ਜੰਗਲਾਤ ਮਹਿਕਮੇ ਵੱਲੋਂ ਜ਼ਮੀਨਾਂ ਤੋਂ ਉਜਾੜੇ ਜਾ ਰਹੇ ਕਿਸਾਨਾਂ ਦੀ ਕੈਪਟਨ ਨੂੰ ਚਿਤਾਵਨੀ

Saturday, Jun 27, 2020 - 02:56 PM (IST)

ਜੰਗਲਾਤ ਮਹਿਕਮੇ ਵੱਲੋਂ ਜ਼ਮੀਨਾਂ ਤੋਂ ਉਜਾੜੇ ਜਾ ਰਹੇ ਕਿਸਾਨਾਂ ਦੀ ਕੈਪਟਨ ਨੂੰ ਚਿਤਾਵਨੀ

ਮਾਛੀਵਾੜਾ ਸਾਹਿਬ (ਟੱਕਰ) : ਜੰਗਲਾਤ ਮਹਿਕਮੇ ਵੱਲੋਂ ਮਾਛੀਵਾੜਾ ਨੇੜ੍ਹੇ ਸਤਲੁਜ ਦਰਿਆ ਦੇ ਆਸ-ਪਾਸ ਪਿੰਡ ਮੰਡ ਉਧੋਵਾਲ, ਮੰਡ ਝੜੌਦੀ, ਦੌਲਤਪੁਰ ਵਿਖੇ ਪਿਛਲੇ 50 ਸਾਲਾਂ ਤੋਂ ਜ਼ਮੀਨਾਂ ’ਤੇ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਉਜਾੜ ਕੇ ਉੱਥੇ ਕਬਜ਼ਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅੱਜ ਵੀ ਭਾਰੀ ਗਿਣਤੀ ’ਚ ਕਿਸਾਨਾਂ ਨੇ ਕਾਂਗਰਸ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਉਜਾੜਾ ਹੋਇਆ ਤਾਂ ਉਹ ਖੁਦਕੁਸ਼ੀਆਂ ਕਰਨ ਨੂੰ ਮਜ਼ਬੂਰ ਹੋਣਗੇ, ਜਿਸ ਲਈ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ।
 ਅੱਜ ਇਨ੍ਹਾਂ ਪਿੰਡਾਂ ਦੇ ਕਿਸਾਨ ਕਰਨੈਲ ਸਿੰਘ ਸਰਪੰਚ ਮੰਡ ਝੜੌਦੀ, ਪ੍ਰੇਮ ਸਿੰਘ, ਗੁਰਮੁਖ ਸਿੰਘ, ਗੁਰਨਾਮ ਸਿੰਘ, ਗੁਰਮੀਤ ਸਿੰਘ, ਜਰਨੈਲ ਸਿੰਘ, ਫੱਗਣ ਸਿੰਘ, ਮੱਖਣ ਸਿੰਘ, ਦਲੇਰ ਸਿੰਘ, ਕਾਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ 50 ਸਾਲ ਪਹਿਲਾਂ ਦਰਿਆ ਦੇ ਆਸ-ਪਾਸ ਬੰਜ਼ਰ ਪਈ ਇਹ ਜ਼ਮੀਨ ਵਾਹੀਯੋਗ ਬਣਾਈ, ਉਸ ਸਮੇਂ ਜੰਗਲਾਤ ਮਹਿਕਮਾ ਕਿੱਥੇ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਮੀਨਾਂ ’ਚ ਕਿਸਾਨ ਹੁਣ ਆਪਣੇ ਪਰਿਵਾਰਾਂ ਸਮੇਤ ਘਰ ਬਣਾ ਖੇਤੀ ਕਰ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੇ ਹਨ ਪਰ ਹੁਣ ਸਰਕਾਰ ਉਨ੍ਹਾਂ ਨੂੰ ਉਜਾੜਨ ਦੇ ਰਾਹ ਤੁਰ ਪਈ ਹੈ।
