ 'ਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਮੁੱਚੇ ਕਿਸਾਨ ਇਕਮੁੱਠ ਹਨ ਤੇ ਉਹ ਕਿਸਾਨੀ ਮੁੱਦਿਆਂ 'ਤੇ ਸਰਕਾਰਾਂ ਵਿਰੁੱਧ ਲੜਾਈ ਲੜਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਜੰਟਾ ਸਿੰਘ ਸੇਖੂ, ਠਾਣਾ ਸਿੰਘ ਬੰਬੀਹਾ, ਮਲਕੀਤ ਸਿੰਘ ਗੁਰਥੜੀ, ਭਾਗ ਸਿੰਘ ਸੰਗਤ, ਗੁਰਦੀਪ ਸਿੰਘ, ਸੁਖਬੀਰ ਸਿੰਘ ਚੱਕ ਹੀਰਾ ਸਿੰਘ ਵਾਲਾ, ਗੇਜਾ ਸਿੰਘ ਜੰਗੀਰਾਣਾ, ਹਰੀਪਾਲ ਸਿੰਘ, ਠਾਣਾ ਸਿੰਘ ਬੰਬੀਹਾ ਅਤੇ ਗੁਰਦੀਪ ਸਿੰਘ ਸੰਗਤ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਮੌਜੂਦ ਸਨ।
ਗੋਨਿਆਣਾ, (ਗੋਰਾ ਲਾਲ)- ਰਾਸ਼ਟਰੀ ਕਿਸਾਨ ਮਹਾਸੰਘ ਦੇ 1 ਜੂਨ ਤੋਂ 10 ਜੂਨ ਤੱਕ ਦੇਸ਼ ਵਿਆਪੀ ਪਿੰਡ ਬੰਦ ਦੇ ਸੱਦੇ ਤਹਿਤ ਦੇਸ਼ ਦੇ ਕੇਂਦਰੀ ਖੇਤੀਬਾੜੀ ਮੰਤਰੀ ਰਾਧੇ ਮੋਹਨ ਨੇ ਕਿਸਾਨਾਂ ਪ੍ਰਤੀ ਭੱਦੀ ਅਤੇ ਮੰਦਭਾਗੀ ਸ਼ਬਦਾਵਲੀ ਭਰੇ ਬਿਆਨ ਮੀਡੀਆ ਵਿਚ ਦਿੱਤੇ ਗਏ ਸਨ, ਜਿਸ ਦੇ ਰੋਸ ਵਜੋਂ ਪ੍ਰੋਗਰਾਮ ਤਹਿਤ ਅੱਜ ਭਾਰਤ ਕਿਸਾਨ ਯੂਨੀਅਨ ਸਿੱਧੂਪਰ ਬਲਾਕ ਬਠਿੰਡਾ ਵੱਲੋਂ ਗੋਨਿਆਣਾ ਮੰਡੀ ਦੇ ਬੱਸ ਸਟੈਂਡ 'ਚ ਕੇਂਦਰੀ ਖੇਤੀਬਾੜੀ ਮੰਤਰੀ ਦਾ ਪੁਤਲਾ ਜ਼ਿਲਾ ਜਨਰਲ ਸਕੱਤਰ ਸੁਖਦਰਸ਼ਨ ਸਿੰਘ ਖੇਮੂਆਣਾ ਦੀ ਅਗਵਾਈ ਵਿਚ ਫੂਕਿਆ ਗਿਆ। ਇਸ ਮੌਕੇ ਗੁਰਦੀਪ ਸਿੰਘ ਮਹਿਮਾ ਸਰਜਾ, ਕੁਲਵੰਤ ਸਿੰਘ ਨੇਹੀਆਂ ਵਾਲਾ ਨੇ ਕੇਂਦਰ ਸਰਕਾਰ ਵੱਲੋਂ ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ, ਸਮੁੱਚੇ ਕਿਸਾਨੀ ਕਰਜ਼ੇ ਨੂੰ ਮੁਆਫ਼ ਕਰਨ, ਹਰ ਖੇਤੀ ਉਤਪਾਦਨ ਦਾ ਘੱਟੋ-ਘੱਟ ਭਾਅ ਯਕੀਨੀ ਬਣਾਉਣ ਦੀ ਮੰਗ ਕੀਤੀ।
ਇਸ ਮੌਕੇ ਰੇਸ਼ਮ ਸਿੰਘ ਜੀਦਾ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਪਿੰਦਰ ਸਿੰਘ, ਬਲਦੇਵ ਸਿੰਘ ਖੇਮੂਆਣਾ, ਜਸਵੀਰ ਸਿੰਘ, ਕੁਲਵੰਤ ਸਿੰਘ, ਦਲਬੀਰ ਸਿੰਘ, ਉਪਕਾਰ ਸਿੰਘ, ਮਲਕੀਤ ਸਿੰਘ, ਮਨਦੀਪ ਸਿੰਘ, ਕੁਲਦੀਪ ਸਿੰਘ, ਗੁਰਤੇਜ ਸਿੰਘ ਖੇਮੁਆਣਾ ਸਮੇਤ ਯੂਨੀਅਨ ਦੇ ਅਨੇਕਾਂ ਕਿਸਾਨ ਹਾਜ਼ਰ ਸਨ।