 ਕਈ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਜ਼ਮੀਨਾਂ ਦੇ ਕਾਸ਼ਤਕਾਰੀ ਹੱਕ ਹਨ, ਫਿਰ ਵੀ ਧੱਕੇਸ਼ਾਹੀ ਕਰਦਿਆਂ ਖੇਤਾਂ ’ਚ ਬੀਜਿਆ ਝੋਨਾ ਵਾਹਿਆ ਜਾ ਰਿਹਾ ਹੈ, ਕੰਡਿਆਲੀ ਤਾਰ ਲਗਾ ਕੇ ਆਪਣੇ ਖੇਤਾਂ ’ਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਮਹਿਕਮੇ ਵਲੋਂ ਕਬਜ਼ਾ ਕਰਨ ਤੋਂ ਪਹਿਲਾਂ ਨਾ ਉਨ੍ਹਾਂ ਨੂੰ ਕੋਈ ਨੋਟਿਸ ਭੇਜਿਆ ਅਤੇ ਨਾ ਹੀ ਨਿਸ਼ਾਨਦੇਹੀ ਕੀਤੀ ਗਈ ਉਪਰੋਂ ਜੇ ਕੋਈ ਕਿਸਾਨ ਵਿਰੋਧ ਕਰਦਾ ਹੈ ਤਾਂ ਉਸ ਨੂੰ ਮਹਿਕਮੇ ਦੀ ਪੁਲਸ ਭਜਾ ਦਿੰਦੀ ਹੈ ਜਿਸ ਕਾਰਨ ਉਨ੍ਹਾਂ ਦੇ ਖੇਤ ’ਚ ਬੀਜੀ ਫਸਲ ਪਾਣੀ ਤੋਂ ਬਿਨ੍ਹਾਂ ਸੁੱਕ ਰਹੀ ਹੈ। ਕਈ ਥਾਵਾਂ ’ਤੇ ਜੰਗਲਾਤ ਮਹਿਕਮੇ ਵੱਲੋਂ ਕਿਸਾਨਾਂ ਨੂੰ ਖੇਤਾਂ ’ਚੋਂ ਬਾਹਰ ਕੱਢ ਜ਼ਮੀਨ ਵਾਹ ਕੇ ਪੌਦੇ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਲੋਕਾਂ ਨੇ ਰੋਹ ’ਚ ਕੈਪਟਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਜੰਗਲਾਤ ਮਹਿਕਮੇ ਨੇ ਉਨ੍ਹਾਂ ਦਾ ਉਜਾੜਾ ਨਾ ਰੋਕਿਆ ਤਾਂ ਉਹ ਸੜਕਾਂ ’ਤੇ ਧਰਨੇ ਦੇਣ ਨੂੰ ਮਜ਼ਬੂਰ ਹੋ ਜਾਣਗੇ। ਕਿਸਾਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਉਨ੍ਹਾਂ ਤੋਂ ਜ਼ਮੀਨਾਂ ਦੇ ਵਾਜ਼ਿਬ ਕੀਮਤ ਲੈ ਕੇ ਮਾਲਕੀ ਹੱਕ ਦੇ ਦੇਵੇ, ਜਿਸ ਨਾਲ ਉਨ੍ਹਾਂ ਦਾ ਉਜਾੜਾ ਰੁਕ ਜਾਵੇਗਾ ਅਤੇ ਸਰਕਾਰ ਦਾ ਵੀ ਖ਼ਜਾਨਾ ਭਰੇਗਾ।

ਜੱਥੇ. ਉਮੈਦਪੁਰ ਤੇ ਖੀਰਨੀਆ ਪੀੜ੍ਹਤ ਕਿਸਾਨਾਂ ਦੇ ਹੱਕ ’ਚ ਆਏ

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁੱਖ ਸੇਵਾਦਾਰ ਜੱਥੇ. ਸੰਤਾ ਸਿੰਘ ਉਮੈਦਪੁਰ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ ਅੱਜ ਸਤਲੁਜ ਦਰਿਆ ਕਿਨਾਰੇ ਖੇਤੀ ਕਰਦੇ ਪੀੜ੍ਹਤ ਕਿਸਾਨਾਂ ਦੇ ਹੱਕ 'ਚ ਆਏ, ਜਿਨ੍ਹਾਂ ਕਿਹਾ ਕਿ ਕਿਸਾਨਾਂ ਦੇ ਉਜਾੜੇ ਦਾ ਮਾਮਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ 'ਚ ਲਿਆਂਦਾ ਗਿਆ ਹੈ ਅਤੇ ਜੇਕਰ ਕਾਂਗਰਸ ਸਰਕਾਰ ਨੇ ਉਜਾੜਾ ਬੰਦ ਨਾ ਕੀਤਾ ਤਾਂ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਦੌਰਾਨ ਸਰਕਾਰੀ ਜ਼ਮੀਨਾਂ ’ਤੇ ਖੇਤੀ ਕਰਦੇ ਕਿਸਾਨਾਂ ਨੂੰ ਮਾਲਕੀ ਹੱਕ ਦਿਵਾਏ, ਜਦਕਿ ਕਾਂਗਰਸ ਨੇ ਕਦੇ ਵੀ ਕਿਸਾਨ ਹਿੱਤ ਕੋਈ ਕਾਰਜ ਨਾ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਨ੍ਹਾਂ ਕਿਸਾਨਾਂ ਦਾ ਡੱਟ ਕੇ ਸਾਥ ਦੇਵੇਗਾ ਅਤੇ ਕਿਸੇ ਵੀ ਕੀਮਤ ’ਤੇ ਕਿਸਾਨਾਂ ਦਾ ਉਜਾੜਾ ਨਹੀਂ ਹੋਣ ਜਾਵੇਗਾ।

ਆਪਣੇ ਹੀ ਖੇਤਾਂ ’ਚ ਕਿਸਾਨਾਂ ਨੂੰ ਦਿਹਾੜੀ ਕਰਨ ਲਈ ਕਿਹਾ

ਜੰਗਲਾਤ ਮਹਿਕਮੇ ਵੱਲੋਂ ਜ਼ਮੀਨਾਂ ’ਤੇ ਕੰਡਿਆਲੀ ਤਾਰ ਲਗਾਉਣ ਤੋਂ ਬਾਅਦ ਅੱਖਾਂ ’ਚ ਹੰਝੂ ਭਰ ਮਾਯੂਸ ਹੋਈਆਂ ਬੀਬੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਆਪਣੀ ਮਾਲਕੀ ਦੀ ਕੋਈ ਜ਼ਮੀਨ ਨਹੀਂ ਹੈ ਅਤੇ ਜੇਕਰ ਸਰਕਾਰ ਨੇ ਉਜਾੜਾ ਕਰ ਦਿੱਤਾ ਤਾਂ ਉਹ ਆਪਣੇ ਪਰਿਵਾਰ ਨੂੰ ਲੈ ਕੇ ਕਿੱਥੇ ਜਾਣਗੇ। ਬੀਬੀਆਂ ਨੇ ਦੱਸਿਆ ਕਿ ਇਸ ਤੋਂ ਵੱਡੀ ਕੀ ਮਾਯੂਸੀ ਹੋ ਸਕਦੀ ਹੈ ਕਿ ਜੰਗਲਾਤ ਮਹਿਕਮਾ ਉਨ੍ਹਾਂ ਨੂੰ ਆਪਣੇ ਹੀ ਖੇਤਾਂ ’ਚ ਦਿਹਾੜੀ ਕਰਨ ਲਈ ਕਹਿ ਰਿਹਾ ਹੈ ਜਦੋਂ ਕਿ ਇਨ੍ਹਾਂ ਜ਼ਮੀਨਾਂ ਦੇ ਉਨ੍ਹਾਂ ਨੂੰ ਮਾਲਕੀ ਹੱਕ ਮਿਲਣੇ ਚਾਹੀਦੇ ਸਨ। 
 


author

Babita

Content Editor

Related News